ਮਹਿਲਾ ਰਾਖਵਾਂਕਰਨ ਬਿੱਲ ਦਾ ਕੀ ਮਤਲਬ ਜੇਕਰ ਤੁਰੰਤ ਲਾਗੂ ਨਹੀਂ ਕਰ ਸਕਦੇ: ਪ੍ਰਿਯੰਕਾ ਗਾਂਧੀ

(ਮੱਧ ਪ੍ਰਦੇਸ਼), 5 ਅਕਤੂਬਰ- ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਮਹਿਲਾਵਾਂ ਦਾ ਮਜ਼ਾਕ ਉਡਾ ਰਹੀ ਹੈ ਕਿਉਂਕਿ ਵਿਧਾਨ ਸਭਾਵਾਂ ਵਿੱਚ ਉਨ੍ਹਾਂ ਵਾਸਤੇ ਸੀਟਾਂ ਰਾਖਵੀਆਂ ਕਰਨ ਵਾਲਾ ਨਵਾਂ ਕਾਨੂੰਨ 10 ਸਾਲਾਂ ਤੱਕ ਲਾਗੂ ਨਹੀਂ ਕੀਤਾ ਜਾ ਸਕਦਾ ਹੈ। ਉਹ ਮੱਧ ਪ੍ਰਦੇਸ਼ ਵਿੱਚ ਧਾਰ ਜ਼ਿਲ੍ਹੇ ਦੇ ਮੋਹਨਖੇੜਾ ਵਿੱਚ ਅੱਜ ਇਕ ਰੈਲੀ ਨੂੰ ਸੰਬੋਧਨ ਕਰ ਰਹੀ ਸੀ। ਇਸ ਦੌਰਾਨ ਉਨ੍ਹਾਂ ਜਾਤੀ ਜਨਗਣਨਾ ਦਾ ਜ਼ਿਕਰ ਵੀ ਕੀਤਾ ਅਤੇ ਸੂਬੇ ਵਿੱਚ ਭ੍ਰਿਸ਼ਟਾਚਾਰ ਦੇ ਮੁੱਦੇ ’ਤੇ ਭਾਜਪਾ ਸਰਕਾਰ ਨੂੰ ਘੇਰਿਆ। ਪ੍ਰਿਯੰਕਾ ਗਾਂਧੀ ਨੇ ਕਿਹਾ, ‘‘ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਮਹਿਲਾ ਰਾਖਵਾਂਕਰਨ ਬਿੱਲ ਲੈ ਕੇ ਆਈ…ਅਸੀਂ ਸਾਰੀਆਂ ਵਿਰੋਧੀ ਪਾਰਟੀਆਂ ਨੇ ਵੀ ਇਸ ਦਾ ਸਮਰਥਨ ਕੀਤਾ। ਫਿਰ ਪਤਾ ਲੱਗਾ ਕਿ ਇਸ ਐਕਟ ਨੂੰ 10 ਸਾਲਾਂ ਤੱਕ ਲਾਗੂ ਹੀ ਨਹੀਂ ਕੀਤਾ ਜਾਵੇਗਾ, ਉਸ ਨਾਲੋਂ ਪਹਿਲਾਂ ਜਾਤੀ ਜਨਗਣਨਾ ਅਤੇ ਪੁਨਰ ਹੱਦਬੰਦੀ (ਲੋਕ ਸਭਾ ਹਲਕਿਆਂ ਦੀ) ਕਰਵਾਈ ਜਾਵੇਗੀ…ਤਾਂ ਫਿਰ ਇਸ ਐਲਾਨ ਦਾ ਕੀ ਮਤਲਬ ਸੀ? ਤੁਸੀਂ ਔਰਤਾਂ ਦਾ ਮਜ਼ਾਕ ਉਡਾ ਰਹੇ ਹੋ?’’ ਉਨ੍ਹਾਂ ਸਵਾਲ ਕੀਤਾ ਕਿ ਜੇਕਰ ਹਰੇਕ ਵਿਅਕਤੀ ਕੋਲ ਬਰਾਬਰ ਅਧਿਕਾਰ ਹਨ ਤਾਂ ਸਰਕਾਰ ਜਾਤੀ ਜਨਗਣਨਾ ਕਰਵਾਉਣ ਨੂੰ ਕਿਉਂ ਨਹੀਂ ਮੰਨ ਰਹੀ ਹੈ। ਉਨ੍ਹਾਂ ਕਿਹਾ, ‘‘ਬਿਹਾਰ ਵਿੱਚ ਜਾਤੀ ਜਨਗਣਨਾ ’ਚ ਸਾਹਮਣੇ ਆਇਆ ਹੈ ਕਿ ਕੁੱਲ ਆਬਾਦੀ ਦਾ 84 ਫੀਸਦ ਹਿੱਸਾ ਹੋਰ ਪੱਛੜੀਆਂ ਸ਼੍ਰੇਣੀਆਂ ਤੇ ਦਲਿਤ ਹਨ ਪਰ ਇਹ ਲੋਕ ਸਰਕਾਰੀ ਅਹੁਦਿਆਂ ’ਤੇ ਨਹੀਂ ਹਨ। ਇਸ ਬਾਰੇ ਜਦੋਂ ਉਨ੍ਹਾਂ (ਭਾਜਪਾ) ਕੋਲੋਂ ਪੁੱਛਿਆ ਜਾਂਦਾ ਹੈ ਤਾਂ ਉਹ ਚੁੱਪ ਹੋ ਜਾਂਦੇ ਹਨ।’’ ਉਨ੍ਹਾਂ ਕਿਹਾ ਕਿ ਜਦੋਂ ਚੋਣਾਂ ਆਉਂਦੀਆਂ ਹਨ ਤਾਂ ਮੋਦੀ ਜੀ ਹਰੇਕ ਦੂਜੇ ਦਨਿ ਸੂਬੇ ਦਾ ਦੌਰਾ ਕਰਦੇ ਹਨ ਤੇ ਵਿਕਾਸ ਪ੍ਰਾਜੈਕਟਾਂ ਦੇ ਉਦਘਾਟਨ ਕਰਦੇ ਹਨ। ਉਨ੍ਹਾਂ ਸਵਾਲ ਕੀਤਾ ਕਿ ਇਹ ਵਿਕਾਸ ਕਾਰਜ ਪਹਿਲਾਂ ਕਿਉਂ ਨਹੀਂ ਹੁੰਦੇ।

ਕਾਂਗਰਸ ਦੀ ਜਨਰਲ ਸਕੱਤਰ ਨੇ ਮੋਦੀ ਦੀ ਰੈਲੀ ’ਤੇ ਵਰ੍ਹਦਿਆਂ ਕਿਹਾ ਕਿ ਸੂਬੇ ਵਿੱਚ ਹਾਲ ਹੀ ’ਚ ਦਿੱਤੇ ਆਪਣੇ 50 ਮਿੰਟ ਦੇ ਭਾਸ਼ਣ ਵਿੱਚ ਪ੍ਰਧਾਨ ਮੰਤਰੀ ਨੇ 50 ਵਾਰ ਕਾਂਗਰਸ ਦਾ ਜ਼ਿਕਰ ਕੀਤਾ ਜਦਕਿ ਉਨ੍ਹਾਂ ਨੂੰ ਵਿਕਾਸ ਬਾਰੇ ਗੱਲ ਕਰਨੀ ਚਾਹੀਦੀ ਸੀ।

ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਭਾਜਪਾ ਜਾਤੀ ਤੇ ਧਰਮ ਦੇ ਆਧਾਰ ’ਤੇ ਭਾਵਨਾਵਾਂ ਨਾਲ ਖੇਡਦੀ ਹੈ ਅਤੇ ਲੋਕਾਂ ਨੂੰ ਅਜਿਹੇ ਆਗੂਆਂ ਦੀਆਂ ਗੱਲਾਂ ਵਿੱਚ ਨਹੀਂ ਆਉਣਾ ਚਾਹੀਦਾ ਹੈ। 

Add a Comment

Your email address will not be published. Required fields are marked *