ਪੁਲਸ ਵੱਲੋਂ 20 ਸਾਲ ਪਹਿਲਾਂ ਮਰ ਚੁੱਕਿਆ ਫ਼ੌਜੀ ਗ੍ਰਿਫ਼ਤਾਰ

ਨਵੀਂ ਦਿੱਲੀ : ਦਿੱਲੀ ਪੁਲਸ ਦੀ ਕ੍ਰਾਈਮ ਬ੍ਰਾਂਚ ਨੇ ਇਕ 60 ਸਾਲਾ ਸਾਬਕਾ ਜਲ ਸੈਨਾ ਕਰਮਚਾਰੀ ਨੂੰ ਇਕ ਕਰੀਬੀ ਰਿਸ਼ਤੇਦਾਰ ਦਾ ਕਤਲ ਕਰਨ ਅਤੇ ਦੋ ਮਜ਼ਦੂਰਾਂ ਨੂੰ ਸਾੜਨ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਬਲੇਸ਼ ਕੁਮਾਰ 20 ਸਾਲਾਂ ਤੋਂ ਆਪਣੀ ਮੌਤ ਦੀ ਝੂਠੀ ਸੂਚਨਾ ਫੈਲਾ ਕੇ ਫਰਜ਼ੀ ਪਛਾਣ ਦੇ ਅਧੀਨ ਰਹਿ ਰਿਹਾ ਸੀ। ਪੁਲਸ ਨੇ ਦੱਸਿਆ ਕਿ ਕੁਮਾਰ ਨੂੰ ਨਜਫਗੜ੍ਹ ਦੇ ਇਕ ਘਰ ਤੋਂ ਗ੍ਰਿਫ਼ਤਾਰ ਕੀਤਾ ਗਿਆ, ਜਿੱਥੇ ਉਹ ਆਪਣਾ ਨਾਂ ਬਦਲ ਕੇ ਅਮਨ ਸਿੰਘ ਰੱਖ ਕੇ ਆਪਣੇ ਪਰਿਵਾਰ ਨਾਲ ਰਹਿ ਰਿਹਾ ਸੀ। 

ਪੁਲਸ ਨੇ ਦੱਸਿਆ ਕਿ ਬਲੇਸ਼ ਦੀ ਉਮਰ 40 ਸਾਲ ਸੀ ਜਦੋਂ ਉਸ ਨੇ 2004 ਵਿਚ ਦਿੱਲੀ ਦੇ ਬਵਾਨਾ ਇਲਾਕੇ ਵਿਚ ਆਪਣੇ ਕਰੀਬੀ ਰਿਸ਼ਤੇਦਾਰ ਰਾਜੇਸ਼ ਉਰਫ਼ ਖੁਸ਼ੀਰਾਮ ਦਾ ਕਤਲ ਕਰ ਦਿੱਤਾ ਸੀ। ਉਸ ਦੇ ਰਾਜੇਸ਼ ਦੀ ਪਤਨੀ ਨਾਲ ਵੀ ਕਥਿਤ ਤੌਰ ‘ਤੇ ਨਾਜਾਇਜ਼ ਸਬੰਧ ਸਨ। ਪੁਲਸ ਨੇ ਬਲੇਸ਼ ਦੇ ਭਰਾ ਸੁੰਦਰ ਲਾਲ ਨੂੰ 2004 ਵਿਚ ਗ੍ਰਿਫ਼ਤਾਰ ਕੀਤਾ ਸੀ। ਉਹ ਰਾਜੇਸ਼ ਦੇ ਕਤਲ ਵਿਚ ਵੀ ਸ਼ਾਮਲ ਸੀ। ਪਰ ਬਲੇਸ਼ ਪੁਲਸ ਨੂੰ ਚਕਮਾ ਦੇ ਕੇ ਭੱਜਣ ਵਿਚ ਕਾਮਯਾਬ ਹੋ ਗਿਆ ਸੀ। ਵਿਸ਼ੇਸ਼ ਪੁਲਸ ਕਮਿਸ਼ਨਰ (ਅਪਰਾਧ) ਰਵਿੰਦਰ ਯਾਦਵ ਦੇ ਅਨੁਸਾਰ, ਬਲੇਸ਼ ਉਸ ਸਮੇਂ ਟਰਾਂਸਪੋਰਟ ਦਾ ਕਾਰੋਬਾਰ ਕਰਦਾ ਸੀ। ਉਹ ਟਰੱਕ ‘ਤੇ ਰਾਜਸਥਾਨ ਭੱਜ ਗਿਆ ਸੀ। ਉੱਥੇ ਉਸ ਨੇ ਟਰੱਕ ਨੂੰ ਅੱਗ ਲਗਾ ਦਿੱਤੀ ਅਤੇ ਉਸ ਦੇ ਦੋ ਮਜ਼ਦੂਰਾਂ ਨੂੰ ਸਾੜ ਦਿੱਤਾ। ਉਨ੍ਹਾਂ ਕਿਹਾ ਕਿ ਰਾਜਸਥਾਨ ਪੁਲਸ ਨੇ ਘਟਨਾ ਦੇ ਮੁੱਖ ਸ਼ੱਕੀ (ਬਲੇਸ਼) ਦੀ ਮੌਤ ਨੂੰ ਦੇਖਦੇ ਹੋਏ ਮਾਮਲਾ ਬੰਦ ਕਰ ਦਿੱਤਾ ਸੀ। 

ਇਸ ਤੋਂ ਬਾਅਦ ਬਲੇਸ਼ ਨੇ ਆਪਣੇ ਪਰਿਵਾਰਕ ਮੈਂਬਰਾਂ ਦੀ ਮਦਦ ਨਾਲ ਜਾਅਲੀ ਪਛਾਣ ਪੱਤਰ ਹਾਸਲ ਕਰ ਲਿਆ ਅਤੇ ਆਪਣਾ ਨਾਂ ਬਦਲ ਕੇ ਅਮਨ ਸਿੰਘ ਰੱਖ ਲਿਆ। ਪੁਲਸ ਦੇ ਡਿਪਟੀ ਕਮਿਸ਼ਨਰ (ਅਪਰਾਧ) ਅੰਕਿਤ ਕੁਮਾਰ ਨੇ ਕਿਹਾ, “ਉਹ ਆਪਣੀ ਪਤਨੀ ਦੇ ਸੰਪਰਕ ਵਿਚ ਰਿਹਾ ਅਤੇ ਆਪਣੀ ਬੀਮਾ ਰਾਸ਼ੀ ਅਤੇ ਪੈਨਸ਼ਨ ਜਲ ਸੈਨਾ ਤੋਂ ਟ੍ਰਾਂਸਫਰ ਕਰਵਾਉਣ ਵਿਚ ਕਾਮਯਾਬ ਰਿਹਾ। ਘਟਨਾ ਵਿਚ ਸ਼ਾਮਲ ਟਰੱਕ ਉਸ ਦੇ ਇਕ ਹੋਰ ਭਰਾ ਮਹਿੰਦਰ ਸਿੰਘ ਦੇ ਨਾਂ ‘ਤੇ ਰਜਿਸਟਰਡ ਸੀ, ਜਿਸ ਨੇ ਉਸ ਨੂੰ ਬੀਮਾ ਕਲੇਮ ਕਰਨ ਦੀ ਇਜਾਜ਼ਤ ਦਿੱਤੀ ਸੀ। ਉਸ ਨੇ (ਬਲੇਸ਼) ਨੇ ਆਪਣੀ ਪਤਨੀ ਦੇ ਖਾਤੇ ਵਿਚ ਟਰੱਕ ਦੀ ਬੀਮਾ ਰਾਸ਼ੀ ਪਾ ਦਿੱਤੀ।” ਇਸ ਤੋਂ ਬਾਅਦ ਬਲੇਸ਼, ਜੋ ਕਿ ਮੂਲ ਰੂਪ ਵਿਚ ਹਰਿਆਣਾ ਦੇ ਪਾਣੀਪਤ ਦਾ ਰਹਿਣ ਵਾਲਾ ਸੀ, ਆਪਣੇ ਪਰਿਵਾਰ ਨਾਲ ਦਿੱਲੀ ਦੇ ਨਜਫਗੜ੍ਹ ਚਲਾ ਗਿਆ ਅਤੇ ਉਸ ਨਾਲ ਰਹਿਣ ਲੱਗ ਪਿਆ। ਕੁਮਾਰ ਨੇ ਕਿਹਾ, ”ਸੂਚਨਾ ਦੇ ਆਧਾਰ ‘ਤੇ ਅਸੀਂ ਸੋਮਵਾਰ ਨੂੰ ਉਸ ਦੇ ਘਰੋਂ ਉਸ ਨੂੰ ਫੜਨ ‘ਚ ਸਫਲ ਰਹੇ। ਪੁੱਛਗਿੱਛ ਦੌਰਾਨ ਉਸ ਨੇ ਬਿਹਾਰ ਦੇ ਰਹਿਣ ਵਾਲੇ ਆਪਣੇ ਰਿਸ਼ਤੇਦਾਰ ਅਤੇ ਦੋ ਮਜ਼ਦੂਰਾਂ ਦੇ ਕਤਲ ਵਿਚ ਸ਼ਾਮਲ ਹੋਣ ਦੀ ਗੱਲ ਕਬੂਲੀ ਹੈ। ਬਲੇਸ਼ ਇਸ ਸਮੇਂ ਪ੍ਰਾਪਰਟੀ ਡੀਲਰ ਦਾ ਕਾਰੋਬਾਰ ਕਰਦਾ ਸੀ।

Add a Comment

Your email address will not be published. Required fields are marked *