ਗੋਭੀ ਚੋਰੀ ਕਰਨ ਦੇ ਦੋਸ਼ ‘ਚ ਬਜ਼ੁਰਗ ਨੂੰ ਕੁੱਟ-ਕੁੱਟ ਉਤਾਰਿਆ ਮੌਤ ਦੇ ਘਾਟ

ਪਟਨਾ – ਬਿਹਾਰ ਦੇ ਮੋਤੀਹਾਰੀ ਜ਼ਿਲ੍ਹੇ ’ਚ ਇਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਇਥੇ ਗੋਭੀ ਚੋਰੀ ਕਰਨ ਦੇ ਦੋਸ਼ ’ਚ ਇਕ ਬਜ਼ੁਰਗ ਦਾ ਕੁੱਟ-ਕੁੱਟ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਰਘੂਨਾਥ ਪ੍ਰਸਾਦ (55) ਵਾਸੀ ਪਿੰਡ ਦੁਲਮਾ ਬਾਰਾਪਕੜ ਵਜੋਂ ਹੋਈ ਹੈ। ਇਹ ਘਟਨਾ ਮਧੁਬਨ ਥਾਣਾ ਖੇਤਰ ਦੇ ਦੁਲਮਾ ਪੰਚਾਇਤ ਦੇ ਬਰਾਪਾਕੜ ਪਿੰਡ ਦੀ ਹੈ। ਇਥੇ ਰਹਿਣ ਵਾਲੇ ਰਘੂਨਾਥ ਪ੍ਰਸਾਦ ਮੰਗਲਵਾਰ ਸਵੇਰੇ ਪਖਾਨਾ ਕਰਨ ਗਏ ਸਨ। ਉਥੋਂ ਪਰਤਦੇ ਸਮੇਂ ਗੁਆਂਢੀਆਂ ਨੇ ਉਨ੍ਹਾਂ ਦੇ ਹੱਥ ‘ਚ ਗੋਭੀ ਅਤੇ ਲੌਕੀ ਦੇਖੀ। ਇਸ ‘ਤੇ ਗੁਆਂਢੀ ਕਹਿਣ ਲੱਗੇ ਕਿ ਰਘੂਨਾਥ ਨੇ ਸਾਡੇ ਖੇਤ ‘ਚ ਲੱਘੀ ਗੋਭੀ ਅਤੇ ਲੌਕੀ ਤੋੜੀ ਹੈ। ਰਘੂਨਾਥ ‘ਤੇ ਚੋਰੀ ਕਰਨ ਦਾ ਦੋਸ਼ ਲਗਾਉਂਦੇ ਹੋਏ ਗੁਆਂਢੀਆਂ ਨੇ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। 

ਗੁਆਂਢੀਆਂ ਨੇ ਰਘੂਨਾਥ ਦੀ ਇੰਨੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਕਿ ਉਸਦੀ ਮੌਤ ਹੋ ਗਈ। ਘਟਨਾ ਤੋਂ ਬਾਅਦ ਸਾਰੇ ਦੋਸ਼ੀ ਫਰਾਰ ਹੋ ਗਏ। ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਕਤਲ ਦਾ ਦੋਸ਼ ਪਿੰਡ ਦੇ ਦਬੰਗਾਂ ‘ਤੇ ਲਗਾਇਆ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਅਤੇ ਗੁਆਂਢੀਆਂ ਵਿਚਾਲੇ ਜ਼ਮੀਨੀ ਵਿਵਾਦ ਚੱਲ ਰਿਹਾ ਸੀ। ਗੁਆਂਢੀਆਂ ਨੇ ਬਹਾਨਾ ਬਣਾ ਕੇ ਗੋਭੀ ਚੋਰੀ ਦਾ ਦੋਸ਼ ਲਗਾਇਆ ਅਤੇ ਰਘੂਨਾਥ ਦੀ ਕੁੱਟਮਾਰ ਕਰ ਦਿੱਤੀ ਜਿਸ ਕਾਰਨ ਉਸਦੀ ਮੌਤ ਹੋ ਗਈ। 

ਸੁਬੋਧ ਕੁਮਾਰ ਨੇ ਮਾਮਲੇ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਸੂਚਨਾ ਦਿੱਤੀ ਹੈ ਕਿ ਰਘੂਨਾਥ ਪ੍ਰਸਾਦ ਨੂੰ ਗੋਭੀ ਚੋਰੀ ਕਰਨ ਦੇ ਦੋਸ਼ ‘ਚ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਸੂਚਨਾ ਤੋਂ ਬਾਅਦ ਪੁਲਸ ਮੌਕੇ ‘ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਕਾਰਵਾਈ ਕਰ ਰਹੀ ਹੈ। ਥਾਣਾ ਮੁਖੀ ਨੇ ਦੱਸਿਆ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗੇਗਾ। ਘਟਨਾ ਤੋਂ ਬਾਅਦ ਪਿੰਡ ਵਿਚ ਸੋਗ ਦਾ ਮਾਹੌਲ ਹੈ। ਉਥੇ, ਪੁਲਸ ਦਾ ਕਹਿਣਾ ਹੈ ਕਿ ਕਤਲ ’ਚ ਸ਼ਾਮਲ ਮੁਲਜ਼ਮਾਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।

Add a Comment

Your email address will not be published. Required fields are marked *