ਗਾਜ਼ਾ ਦੇ ਹਸਪਤਾਲ ‘ਤੇ ਇਜ਼ਰਾਈਲ ਦਾ ਹਵਾਈ ਹਮਲਾ

ਹਮਾਸ-ਨਿਯੰਤਰਿਤ ਗਾਜ਼ਾ ਦੇ ਸਿਹਤ ਮੰਤਰਾਲੇ ਨੇ ਕਿਹਾ ਕਿ ਮੰਗਲਵਾਰ ਰਾਤ ਨੂੰ ਅਲ-ਅਹਲੀ ਹਸਪਤਾਲ ‘ਤੇ ਇਜ਼ਰਾਈਲੀ ਹਵਾਈ ਹਮਲੇ ਵਿੱਚ ਘੱਟੋ-ਘੱਟ 500 ਲੋਕ ਮਾਰੇ ਗਏ। ਇਸ ਹਸਪਤਾਲ ‘ਚ ਵੱਡੀ ਗਿਣਤੀ ‘ਚ ਜ਼ਖ਼ਮੀ ਅਤੇ ਪਨਾਹ ਲੈਣ ਵਾਲੇ ਲੋਕ ਰਹਿ ਰਹੇ ਸਨ। ਜੇਕਰ ਪੁਸ਼ਟੀ ਹੋ ਜਾਂਦੀ ਹੈ ਤਾਂ 2008 ਤੋਂ ਬਾਅਦ ਲੜੀਆਂ ਗਈਆਂ 5 ਜੰਗਾਂ ਵਿੱਚ ਇਹ ਸਭ ਤੋਂ ਘਾਤਕ ਇਜ਼ਰਾਈਲੀ ਹਵਾਈ ਹਮਲਾ ਹੋਵੇਗਾ। ਅਲ-ਅਹਲੀ ਹਸਪਤਾਲ ਦੀਆਂ ਤਸਵੀਰਾਂ ਵਿੱਚ ਹਸਪਤਾਲ ਦੇ ਹਾਲ ‘ਚ ਲੱਗੀ ਅੱਗ, ਟੁੱਟੇ ਹੋਏ ਸ਼ੀਸ਼ੇ ਅਤੇ ਲਾਸ਼ਾਂ ਪੂਰੇ ਖੇਤਰ ਵਿੱਚ ਖਿੱਲਰੀਆਂ ਦਿਖਾਈਆਂ ਦਿੱਤੀਆਂ। ਮੰਤਰਾਲੇ ਨੇ ਕਿਹਾ ਕਿ ਘੱਟੋ-ਘੱਟ 500 ਲੋਕ ਮਾਰੇ ਗਏ ਹਨ। ਹਾਲਾਂਕਿ, ਇਸ ਦੀ ਅਧਿਕਾਰਤ ਤੌਰ ‘ਤੇ ਪੁਸ਼ਟੀ ਨਹੀਂ ਹੋ ਸਕੀ ਹੈ। ਇਸ ਦੌਰਾਨ ਹਮਾਸ ਨੇ ਇਕ ਬਿਆਨ ਜਾਰੀ ਕਰਕੇ ਇਸ ਨੂੰ ਯੁੱਧ ਅਪਰਾਧ ਦੱਸਿਆ ਹੈ।

ਇਜ਼ਰਾਈਲ ਵੱਲੋਂ ਦੱਖਣੀ ਗਾਜ਼ਾ ਪੱਟੀ ਵਿੱਚ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਦੇ ਸਾਰੇ ਵਸਨੀਕਾਂ ਨੂੰ ਖਾਲੀ ਕਰਨ ਦਾ ਹੁਕਮ ਦਿੱਤੇ ਜਾਣ ਤੋਂ ਬਾਅਦ ਗਾਜ਼ਾ ਸ਼ਹਿਰ ਦੇ ਕਈ ਹਸਪਤਾਲ ਬੰਬਾਰੀ ਤੋਂ ਬਚਣ ਦੀ ਉਮੀਦ ਵਿੱਚ ਸੈਂਕੜੇ ਲੋਕਾਂ ਲਈ ਪਨਾਹਗਾਹ ਬਣ ਗਏ ਹਨ। ਇਜ਼ਰਾਈਲੀ ਫ਼ੌਜ ਦੇ ਬੁਲਾਰੇ ਰੀਅਰ ਐਡਮਿਰਲ ਡੇਨੀਅਲ ਹਗਾਰੀ ਨੇ ਕਿਹਾ ਕਿ ਹਸਪਤਾਲ ‘ਚ ਹੋਈਆਂ ਮੌਤਾਂ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਹੈ। ਗਾਜ਼ਾ ‘ਚ ਹਮਾਸ ਦੇ ਸਰਕਾਰੀ ਮੀਡੀਆ ਦਫ਼ਤਰ ਨੇ ਗਾਜ਼ਾ ਪੱਟੀ ਵਿੱਚ ਹਸਪਤਾਲ ‘ਤੇ ਹਮਲੇ ਨੂੰ ‘ਯੁੱਧ ਅਪਰਾਧ’ ਕਿਹਾ ਹੈ। ਇਕ ਬਿਆਨ ‘ਚ ਕਿਹਾ ਗਿਆ ਹੈ ਕਿ ਹਵਾਈ ਹਮਲਿਆਂ ਦੇ ਨਤੀਜੇ ਵਜੋਂ ਸੈਂਕੜੇ ਬਿਮਾਰ ਅਤੇ ਜ਼ਖ਼ਮੀ ਲੋਕ ਹਸਪਤਾਲਾਂ ਵਿੱਚ ਹਨ ਅਤੇ ਹੋਰ ਲੋਕਾਂ ਨੂੰ ਜ਼ਬਰਦਸਤੀ ਆਪਣੇ ਘਰਾਂ ਤੋਂ ਬੇਘਰ ਕਰ ਦਿੱਤਾ ਗਿਆ ਹੈ। ਬਿਆਨ ‘ਚ ਕਿਹਾ ਗਿਆ ਹੈ, ”ਸੈਂਕੜੇ ਪੀੜਤ ਅਜੇ ਵੀ ਮਲਬੇ ਹੇਠਾਂ ਦੱਬੇ ਹੋਏ ਹਨ।”

Add a Comment

Your email address will not be published. Required fields are marked *