ਮਹਾਰਾਸ਼ਟਰ ‘ਚ ਚੱਲਦੀ ਰੇਲਗੱਡੀ ਨੂੰ ਲੱਗੀ ਅੱਗ

ਮੁੰਬਈ : ਮਹਾਰਾਸ਼ਟਰ ਦੇ ਅਹਿਮਦਨਗਰ ਜ਼ਿਲ੍ਹੇ ਦੇ ਨਾਰਾਇੰਧੋ ਸਟੇਸ਼ਨ ਨੇੜੇ ਸੋਮਵਾਰ ਨੂੰ ਡੀਜ਼ਲ-ਇਲੈਕਟ੍ਰਿਕ ਮਲਟੀਪਲ ਯੂਨਿਟ (DEMU) ਯਾਤਰੀ ਰੇਲਗੱਡੀ ਦੇ ਪੰਜ ਡੱਬੇ ਬੁਰੀ ਤਰ੍ਹਾਂ ਨਾਲ ਸੜ ਗਏ। ਇਸ ਘਟਨਾ ਵਿਚ ਕਿਸੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ। ਰੇਲਵੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। 

ਕੇਂਦਰੀ ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ (ਸੀਪੀਆਰਓ) ਨੇ ਇੱਥੇ ਦੱਸਿਆ ਕਿ ਅੱਗ ਲੱਗਣ ਸਮੇਂ ਪ੍ਰਭਾਵਿਤ ਡੱਬਿਆਂ ਵਿਚ ਸਿਰਫ਼ 5 ਤੋਂ 10 ਯਾਤਰੀ ਸਨ ਅਤੇ ਉਹ ਸਾਰੇ ਤੁਰੰਤ ਹੇਠਾਂ ਉਤਰ ਗਏ ਅਤੇ ਸੁਰੱਖਿਅਤ ਬਚ ਗਏ। ਅਧਿਕਾਰੀਆਂ ਨੇ ਦੱਸਿਆ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਰੇਲਗੱਡੀ (ਨੰਬਰ 01402) ਬੀਡ ਜ਼ਿਲ੍ਹੇ ਦੇ ਅਸ਼ਟੀ ਸਟੇਸ਼ਨ ਤੋਂ ਪੱਛਮੀ ਮਹਾਰਾਸ਼ਟਰ ਦੇ ਅਹਿਮਦਨਗਰ ਵੱਲ ਜਾ ਰਹੀ ਸੀ। ਅੱਗ ਲੱਗਣ ਦੇ ਕਾਰਨਾਂ ਦਾ ਤੁਰੰਤ ਪਤਾ ਨਹੀਂ ਲੱਗ ਸਕਿਆ। ਕੇਂਦਰੀ ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ (ਸੀਪੀਆਰਓ) ਡਾਕਟਰ ਸ਼ਿਵਰਾਜ ਮਾਨਸਪੁਰੇ ਨੇ ਪੀਟੀਆਈ ਨੂੰ ਦੱਸਿਆ ਕਿ ਅੱਗ ਦੀ ਘਟਨਾ ਵਿਚ ਕੋਈ ਯਾਤਰੀ ਜ਼ਖਮੀ ਨਹੀਂ ਹੋਇਆ ਅਤੇ ਅੱਗ ਦੁਪਹਿਰ 3 ਵਜੇ ਦੇ ਕਰੀਬ ਲੱਗੀ। ਉਨ੍ਹਾਂ ਦੱਸਿਆ ਕਿ ਅੱਗ ਫੈਲਣ ਤੋਂ ਪਹਿਲਾਂ ਹੀ ਸਾਰੇ ਯਾਤਰੀਆਂ ਨੂੰ ਡੱਬਿਆਂ ਵਿੱਚੋਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਸੀਪੀਆਰਓ ਨੇ ਦੱਸਿਆ ਕਿ ਅੱਗ ਨੇ ਗਾਰਡ ਸਾਈਡ ਬ੍ਰੇਕ ਵੈਨ ਅਤੇ ਉਸ ਦੇ ਨਾਲ ਲੱਗਦੇ ਚਾਰ ਡੱਬਿਆਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। 

ਉਨ੍ਹਾਂ ਕਿਹਾ ਕਿ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਦਾ ਪਤਾ ਲੱਗਣ ‘ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਮਾਨਸਪੁਰੇ ਨੇ ਦੱਸਿਆ ਕਿ ਅਹਿਮਦਨਗਰ ਤੋਂ ਤੁਰੰਤ 9 ਫਾਇਰ ਟੈਂਡਰ ਬੁਲਾਏ ਗਏ ਅਤੇ ਸ਼ਾਮ ਕਰੀਬ 4.10 ਵਜੇ ਅੱਗ ਬੁਝਾਈ ਗਈ। ਉਨ੍ਹਾਂ ਕਿਹਾ ਕਿ ਪੁਣੇ ਜ਼ਿਲ੍ਹੇ ਦੇ ਦੌਂਦ ਸਟੇਸ਼ਨ ਤੋਂ ਇਕ ਦੁਰਘਟਨਾ ਰਾਹਤ ਰੇਲ (ਏ.ਆਰ.ਟੀ.) ਨੂੰ ਵੀ ਮੌਕੇ ‘ਤੇ ਭੇਜਿਆ ਗਿਆ ਸੀ।

Add a Comment

Your email address will not be published. Required fields are marked *