ਨੈਸ਼ਨਲ ਗੱਤਕਾ ਚੈਂਪੀਅਨਸ਼ਿੱਪ ‘ਚ ਮੋਤੀ ਨਗਰ ਦੇ 8 ਬੱਚੇ ਮੈਡਲ ਜਿੱਤੇ

ਨਵੀਂ ਦਿੱਲੀ- ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ ਵੱਲੋਂ ਤਾਲਕਟੋਰਾ ਸਟੇਡੀਅਮ ਦਿੱਲੀ ਵਿਖੇ ਬੀਤੇ ਦਿਨੀਂ ਕਰਵਾਈ ਗਈ ਗਿਆਰਵੀਂ ਨੈਸ਼ਨਲ ਗੱਤਕਾ ਚੈਂਪੀਅਨਸ਼ਿੱਪ ‘ਚ ਮੋਤੀ ਨਗਰ ਦੇ 8 ਬੱਚੇ ਮੈਡਲ ਜਿੱਤਣ ਵਿਚ ਕਾਮਯਾਬ ਰਹੇ ਹਨ। ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਮੋਤੀ ਨਗਰ ਵੱਲੋਂ ਚਲਾਏ ਜਾਂਦੇ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਹਿ ਸਿੰਘ ਅਖਾੜੇ ਦੇ ਉਸਤਾਦ ਜਗਪ੍ਰੀਤ ਸਿੰਘ ਦੀਆਂ ਅਨਥਕ ਕੋਸ਼ਿਸ਼ਾਂ ਨੂੰ ਇਨ੍ਹਾਂ ਬੱਚਿਆਂ ਨੇ 1 ਚਾਂਦੀ ਅਤੇ 7 ਕਾਂਸ਼ੀ ਦੇ ਮੈਡਲ ਜਿੱਤ ਕੇ ਸਾਰਥਕ ਸਾਬਤ ਕਰ ਦਿੱਤਾ ਹੈ। ਇਸ ਵਿਚ ਵਧੀਆ ਗੱਲ ਇਹ ਹੈ ਕਿ 8 ਬੱਚਿਆਂ ਵਿਚ 3 ਕੁੜੀਆਂ ਵੀ ਸ਼ਾਮਲ ਹਨ। ਨੈਸ਼ਨਲ ਲੈਵਲ ਉਤੇ ਖੇਡਣ ਗਏ ਆਪਣੇ 9 ਬੱਚਿਆਂ ਵਿਚੋਂ 8 ਬੱਚਿਆਂ ਵੱਲੋਂ ਤਮਗੇ ਜਿੱਤਣ ਉਤੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਮੋਤੀ ਨਗਰ ਦੇ ਪ੍ਰਧਾਨ ਰਵਿੰਦਰ ਸਿੰਘ ਬਿੱਟੂ ਅਤੇ ਜਨਰਲ ਸਕੱਤਰ ਰਾਜਾ ਸਿੰਘ ਨੇ ਖੁਸ਼ੀ ਪ੍ਰਗਟਾਈ ਹੈਂ।

ਦੋਵੇਂ ਆਗੂਆਂ ਦਾ ਕਹਿਣਾ ਹੈ ਕਿ ਇਨ੍ਹਾਂ ਬੱਚਿਆਂ ਤੋਂ ਹੋਰ ਬੱਚੇ ਵੀ ਅੱਗੇ ਪ੍ਰੇਰਨਾ ਲੈਣਗੇ। ਕਿਉਂਕਿ ਦਿੱਲੀ ਲੈਵਲ ਦੀਆਂ ਟੀਮਾਂ ਵਿਚਾਲੇ ਕੜੇ ਮੁਕਾਬਲੇ ਤੋਂ ਬਾਅਦ ਮੋਤੀ ਨਗਰ ਦੇ 9 ਬੱਚੇ ਨੈਸ਼ਨਲ ਲੈਵਲ ਉਤੇ ਖੇਡਣ ਲਈ ਚੁਣੇ ਗਏ ਸਨ। ਇਨ੍ਹਾਂ ਬੱਚਿਆਂ ਦੀ ਹੁਨਰ ਤਰਾਸੀ ਕਰਨ ਵਾਲੇ ਉਸਤਾਦ ਜਗਪ੍ਰੀਤ ਸਿੰਘ ਦੀ ਲਗਨ ਅਤੇ ਮਿਹਨਤ ਸਦਕਾ ਇਹ ਬੱਚੇ ਕਾਮਯਾਬ ਹੋਏ ਹਨ। ਹੁਣ ਸਾਡਾ ਅਗਲਾ ਨਿਸ਼ਾਨਾ ਓਲੰਪਿਕ ਖੇਡਾਂ ਵਿਚ ਗੱਤਕੇ ਦੀ ਸ਼ਮੂਲੀਅਤ ਤੋਂ ਬਾਅਦ ਮੋਤੀ ਨਗਰ ਦੇ ਬੱਚਿਆਂ ਵੱਲੋਂ ਉਥੇ ਤਮਗੇ ਜਿੱਤਣ ਉਤੇ ਲਗਿਆ ਹੋਇਆ ਹੈ। ਇਸੇ ਕਰਕੇ ਹਰ ਪ੍ਰਕਾਰ ਦੀ ਸਹੂਲਤਾਂ ਬੱਚਿਆਂ ਨੂੰ ਉਪਲੱਬਧ ਕਰਵਾਉਣ ਪ੍ਰਤੀ ਅਸੀਂ ਵਚਨਬੱਧ ਹਾਂ, ਤਾਂਕਿ ਮੋਤੀ ਨਗਰ ਦਾ ਨਾਮ ਗੱਤਕੇ ਦੀ ਨਰਸਰੀ ਵਜੋਂ ਚਮਕ ਸਕੇ।

Add a Comment

Your email address will not be published. Required fields are marked *