ਨਿਊਯਾਰਕ ਸਿਟੀ ਦੀ ਕੌਂਸਲ ਮੈਂਬਰ ਇਨਾ ਵਰਨੀਕੋਵ ਪਿਸਤੌਲ ਰੱਖਣ ਦੇ ਦੋਸ਼ ‘ਚ ਗ੍ਰਿਫ਼ਤਾਰ

ਨਿਊਯਾਰਕ : ਬਰੁਕਲਿਨ ਨਿਊਯਾਰਕ ਤੋਂ ਰਿਪਬਲਿਕਨ ਪਾਰਟੀ ਦੀ ਇਨਾ ਵਰਨੀਕੋਵ ਨੂੰ ਬੰਦੂਕ ਸੁਰੱਖਿਆ ਕਾਨੂੰਨ ਦੀ ਉਲੰਘਣਾ ਕਰਦਿਆਂ ਉੱਥੇ ਇਕ ਕਾਲਜ ਦੇ ਵਿਰੋਧ ਪ੍ਰਦਰਸ਼ਨ ਲਈ ਖੁੱਲ੍ਹੇ ਤੌਰ ‘ਤੇ ਪਿਸਤੌਲ ਲਿਜਾਣ ਤੋਂ ਬਾਅਦ ਅਸਲਾ ਰੱਖਣ ਦਾ ਅਪਰਾਧਿਕ ਦੋਸ਼ ਲਗਾਇਆ ਗਿਆ ਹੈ। ਨਿਊਯਾਰਕ ਸਿਟੀ ਪੁਲਸ ਵਿਭਾਗ ਦੇ ਬੁਲਾਰੇ ਨੇ ਇਹ ਪੁਸ਼ਟੀ ਕੀਤੀ ਹੈ ਕਿ ਨਿਊਯਾਰਕ ਸਿਟੀ ਕੌਂਸਲ ਦੀ ਮੈਂਬਰ ਇਨਾ ਵਰਨੀਕੋਵ ਨੂੰ ਬੀਤੇ ਦਿਨ ਸਵੇਰੇ ਬਰੁਕਲਿਨ ਕਾਲਜ ਦੇ ਬਾਹਰ ਫਿਲਸਤੀਨ ਪੱਖੀ ਰੈਲੀ ਦਾ ਵਿਰੋਧ ਕਰਨ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਸ ‘ਤੇ ਹਥਿਆਰ ਰੱਖਣ ਦਾ ਦੋਸ਼ ਲਗਾਇਆ ਗਿਆ।

ਇਸ ਵਿਰੋਧ ਪ੍ਰਦਰਸ਼ਨ ‘ਚ ਲਈਆਂ ਗਈਆਂ ਫੋਟੋਆਂ ਅਤੇ ਵੀਡੀਓਜ਼ ‘ਚ ਵਰਨੀਕੋਵ (ਰਿਪਬਲਿਕਨ) ਜਿਸ ਨੂੰ ਹਾਲ ਹੀ ‘ਚ ਇਕ ਗੁਪਤ ਕੈਰੀ ਲਾਇਸੈਂਸ ਮਿਲਿਆ ਹੈ, ਨੇ ਸਪੱਸ਼ਟ ਤੌਰ ‘ਤੇ ਆਪਣੀ ਕਮਰ ‘ਤੇ ਇਕ ਪਿਸਤੌਲ ਪਾਇਆ ਹੋਇਆ ਹੈ। ਜਿਵੇਂ ਕਿ ਸਿਟੀ ਐਂਡ ਸਟੇਟ ਨੇ ਪਹਿਲਾਂ ਰਿਪੋਰਟ ਕੀਤੀ ਸੀ ਕਿ ਪਿਛਲੇ ਸਾਲ ਪਾਸ ਕੀਤੇ ਗਏ ਨਿਊਯਾਰਕ ਰਾਜ ਦੇ ਇਕ ਕਾਨੂੰਨ ਨੇ ਵਿਰੋਧ ਪ੍ਰਦਰਸ਼ਨਾਂ ਅਤੇ ਰੈਲੀਆਂ ਵਿੱਚ ਹਥਿਆਰ ਰੱਖਣ ‘ਤੇ ਪਾਬੰਦੀ ਲਗਾਈ ਹੋਈ ਹੈ। ਇੱਥੋਂ ਤੱਕ ਕਿ ਭਾਵੇਂ ਇਕ ਗੁਪਤ ਕੈਰੀ ਪਰਮਿਟ ਦੇ ਨਾਲ ਵੀ। ਬੁਲਾਰੇ ਦੇ ਅਨੁਸਾਰ ਵਰਨੀਕੋਵ ਨੇ ਵੀਰਵਾਰ ਰਾਤ ਲਗਭਗ 2:50 ਵਜੇ ਆਪਣੇ-ਆਪ ਨੂੰ ਬਰੁਕਲਿਨ ਨਿਊਯਾਰਕ ਵਿੱਚ 70ਵੇਂ ਪ੍ਰਿਸਿੰਕਟ ਵਿੱਚ ਭੇਜ ਦਿੱਤਾ ਅਤੇ ਬਾਅਦ ਵਿੱਚ ਉਸ ਨੂੰ ਛੱਡ ਦਿੱਤਾ ਗਿਆ।

ਘਟਨਾ ਤੋਂ ਬਾਅਦ ਕੌਂਸਲ ਮੈਂਬਰ ਦੀਆਂ ਫੋਟੋਆਂ ਸੋਸ਼ਲ ਮੀਡੀਆ ‘ਤੇ ਘੁੰਮਣੀਆਂ ਸ਼ੁਰੂ ਹੋ ਗਈਆਂ ਤੇ ਹਥਿਆਰਾਂ ਦੀ ਮੌਜੂਦਗੀ ਨੂੰ ਲੈ ਕੇ ਰੌਲਾ ਪੈਂਦਾ ਰਿਹਾ। ਵਰਨੀਕੋਵ ਨੂੰ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਗਵਰਨਰ ਕੈਥੀ ਹੋਚੁਲ ਨੇ ਸੋਸ਼ਲ ਮੀਡੀਆ ‘ਤੇ ਲਿਖਿਆ, “ਨਿਊਯਾਰਕ ਦੇ ਬੰਦੂਕ ਸੁਰੱਖਿਆ ਕਾਨੂੰਨ ਹਰ ਕਿਸੇ ‘ਤੇ ਲਾਗੂ ਹੁੰਦੇ ਹਨ। ਸਿਟੀ ਕੌਂਸਲ ਦੀ ਸਪੀਕਰ ਐਡਰੀਨ ਐਡਮਜ਼ ਨੇ ਘੋਸ਼ਣਾ ਕੀਤੀ ਕਿ ਉਸ ਨੇ ਇਸ ਮਾਮਲੇ ਨੂੰ ਕੌਂਸਲ ਦੀ ਨੈਤਿਕਤਾ ਕਮੇਟੀ ਕੋਲ ਭੇਜ ਦਿੱਤਾ ਹੈ ਅਤੇ ਕਿਹਾ ਕਿ ਇਹ ਅਸਵੀਕਾਰਨਯੋਗ ਅਤੇ ਗੈਰ-ਕਾਨੂੰਨੀ ਹੈ ਕਿ ਕਿਸੇ ਨਾਗਰਿਕ ਲਈ ਕਦੇ ਵੀ ਰੈਲੀ ਜਾਂ ਵਿਰੋਧ ਪ੍ਰਦਰਸ਼ਨ ਲਈ ਹਥਿਆਰ ਲੈ ਕੇ ਆਉਣਾ ਅਤੇ ਖਾਸ ਤੌਰ ‘ਤੇ ਚੁਣੇ ਹੋਏ ਅਧਿਕਾਰੀਆਂ ਲਈ ਕਾਨੂੰਨ ਦੇ ਆਦਰ ਦਾ ਇਕ ਨਮੂਨਾ ਬਣਾਉਣਾ ਬਹੁਤ ਮਹੱਤਵਪੂਰਨ ਹੈ, ਜਿਸ ਦੀ ਸਾਰੇ ਨਿਊਯਾਰਕ ਵਾਸੀਆਂ ਤੋਂ ਉਮੀਦ ਕੀਤੀ ਜਾਂਦੀ ਹੈ।” ਉਸ ਨੇ ਇਕ ਬਿਆਨ ਵਿੱਚ ਕਿਹਾ, “ਇਹ ਨਿਊਯਾਰਕ ਪੁਲਸ ਡਿਪਾਰਟਮੈਂਟ ਅਤੇ ਬਰੁਕਲਿਨ ਡਿਸਟ੍ਰਿਕਟ ਅਟਾਰਨੀ ਦੀ ਜ਼ਿੰਮੇਵਾਰੀ ਹੈ ਕਿ ਉਹ ਅਪਰਾਧਿਕ ਮਾਮਲੇ ਵਿੱਚ ਕਾਨੂੰਨ ਨੂੰ ਲਾਗੂ ਕਰੇ ਅਤੇ ਕੌਂਸਲ ਉਸ ਪ੍ਰਕਿਰਿਆ ਦਾ ਆਦਰ ਕਰੇਗੀ।”

Add a Comment

Your email address will not be published. Required fields are marked *