ਕੰਮ ਤੋਂ ਕੱਢੇ 60 ਪੰਜਾਬੀਆਂ ਦੇ ਵਿਸ਼ਾਲ ਰੋਸ ਮੁਜ਼ਾਹਰੇ ਨੂੰ ਮਿਲਿਆ ਸਮਰਥਨ

ਰੋਮ/ਇਟਲੀ: ਕਰੇਮੋਨਾ ਜ਼ਿਲ੍ਹੇ ਦੇ ਕਸਬਾ ਵੇਸਕੋਵਾਤੋ ਵਿਖੇ ਸਥਿਤ ਪ੍ਰੋਸੈਸ ਮੀਟ ਦੀ ਫੈਕਟਰੀ ਵਿੱਚੋਂ ਕੱਢੇ ਗਏ 60 ਪੰਜਾਬੀ ਕਾਮੇ, ਜੋ ਕਿ ਪਿਛਲੀ 16 ਅਕਤੂਬਰ ਤੋਂ ਧਰਨੇ ‘ਤੇ ਬੈਠੇ ਹੋਏ ਹਨ, ਫਿਲਹਾਲ ਨਿਰੰਤਰ ਜਾਰੀ ਹੈ। ਕਿਉਂਕਿ ਉਹ ਪਿਛਲੇ 15-20 ਸਾਲਾਂ ਤੋਂ ਫੈਕਟਰੀ ਵਿੱਚ ਕੰਮ ਕਰ ਰਹੇ ਸਨ ਅਤੇ ਉਹਨਾਂ ਨੂੰ ਅਚਾਨਕ ਹੀ ਕੰਮ ਤੋਂ ਜਵਾਬ ਦੇ ਦਿੱਤਾ ਗਿਆ ਸੀ। ਉਹਨਾਂ ਦੀ ਸੰਸਥਾ ਯੂਐਸਬੀ ਉਹਨਾਂ ਵੱਲੋਂ ਕਾਨੂੰਨੀ ਚਾਰਾਜੋਈ ਵੀ ਕਰ ਰਹੀ ਹੈ। 

ਬੀਤੇ ਕੱਲ੍ਹ ਇਹਨਾਂ ਵੀਰਾਂ ਵੱਲੋਂ ਕਰੇਮੋਨਾ ਸ਼ਹਿਰ ਵਿਖੇ ਇੱਕ ਵਿਸ਼ਾਲ ਮੁਜ਼ਹਾਰਾ ਕਰਨ ਦਾ ਐਲਾਨ ਕੀਤਾ ਗਿਆ ਸੀ। ਜੋ ਕਿ ਬਹੁਤ ਹੀ ਸ਼ਾਂਤੀਪੂਰਨ ਤਰੀਕੇ ਨਾਲ ਕੱਢਿਆ ਗਿਆ। ਜਨਤਕ ਸੰਸਥਾ ਅਨੁਸਾਰ ਲੰਬਾਰਦੀਆਂ ਸੂਬੇ ਤੋਂ ਪੰਜਾਬੀ ਭਾਰਤੀ ਭਾਈਚਾਰੇ ਨੇ ਉਹਨਾਂ ਦਾ ਖੂਬ ਸਾਥ ਦਿੱਤਾ। ਇਸ ਤੋਂ ਇਲਾਵਾ ਲੰਬਾਰਦੀਆ ਸੂਬੇ ਦੇ ਯੂਐਸਬੀ ਦੇ ਮੈਂਬਰਾਂ ਨੇ ਵੀ ਉਹਨਾਂ ਦਾ ਭਰਪੂਰ ਸਾਥ ਦਿੱਤਾ। ਪੰਜਾਬੀ ਅਤੇ ਭਾਰਤੀ ਭਾਈਚਾਰੇ ਤੋਂ ਇਲਾਵਾ ਇਹਨਾਂ ਵੀਰਾਂ ਦੀਆਂ ਸੋਸ਼ਲ ਮੀਡੀਆ ਤੇ ਵੀਡੀਓ ਦੇਖ ਕੇ ਹੋਰਨਾਂ ਭਾਈਚਾਰਿਆਂ ਜਿਵੇਂ ਕਿ ਅਰਬ ਕੰਟਰੀ ਦੇ ਵੀਰ ਵੀ ਇਸ ਮੁਜ਼ਾਹਰੇ ਵਿੱਚ ਪਹੁੰਚੇ ਅਤੇ ਉਹਨਾਂ ਨੇ ਇਹਨਾਂ ਦੀ ਹੌਂਸਲਾ ਅਫਜਾਈ ਕੀਤੀ। ਇਹ ਵੀਰ ਜਿਵੇਂ ਪਿਛਲੇ 45 ਦਿਨਾਂ ਤੋਂ ਰੋਸ ਪ੍ਰਦਰਸ਼ਨ ਤੇ ਧਰਨਾ ਕਰ ਰਹੇ ਹਨ, ਇਹ ਅੱਜ ਕੱਲ੍ਹ ਦੇ ਸਮੇਂ ਵਿੱਚ ਬਹੁਤ ਵੱਡੀ ਗੱਲ ਹੈ ਕਿਉਂਕਿ 45 ਦਿਨਾਂ ਤੱਕ ਕੋਈ ਵੀ ਆਪਣੀ ਆਵਾਜ਼ ਨਹੀਂ ਉਠਾਉਂਦਾ ਜਦੋਂ ਕਿ ਤੁਸੀਂ ਇਥੇ ਧਰਨੇ ਦੌਰਾਨ ਆਪਣੇ ਮਜਬੂਤ ਹੋਣ ਸਬੂਤ ਦੇ ਰਹੇ ਹੋ, ਕਸਰਤ ਕਰ ਰਹੇ ਹੋ ਦੌੜ ਲਗਾ ਰਹੇ ਹੋ। 

ਅਰਬੀ ਭਾਈਚਾਰੇ ਦੇ ਵੀਰਾਂ ਨੇ ਇਸ ਗੱਲ ਦੀ ਬਹੁਤ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਆਪਣੇ ਹੱਕਾਂ ਲਈ ਆਵਾਜ਼ ਉਠਾਉਣਾ ਸਾਡਾ ਅਧਿਕਾਰ ਹੈ ਅਤੇ ਅਸੀ ਤੁਹਾਡਾ ਸਾਥ ਦੇਣ ਆਏ ਹਾਂ। ਇਸ ਵਿਸ਼ਾਲ ਪ੍ਰਦਰਸ਼ਨ ਦੌਰਾਨ ਪੰਜਾਬੀ ਭਾਈਚਾਰੇ ਅਤੇ ਯੂਐਸਬੀ ਸੰਸਥਾ ਵੱਲੋਂ ਪਹੁੰਚੇ ਵਕੀਲਾਂ ਅਤੇ ਮੁਖੀਆਂ ਨੇ ਮੁਜ਼ਾਹਰੇ ਵਿੱਚ ਪਹੁੰਚੇ ਲੋਕਾਂ ਨੂੰ ਮੁਖਾਤਿਬ ਹੁੰਦੇ ਹੋਏ ਉਹਨਾਂ ਦੇ ਹੱਕਾਂ ਲਈ ਜਾਗਰੂਕ ਹੋਣ ਦਾ ਹੋਕਾ ਦਿੱਤਾ। ਅੰਤ ਵਿੱਚ ਪੰਜਾਬੀ ਵੀਰਾਂ ਨੇ ਮੁਜ਼ਾਹਰੇ ਵਿੱਚ ਹਿੱਸਾ ਲੈਣ ਲਈ ਦੂਰੋ-ਨੇੜਿਓ ਪਹੁੰਚੇ ਸਾਰੇ ਭਾਈਚਾਰਿਆਂ ਦੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਕੀਤਾ ਅਤੇ ਸਭ ਨੂੰ ਹੀ ਆਪਣੀਆਂ ਹੱਕੀ ਮੰਗਾਂ ਲਈ ਖੜਨ ਦਾ ਸੱਦਾ ਦਿੱਤਾ। ਇਟਾਲੀਆਨ ਇੰਡੀਅਨ ਪ੍ਰੈੱਸ ਦਾ ਉਚੇਚੇ ਤੌਰ ‘ਤੇ ਧੰਨਵਾਦ ਕੀਤਾ ਗਿਆ ਜੋ ਕਿ ਉਹਨਾਂ ਦੀ ਆਵਾਜ਼ ਸਾਰੀ ਦੁਨੀਆ ਤੱਕ ਪਹੁੰਚਾ ਰਹੇ ਹਨ।ਉਹਨਾਂ ਨੇ ਕਿਹਾ ਕਿ ਉਹ ਉਮੀਦ ਕਰਦੇ ਹਨ ਕਿ ਇਸ ਰੋਸ ਮੁਜ਼ਾਹਰੇ ਨਾਲ ਉਹਨਾਂ ਦੀ ਆਵਾਜ਼ ਜਰੂਰ ਸਰਕਾਰ ਦੇ ਕੰਨਾਂ ਤੱਕ ਪਹੁੰਚੇਗੀ ਅਤੇ ਉਹਨਾਂ ਨੂੰ ਵਾਪਸ ਕੰਮਾਂ ‘ਤੇ ਬੁਲਾਇਆ ਜਾਵੇਗਾ।

Add a Comment

Your email address will not be published. Required fields are marked *