3 ਦਹਾਕਿਆਂ ਪਿਛੋਂ ਆਪਣੇ ਜੱਦੀ ਘਰ ਪਰਤੀ ਕਸ਼ਮੀਰੀ ਪੰਡਿਤ ਅਭਿਨੇਤਰੀ

ਜੰਮੂ/ਸ਼੍ਰੀਨਗਰ, – 30 ਸਾਲਾਂ ਬਾਅਦ ਕਸ਼ਮੀਰ ਵਾਦੀ ਵਿਚ ਸਥਿਤ ਆਪਣੇ ਜੱਦੀ ਘਰ ਪਰਤਣ ’ਤੇ ਮਸ਼ਹੂਰ ਕਸ਼ਮੀਰੀ ਪੰਡਿਤ ਅਭਿਨੇਤਰੀ ਸੰਦੀਪਾ ਧਰ ਰੋ ਪਈ। ਸੰਦੀਪਾ ਦਾ ਜਨਮ ਇਕ ਕਸ਼ਮੀਰੀ ਪੰਡਿਤ ਪਰਿਵਾਰ ਵਿਚ ਹੋਇਆ ਸੀ।

ਅਭਿਨੇਤਰੀ ਨੇ ਇੰਸਟਾਗ੍ਰਾਮ ’ਤੇ ਆਪਣੇ ਪੁਰਾਣੇ ਘਰ ਦੀ ਝਲਕ ਦਿਖਾਉਂਦੇ ਹੋਏ ਵੀਡੀਓ ਵੀ ਸ਼ੇਅਰ ਕੀਤੀ ਹੈ, ਜਿਸ ਵਿਚ ਆਪਣੀਆਂ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰਦੇ ਹੋਏ ਅਭਿਨੇਤਰੀ ਭਾਵੁਕ ਹੋ ਗਈ। ਲੱਖਾਂ ਕਸ਼ਮੀਰੀ ਪੰਡਿਤ ਪਰਿਵਾਰਾਂ ਸਮੇਤ ਸੰਦੀਪਾ ਦੇ ਪਰਿਵਾਰ ਨੂੰ ਵੀ 1990 ਦੇ ਦਹਾਕੇ ਵਿਚ ਆਪਣੀ ਮਾਤਭੂਮੀ ਤੋਂ ਰਾਤੋ-ਰਾਤ ਹਿਜਰਤ ਕਰਨ ਲਈ ਮਜਬੂਰ ਹੋਣਾ ਪਿਆ ਸੀ।

ਜ਼ਿਕਰਯੋਗ ਹੈ ਕਿ ਸੰਦੀਪਾ ਹਿੰਦੀ ਫਿਲਮਾਂ ਅਤੇ ਵੈੱਬ ਸੀਰੀਜ਼ ਵਿਚ ਨਜ਼ਰ ਆ ਚੁੱਕੀ ਹੈ। ਉਨ੍ਹਾਂ ਸਾਲ 2010 ਦੌਰਾਨ ਫਿਲਮ ‘ਇਸੀ ਲਾਈਫ ਮੇਂ’ ਨਾਲ ਅਦਾਕਾਰੀ ਦੀ ਸ਼ੁਰੂਆਤ ਕੀਤੀ ਸੀ ਅਤੇ ਉਨ੍ਹਾਂ ਨੂੰ ਸਰਵਸ੍ਰੇਸ਼ਠ ਮਹਿਲਾ ਡੈਬਿਊ ਲਈ ਫਿਲਮਫੇਅਰ ਐਵਾਰਡ, ਮੋਸਟ ਪ੍ਰਾਮਿਸਿੰਗ ਨਿਊਕਮਰ ਲਈ ਸਟਾਰ ਸਕ੍ਰੀਨ ਐਵਾਰਡ ਅਤੇ ਕਲ ਦੇ ਸੁਪਰਸਟਾਰ ਲਈ ਸਟਾਰਡਸਟ ਐਵਾਰਡ ਲਈ ਨਾਮਜ਼ਦ ਕੀਤਾ ਗਿਆ ਸੀ।

ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਸਾਂਝੀ ਵੀਡੀਓ ਵਿਚ ਉਹ ਇਕ ਦਰੱਖਤ ਤੋਂ ਤਾਜ਼ਾ ਸੇਬ ਤੋੜ ਕੇ ਖਾਂਦੀ ਨਜ਼ਰ ਆ ਰਹੀ ਹੈ ਜਿਥੇ ਉਨ੍ਹਾਂ ਆਪਣੇ ਘਰ ਦੇ ਵਿਹੜੇ ਵਿਚ ਲਾਏ ਸੇਬ ਦੇ ਹੋਰ ਵੀ ਦਰੱਖਤ ਦਿਖਾਏ। ਸੰਦੀਪਾ ਧਰ ਨੇ ਆਪਣੇ ਸੋਸ਼ਲ ਮੀਡੀਆ ’ਤੇ ਲਿਖਿਆ ਕਿ 30 ਸਾਲ ਪਹਿਲਾਂ ਉਨ੍ਹਾਂ ਦੇ ਪਰਿਵਾਰ ਨੂੰ ਰਾਤੋ-ਰਾਤ ਸ਼੍ਰੀਨਗਰ ਤੋਂ ਭੱਜਣ ਲਈ ਮਜਬੂਰ ਕੀਤਾ ਗਿਆ ਸੀ। ਉਨ੍ਹਾਂ ਲਿਖਿਆ ਕਿ ਉਹ ਜੋ ਕੁਝ ਵੀ ਲੈ ਸਕਦੇ ਸਨ, ਉਸ ਨੂੰ ਸਿਰਫ ਇਕ ਸੂਟਕੇਸ ਵਿਚ ਪੈਕ ਕੀਤਾ ਅਤੇ ਭੱਜ ਗਏ। ਹੁਣ 30 ਸਾਲਾਂ ਬਾਅਦ ਉਹ ਆਪਣੇ ਘਰ ਦੇ ਅਵਸ਼ੇਸ਼ਾਂ ’ਤੇ ਪਰਤ ਆਈ ਹੈ।

ਅਭਿਨੇਤਰੀ ਨੇ ਅੱਗੇ ਲਿਖਿਆ ਕਿ ਖਾਲੀ ਘਰ ਖੜ੍ਹਾ ਹੈ ਅਤੇ ਜੋ ਕੁਝ ਬਚਿਆ ਹੈ, ਉਹ ਲਗਭਗ 3 ਦਹਾਕੇ ਪਹਿਲਾਂ ਬਣਾਈਆਂ ਗਈਆਂ ਯਾਦਾਂ ਹਨ। ਇਸ ਤੋਂ ਇਲਾਵਾ ਆਪਣੀ ਪੋਸਟ ਦੇ ਅੰਤ ਵਿਚ ਉਨ੍ਹਾਂ ਭਾਵੁਕ ਹੋ ਕੇ ਲਿਖਿਆ, ‘ਇਸ ਵਾਰ ਸਾਨੂੰ ਭੱਜਣਾ ਨਹੀਂ ਪਵੇਗਾ, ਉਮੀਦ ਹੈ ਕਿ ਫਿਰ ਕਦੇ ਨਹੀਂ।’

ਕਸ਼ਮੀਰ ਵਾਦੀ ਵਿਚ ਅੱਤਵਾਦ ਦੀ ਸ਼ੁਰੂਆਤ ਹੋਣ ਦੇ ਨਾਲ ਹੀ ਕਸ਼ਮੀਰੀ ਪੰਡਿਤਾਂ ਦੇ ਵਾਦੀ ਦੇ ਵਿਸਥਾਪਨ ਦੀ ਤਰਸਯੋਗ ਤਸਵੀਰ ਪੇਸ਼ ਕਰਨ ਵਾਲੀ ਫਿਲਮ ‘ਦਿ ਕਸ਼ਮੀਰ ਫਾਈਲਜ਼’ ਦੀ ਰਿਲੀਜ਼ ਤੋਂ ਬਾਅਦ ਵੀ ਸੰਦੀਪਾ ਨੇ ਇਕ ਪੋਸਟ ਸ਼ੇਅਰ ਕੀਤੀ ਸੀ, ਜਿਸ ਵਿਚ ਉਨ੍ਹਾਂ ਫਿਲਮ ਦੇਖਣ ਤੋਂ ਬਾਅਦ ਆਪਣੇ ਪਰਿਵਾਰ ਦੀਆਂ ਪ੍ਰੇਸ਼ਾਨੀਆਂ ਦੀਆਂ ਯਾਦਾਂ ਤਾਜ਼ਾ ਹੋਣ ਦਾ ਜ਼ਿਕਰ ਕੀਤਾ ਸੀ।

ਇੰਸਟਾਗ੍ਰਾਮ ’ਤੇ ਕਸ਼ਮੀਰ ਸਥਿਤ ਆਪਣੇ ਘਰ ਦੀਆਂ ਤਸਵੀਰਾਂ ਨਾਲ ਇਕ ਲੰਬਾ ਨੋਟ ਸਾਂਝਾ ਕਰ ਕੇ ਉਨ੍ਹਾਂ ਲਿਖਿਆ ਸੀ, ਜਿਸ ਦਿਨ ਉਨ੍ਹਾਂ ਐਲਾਨ ਕੀਤਾ ਕਿ ਕਸ਼ਮੀਰੀ ਪੰਡਿਤਾਂ ਨੂੰ ਆਪਣੀਆਂ ਔਰਤਾਂ ਨੂੰ ਇਥੇ ਹੀ ਛੱਡ ਕੇ ਕਸ਼ਮੀਰ ਤੋਂ ਚਲੇ ਜਾਣਾ ਚਾਹੀਦਾ ਹੈ, ਮੇਰੇ ਪਰਿਵਾਰ ਨੇ ਆਪਣੀ ਮਾਤਭੂਮੀ ਤੋਂ ਭੱਜਣ ਦਾ ਫੈਸਲਾ ਕੀਤਾ। ਅੱਧੀ ਰਾਤ ਨੂੰ ਚੁੱਪਚਾਪ ਸੁਰੱਖਿਆ ਲਈ ਇਕ ਟਰੱਕ ਦੇ ਪਿੱਛੇ ਮੈਂ ਆਪਣੀ ਛੋਟੀ ਚਚੇਰੀ ਭੈਣ ਨਾਲ ਆਪਣੇ ਪਿਤਾ ਦੇ ਪੈਰਾਂ ਦੇ ਪਿੱਛੇ ਅਤੇ ਸੀਟ ਦੇ ਹੇਠਾਂ ਲੁਕੀ ਹੋਈ ਸੀ।

Add a Comment

Your email address will not be published. Required fields are marked *