ਤੂਫ਼ਾਨੀ ਸ਼ੁਰੂਆਤ ਲਈ ਤਿਆਰ ‘ਪਠਾਨ’, ਤੋੜਿਆਂ ‘ਕੇ. ਜੀ. ਐੱਫ. 2’ ਦਾ ਰਿਕਾਰਡ

ਮੁੰਬਈ – ਸ਼ਾਹਰੁਖ ਖ਼ਾਨ 4 ਸਾਲ ਤੋਂ ਜ਼ਿਆਦਾ ਸਮੇਂ ਬਾਅਦ ਸਿਨੇਮਾਘਰਾਂ ’ਚ ਹੀਰੋ ਦੀ ਭੂਮਿਕਾ ’ਚ ਨਜ਼ਰ ਆਉਣ ਲਈ ਤਿਆਰ ਹਨ। ਉਨ੍ਹਾਂ ਦੀ ਵਾਪਸੀ ਫ਼ਿਲਮ ‘ਪਠਾਨ’ 25 ਜਨਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫ਼ਿਲਮ ਦਾ ਪਹਿਲਾ ਟੀਜ਼ਰ ਨਵੰਬਰ ’ਚ ਆਇਆ ਸੀ, ਜਿਸ ’ਚ ਸ਼ਾਹਰੁਖ ਦੇ ਐਕਸ਼ਨ ਅੰਦਾਜ਼ ਨੂੰ ਦੇਖ ਕੇ ਲੋਕ ਦੀਵਾਨੇ ਹੋ ਗਏ ਸਨ। 10 ਜਨਵਰੀ ਨੂੰ ਫ਼ਿਲਮ ਦਾ ਟਰੇਲਰ ਆਇਆ, ਜਿਸ ’ਚ ਸ਼ਾਹਰੁਖ ਦੇ ਨਾਲ-ਨਾਲ ਦੀਪਿਕਾ ਪਾਦੁਕੋਣ ਤੇ ਜੌਨ ਅਬ੍ਰਾਹਮ ਦੇ ਜ਼ਬਰਦਸਤ ਐਕਸ਼ਨ ਅੰਦਾਜ਼ ਨੂੰ ਵੀ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

ਭਾਰਤ ’ਚ ‘ਪਠਾਨ’ ਦੀ ਐਡਵਾਂਸ ਬੁਕਿੰਗ ਅਜੇ ਸ਼ੁਰੂ ਨਹੀਂ ਹੋਈ ਹੈ ਪਰ ਵਿਦੇਸ਼ਾਂ ’ਚ ਫ਼ਿਲਮ ਦੀ ਸੀਮਤ ਬੁਕਿੰਗ ਜਾਰੀ ਹੈ ਤੇ ਬੁਕਿੰਗ ਦੇ ਅੰਕੜੇ ਇਹ ਸੰਕੇਤ ਦੇ ਰਹੇ ਹਨ ਕਿ ‘ਪਠਾਨ’ ਦੀ ਸ਼ੁਰੂਆਤ ਬਹੁਤ ਜ਼ੋਰਾਂ-ਸ਼ੋਰਾਂ ਨਾਲ ਹੋਣ ਵਾਲੀ ਹੈ। ਸ਼ਾਹਰੁਖ ਖ਼ਾਨ ਨੂੰ ਭਾਰਤੀ ਸਿਨੇਮਾ ਦਾ ਸਭ ਤੋਂ ਮਸ਼ਹੂਰ ਅੰਤਰਰਾਸ਼ਟਰੀ ਚਿਹਰਾ ਕਿਹਾ ਜਾਂਦਾ ਹੈ। ਵਿਦੇਸ਼ਾਂ ’ਚ ‘ਪਠਾਨ’ ਦੀ ਐਡਵਾਂਸ ਬੁਕਿੰਗ ਦੇ ਅੰਕੜਿਆਂ ਨੂੰ ਦੇਖ ਕੇ ਤੁਸੀਂ ਸਮਝ ਸਕਦੇ ਹੋ ਕਿ ਇਸ ਨੂੰ ਅਜਿਹਾ ਕਿਉਂ ਕਿਹਾ ਜਾਂਦਾ ਹੈ।

ਖ਼ਬਰਾਂ ਮੁਤਾਬਕ ਰਾਕਿੰਗ ਸਟਾਰ ਯਸ਼ ਦੀ ਫ਼ਿਲਮ ‘KGF ਚੈਪਟਰ 2’ ਨੇ ਜਰਮਨੀ ’ਚ 144 ਹਜ਼ਾਰ ਯੂਰੋ (1.2 ਕਰੋੜ ਰੁਪਏ) ਦਾ ਕਾਰੋਬਾਰ ਕੀਤਾ ਸੀ, ਜਦਕਿ ਪਿਛਲੇ ਸਾਲ ਦੀਆਂ ਸਭ ਤੋਂ ਵੱਡੀਆਂ ਫ਼ਿਲਮਾਂ ’ਚੋਂ ਇਕ ‘ਪੋਨੀਯਨ ਸੇਲਵਾਨ 1’ (ਪੀ. ਐੱਸ. 1) ਨੇ ਜਰਮਨੀ ‘ਚ 155 ਹਜ਼ਾਰ ਯੂਰੋ (ਕਰੀਬ 1.36 ਕਰੋੜ ਰੁਪਏ) ਦਾ ਕਾਰੋਬਾਰ ਕੀਤਾ ਸੀ। ‘ਪਠਾਨ’ ਦੀ ਐਡਵਾਂਸ ਬੁਕਿੰਗ ਦੀਆਂ ਖ਼ਬਰਾਂ ਦੱਸ ਰਹੀਆਂ ਹਨ ਕਿ ਸ਼ਾਹਰੁਖ ਦੀ ਫ਼ਿਲਮ ਜਰਮਨੀ ’ਚ ਐਡਵਾਂਸ ਬੁਕਿੰਗ ਤੋਂ ਹੀ 150 ਹਜ਼ਾਰ ਯੂਰੋ (1.32 ਕਰੋੜ ਰੁਪਏ) ਤੱਕ ਪਹੁੰਚ ਗਈ ਹੈ।

ਇਹ ਹਾਲਾਤ ਉਦੋਂ ਹਨ, ਜਦੋਂ ‘ਪਠਾਨ’ ਦੀ ਰਿਲੀਜ਼ ’ਚ ਅਜੇ 10 ਦਿਨ ਬਾਕੀ ਹਨ। ਯਾਨੀ ਕਿ ‘ਪਠਾਨ’ ਦੀ ਐਡਵਾਂਸ ਬੁਕਿੰਗ ਪਹਿਲਾਂ ਹੀ ਜਰਮਨੀ ’ਚ KGF 2 ਦੀ ਲਾਈਫਟਾਈਮ ਕਲੈਕਸ਼ਨ ਤੋਂ ਜ਼ਿਆਦਾ ਹੋ ਚੁੱਕੀ ਹੈ। ਸ਼ਾਹਰੁਖ ਦੀ ਫ਼ਿਲਮ ‘ਦਿਲਵਾਲੇ’ (2016) ਨੇ ਜਰਮਨੀ ’ਚ ਪਹਿਲੇ ਵੀਕੈਂਡ ’ਚ ਲਗਭਗ 143 ਹਜ਼ਾਰ ਯੂਰੋ (ਕਰੀਬ 1.25 ਕਰੋੜ ਰੁਪਏ) ਦਾ ਕਾਰੋਬਾਰ ਕੀਤਾ ਸੀ। ਯਾਨੀ ਕਿ ਜਰਮਨੀ ’ਚ ਸ਼ਾਹਰੁਖ ਆਪਣੇ ਹੀ ਪਿਛਲੇ ਰਿਕਾਰਡ ਤੋਂ ਕਾਫੀ ਅੱਗੇ ਨਿਕਲਣ ਜਾ ਰਹੇ ਹਨ।

Add a Comment

Your email address will not be published. Required fields are marked *