ਬ੍ਰਿਟੇਨ ‘ਚ ਇਕ ਔਰਤ ਨੂੰ ਅਗਵਾ ਕਰਨ ਦੇ ਦੋਸ਼ੀ ਤਿੰਨ ਭਾਰਤੀਆਂ ਨੂੰ ਹੋਈ ਜੇਲ੍ਹ

ਲੰਡਨ – ਪੂਰਬੀ ਇੰਗਲੈਂਡ ਦੇ ਲੈਸਟਰ ਸ਼ਹਿਰ ਵਿਚ ਇਕ ਔਰਤ ਨੂੰ ਅਗਵਾ ਕਰਨ ਦੇ ਮਾਮਲੇ ਵਿਚ ਭਾਰਤੀ ਮੂਲ ਦੇ ਤਿੰਨ ਨਾਗਰਿਕਾਂ ਨੂੰ 10 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ। ਦੋਸ਼ੀਆਂ ਨੇ ਔਰਤ ਨੂੰ ਜ਼ਬਰਦਸਤੀ ਆਪਣੀ ਕਾਰ ਵਿੱਚ ਬਿਠਾਇਆ ਸੀ ਅਤੇ ਉਸ ਨੂੰ 24 ਕਿਲੋਮੀਟਰ ਤੋਂ ਵੱਧ ਦੂਰੀ ਤੱਕ ਲੈ ਗਏ। ਲੈਸਟਰ ਪੁਲਸ ਅਨੁਸਾਰ ਅਜੈ ਡੋਪਲਾਪੁਡੀ (27), ਵਹਾਰ ਮਨਚਲਾ (24) ਅਤੇ ਰਾਣਾ ਯੇਲੰਬਾਈ (30) ਨੇ ਔਰਤ ‘ਤੇ ਉਸ ਸਮੇਂ ਹਮਲਾ ਕੀਤਾ, ਜਦੋਂ ਉਹ ਪਿਛਲੇ ਸਾਲ 15 ਜਨਵਰੀ ਨੂੰ ਲੈਸਟਰ ਸ਼ਹਿਰ ‘ਚ ਸੈਰ ਕਰਨ ਲਈ ਨਿਕਲੀ ਸੀ। 

ਪੁਲਸ ਮੁਤਾਬਕ ਔਰਤ ਟੈਕਸੀ ਸਮਝ ਕੇ ਉਹਨਾਂ ਦੀ ਕਾਰ ‘ਚ ਸਵਾਰ ਹੋ ਗਈ ਸੀ। ਪਿਛਲੇ ਹਫ਼ਤੇ ਸਜ਼ਾ ਦੇ ਸਬੰਧ ਵਿਚ ਸੁਣਵਾਈ ਤੋਂ ਬਾਅਦ ਲੈਸਟਰ ਪੁਲਸ ਦੇ ਜਾਂਚ ਅਧਿਕਾਰੀ ਜੇਮਾ ਫੌਕਸ ਨੇ ਕਿਹਾ, “ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਇਸ ਮਾਮਲੇ ਵਿੱਚ ਸ਼ਾਮਲ ਤਿੰਨੋਂ ਵਿਅਕਤੀ ਸ਼ਿਕਾਰੀ ਹਨ। ਉਹ ਆਪਣੀ ਜਿਨਸੀ ਇੱਛਾਵਾਂ ਦੀ ਪੂਰਤੀ ਲਈ ਇਕ ਔਰਤ ਦੀ ਭਾਲ ਵਿਚ ਉਸ ਰਾਤ ਸਿਟੀ ਸੈਂਟਰ ਵਿਚ ਘੁੰਮ ਰਹੇ ਸਨ।’

ਉਨ੍ਹਾਂ ਕਿਹਾ ਕਿ ਘਟਨਾ ਤੋਂ ਬਾਅਦ ਜਾਂਚ ਕੀਤੀ ਗਈ ਸੀਸੀਟੀਵੀ ਫੁਟੇਜ ਵਿਚ ਵਾਹਨ ਦੀ ਪਛਾਣ ਹੋਈ, ਜੋ ਲੈਸਟਰ ਦੇ ਵੈਸਟਕੋਟਸ ਇਲਾਕੇ ਵਿਚ ਰਹਿਣ ਵਾਲੇ ਇਕ ਵਿਅਕਤੀ ਦੇ ਨਾਮ ‘ਤੇ ਰਜਿਸਟਰ ਸੀ। ਪੁਲਸ ਅਧਿਕਾਰੀ ਉਸ ਪਤੇ ‘ਤੇ ਪਹੁੰਚੇ ਅਤੇ ਉਥੇ ਮੌਜੂਦ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ। ਕੇਸ ਦੀ ਸੁਣਵਾਈ ਤੋਂ ਬਾਅਦ ਡੋਪਲਪੁਡੀ, ਮਨਚਲਾ ਅਤੇ ਯੇਲੰਬਾਈ ਨੂੰ 11 ਸਤੰਬਰ ਨੂੰ ਅਗਵਾ ਕਰਨ ਦਾ ਦੋਸ਼ੀ ਠਹਿਰਾਇਆ ਗਿਆ ਸੀ ਅਤੇ ਪਿਛਲੇ ਸ਼ੁੱਕਰਵਾਰ ਨੂੰ 10-10 ਸਾਲ ਦੀ ਸਜ਼ਾ ਸੁਣਾਈ ਗਈ। ਦੋਸ਼ੀਆਂ ‘ਤੇ ਜਿਨਸੀ ਸ਼ੋਸ਼ਣ ਦੇ ਦੋਸ਼ ਵੀ ਲੱਗੇ ਸਨ ਪਰ ਜੱਜ ਨੇ ਇਸ ਸਬੰਧ ‘ਚ ਕੋਈ ਫ਼ੈਸਲਾ ਨਹੀਂ ਸੁਣਾਇਆ।        

Add a Comment

Your email address will not be published. Required fields are marked *