ਮਾਮੂਲੀ ਤਕਰਾਰ ਨੇ ਧਾਰਿਆ ਖ਼ੂਨੀ ਰੂਪ, ਕੈਨੇਡਾ ‘ਚ ਪੰਜਾਬੀ ਨੌਜਵਾਨ ‘ਤੇ ਲੱਗਾ ਕਤਲ ਦਾ ਦੋਸ਼

ਵੈਨਕੂਵਰ – ਕੈਨੇਡਾ ਦੇ ਸ਼ਹਿਰ ਵੈਨਕੂਵਰ ਵਿਚ ਗ੍ਰੈਨਵਿਲ ਅਤੇ ਪੇਂਡਰ ਸਟ੍ਰੀਟ ‘ਤੇ ਸਟਾਰਬਕਸ ਦੇ ਬਾਹਰ ਵਾਪਰੀ ਛੂਰੇਬਾਜ਼ੀ ਦੀ ਘਟਨਾ ਵਿਚ ਇਕ ਵਿਅਕਤੀ ਦੇ ਕਤਲ ਦੇ ਮਾਮਲੇ ਵਿਚ 32 ਸਾਲਾ ਪੰਜਾਬੀ ਨੌਜਵਾਨ ਇੰਦਰਦੀਪ ਸਿੰਘ ਗੋਸਲ ‘ਤੇ ਦੂਜੇ ਦਰਜੇ ਦੇ ਕਤਲ ਦਾ ਦੋਸ਼ ਲਗਾਇਆ ਗਿਆ ਹੈ। ਪੁਲਸ ਮੁਤਾਬਕ ਐਤਵਾਰ ਸ਼ਾਮ ਨੂੰ ਸ਼ਹਿਰ ਦੇ ਡਾਊਨਟਾਊਨ ਕੋਰ ਵਿਚ ਕਾਫੀ ਸ਼ਾਪ ਦੇ ਬਾਹਰ 2 ਵਿਅਕਤੀਆਂ ਵਿਚਾਲੇ ਹੋਏ ਮਾਮੂਲੀ ਝਗੜੇ ਦੇ ਬਾਅਦ ਛੂਰੇਬਾਜ਼ੀ ਦੀ ਘਟਨਾ ਵਾਪਰੀ। ਜਾਂਚਕਰਤਾਵਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਵਿਸ਼ਵਾਸ ਨਹੀਂ ਹੈ ਕਿ ਪੀੜਤ ਅਤੇ ਸ਼ੱਕੀ ਇੱਕ-ਦੂਜੇ ਨੂੰ ਜਾਣਦੇ ਸਨ ਪਰ ਚਾਕੂ ਮਾਰਨ ਦੇ ਕਾਰਨਾਂ ਦੇ ਵੇਰਵੇ ਅਜੇ ਵੀ ਜਾਂਚ ਅਧੀਨ ਹਨ।

ਪੁਲਸ ਨੇ ਇਕ ਬਿਆਨ ਵਿਚ ਕਿਹਾ ਕਿ ਇਲਾਕੇ ਵਿਚ ਗਸ਼ਤ ਕਰ ਰਿਹਾ ਇਕ ਕਾਂਸਟੇਬਲ ਚਾਕੂ ਮਾਰਨ ਦੇ ਕੁੱਝ ਪਲਾਂ ਬਾਅਦ ਮੌਕੇ ਪਹੁੰਚਿਆ ਅਤੇ ਸ਼ੱਕੀ ਨੂੰ ਮੌਕੇ ‘ਤੇ ਹੀ ਗ੍ਰਿਫ਼ਤਾਰ ਕਰ ਲਿਆ। ਹੋਰ ਅਧਿਕਾਰੀਆਂ ਨੇ ਪੀੜਤ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਦੀ ਪਛਾਣ 37 ਸਾਲਾ ਪਾਲ ਸਟੈਨਲੀ ਸਮਿੱਟ ਵਜੋਂ ਹੋਈ ਹੈ, ਪਰ ਹਸਪਤਾਲ ਲਿਜਾਣ ਤੋਂ ਬਾਅਦ ਉਸਦੀ ਮੌਤ ਹੋ ਗਈ। ਵੈਨਕੂਵਰ ਪੁਲਸ ਸਾਰਜੈਂਟ ਸਟੀਵ ਐਡੀਸਨ ਦਾ ਕਹਿਣਾ ਹੈ ਕਿ ਜਾਂਚਕਰਤਾ ਉਨ੍ਹਾਂ ਲੋਕਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਜੋ ਘਟਨਾ ਦੇ ਸਮੇਂ ਮੌਕੇ ‘ਤੇ ਮੌਜੂਦ ਸਨ।

Add a Comment

Your email address will not be published. Required fields are marked *