ਸੈਂਟਨਰ ਦੇ ਪੰਜੇ ‘ਚ ਫਸੀ ਨੀਦਰਲੈਂਡ ਦੀ ਟੀਮ, ਨਿਊਜ਼ੀਲੈਂਡ ਨੇ 99 ਦੌੜਾਂ ਨਾਲ ਜਿੱਤਿਆ ਮੁਕਾਬਲਾ

ਹੈਦਰਾਬਾਦ : ਬੱਲੇਬਾਜ਼ਾਂ ਦੇ ਕਮਾਲ ਤੋਂ ਬਾਅਦ ਮਿਸ਼ੇਲ ਸੈਂਟਨਰ ਦੀ ਫ਼ਿਰਕੀ ਦੇ ਜਾਦੂ ਦੀ ਬਦੌਲਤ ਨਿਊਜ਼ੀਲੈਂਡ ਨੇ ਸੋਮਵਾਰ ਨੂੰ ਇੱਥੇ ਆਈ.ਸੀ.ਸੀ. ਕ੍ਰਿਕਟ ਵਿਸ਼ਵ ਕੱਪ ਵਿਚ ਨੀਦਰਲੈਂਡ ਨੂੰ 99 ਦੌੜਾਂ ਨਾਲ ਹਰਾ ਕੇ ਲਗਾਤਾਰ ਦੂਜੀ ਜਿੱਤ ਦਰਜ ਕੀਤੀ। ਨਿਊਜ਼ੀਲੈਂਡ ਦੇ 323 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਨੀਦਰਲੈਂਡ ਦੀ ਟੀਮ 46.3 ਓਵਰਾਂ ‘ਚ 223 ਦੌੜਾਂ ‘ਤੇ ਆਲ ਆਊਟ ਹੋ ਗਈ। ਨੀਦਰਲੈਂਡ ਲਈ ਸਿਰਫ ਕੋਲਿਨ ਐਕਰਮੈਨ (68) ਹੀ ਸਫਲ ਬੱਲੇਬਾਜ਼ੀ ਕਰ ਸਕੇ। ਉਸ ਤੋਂ ਇਲਾਵਾ ਸਿਰਫ਼ ਕਪਤਾਨ ਸਕਾਟ ਐਡਵਰਡਸ ਹੀ 30 ਦੌੜਾਂ ਦਾ ਅੰਕੜਾ ਛੂਹ ਸਕਿਆ। ਨਿਊਜ਼ੀਲੈਂਡ ਲਈ ਸੈਂਟਨਰ ਸਭ ਤੋਂ ਸਫਲ ਗੇਂਦਬਾਜ਼ ਰਿਹਾ, ਜਿਸ ਨੇ 59 ਦੌੜਾਂ ਦੇ ਕੇ ਪੰਜ ਵਿਕਟਾਂ ਲਈਆਂ। ਮੈਟ ਹੈਨਰੀ ਨੇ ਵੀ ਉਸ ਦਾ ਚੰਗਾ ਸਾਥ ਦਿੱਤਾ ਅਤੇ 40 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ। 

ਨਿਊਜ਼ੀਲੈਂਡ ਨੇ ਸਲਾਮੀ ਬੱਲੇਬਾਜ਼ ਵਿਲ ਯੰਗ, ਕਪਤਾਨ ਟਾਮ ਲੈਥਮ ਅਤੇ ਰਚਿਨ ਰਵਿੰਦਰਾ ਦੇ ਅਰਧ ਸੈਂਕੜਿਆਂ ਦੀ ਮਦਦ ਨਾਲ ਸੱਤ ਵਿਕਟਾਂ ‘ਤੇ 322 ਦੌੜਾਂ ਬਣਾਈਆਂ। ਟੀਮ ਨੇ ਯੰਗ (80 ਗੇਂਦਾਂ ਵਿਚ 70 ਦੌੜਾਂ) ਅਤੇ ਰਵਿੰਦਰਾ (51 ਗੇਂਦਾਂ ਵਿਚ 51 ਦੌੜਾਂ) ਵਿਚਾਲੇ ਦੂਜੇ ਵਿਕਟ ਲਈ 77 ਦੌੜਾਂ ਦੀ ਸਾਂਝੇਦਾਰੀ ਨਾਲ ਚੰਗਾ ਮੰਚ ਕਾਇਮ ਕੀਤਾ। ਕਪਤਾਨ ਲੈਥਮ ਨੇ 46 ਗੇਂਦਾਂ ਵਿਚ 53 ਦੌੜਾਂ ਦੀ ਪਾਰੀ ਖੇਡ ਕੇ ਟੀਮ ਦੇ ਸਕੋਰ ਨੂੰ 300 ਦੌੜਾਂ ਤੋਂ ਪਾਰ ਲਿਜਾਣ ਵਿਚ ਅਹਿਮ ਭੂਮਿਕਾ ਨਿਭਾਈ। 

ਟੀਚੇ ਦਾ ਪਿੱਛਾ ਕਰਦੇ ਹੋਏ, ਨੀਦਰਲੈਂਡ ਨੇ ਨਿਯਮਤ ਅੰਤਰਾਲਾਂ ‘ਤੇ ਵਿਕਟਾਂ ਗੁਆ ਦਿੱਤੀਆਂ ਅਤੇ ਟੀਮ ਕਦੇ ਵੀ ਟੀਚੇ ਦੇ ਨੇੜੇ ਨਹੀਂ ਪਹੁੰਚੀ। ਟੀਮ ਨੇ 67 ਦੌੜਾਂ ‘ਤੇ 3 ਵਿਕਟਾਂ ਗੁਆ ਦਿੱਤੀਆਂ ਸੀ। ਕਰਮੈਨ ਅਤੇ ਤੇਜਾ ਨਿਦਾਮਨੁਰੂ ਨੇ ਚੌਥੇ ਵਿਕਟ ਲਈ 50 ਦੌੜਾਂ ਜੋੜ ਕੇ ਪਾਰੀ ਨੂੰ ਸੰਭਾਲਿਆ। ਤੇਜਾ ਦੇ ਰਨ ਆਊਟ ਹੋਣ ਕਾਰਨ ਇਹ ਸਾਂਝੇਦਾਰੀ ਟੁੱਟ ਗਈ। ਐਕਰਮੈਨ ਨੇ ਹੈਨਰੀ ‘ਤੇ ਚਾਰ ਚੌਕਿਆਂ ਦੀ ਮਦਦ ਨਾਲ 55 ਗੇਂਦਾਂ ‘ਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ ਪਰ ਇਸ ਤੋਂ ਬਾਅਦ ਉਹ ਸੈਂਟਨਰ ਦੀ ਗੇਂਦ ‘ਤੇ ਥਰਡ ਮੈਨ ‘ਤੇ ਹੈਨਰੀ ਦੇ ਹੱਥੋਂ ਕੈਚ ਹੋ ਗਿਆ। ਮਿਸ਼ੇਲ ਸੈਂਟਨਰ ਨੇ 17 ਗੇਂਦਾਂ ‘ਤੇ 36 ਦੌੜਾਂ ਦੀ ਅਜੇਤੂ ਪਾਰੀ ਖੇਡੀ, ਜਿਸ ਦੀ ਬਦੌਲਤ ਨਿਊਜ਼ੀਲੈਂਡ ਆਖਰੀ ਤਿੰਨ ਓਵਰਾਂ ‘ਚ 50 ਦੌੜਾਂ ਜੋੜਨ ‘ਚ ਸਫ਼ਲ ਰਿਹਾ।

Add a Comment

Your email address will not be published. Required fields are marked *