ਰਾਹੁਲ ਗਾਂਧੀ ਨੇ ਰੇਲਗੱਡੀ ਦੇ ਸਫ਼ਰ ਦੀ ਵੀਡੀਓ ਕੀਤੀ ਜਨਤਕ

ਨਵੀਂ ਦਿੱਲੀ, 3 ਅਕਤੂਬਰ- ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਉਨ੍ਹਾਂ ਵੱਲੋਂ ਬਿਲਾਸਪੁਰ ਤੋਂ ਰਾਏਪੁਰ ਤੱਕ ਦੇ ਕੀਤੇ ਗਏ ਰੇਲਗੱਡੀ ਦੇ ਸਫ਼ਰ ਦੀ ਵੀਡੀਓ ਪਾਉਂਦਿਆਂ ਇਸ ਨੂੰ ‘ਅਸਲ ਭਾਰਤ’ ਦੀ ਝਲਕ ਦੱਸਿਆ ਹੈ। ਪਾਰਟੀ ਨੇ ਦੋ ਘੰਟੇ ਦੇ ਇਸ ਸਫ਼ਰ ’ਚੋਂ 13 ਮਿੰਟ ਲੰਮੀ ਵੀਡੀਓ ਸਾਂਝੀ ਕੀਤੀ ਹੈ, ਜਿਸ ਨੂੰ ‘ਭਾਰਤ ਜੋੜੋ ਯਾਤਰਾ’ ਦਾ ਹੀ ਹਿੱਸਾ ਦੱਸਦਿਆਂ ਇਸ ਨੂੰ ਸਾਬਕਾ ਪ੍ਰਧਾਨ ਵੱਲੋਂ ਮੁਲਕ ਨੂੰ ਇੱਕਜੁੱਟ ਕਰਨ ਦੇ ਯਤਨ ਆਖਿਆ ਗਿਆ ਹੈ। ਸ੍ਰੀ ਗਾਂਧੀ ਨੇ ‘ਐਕਸ’ ਉੱਤੇ ਲਿਖਿਆ,‘ਮੁਲਕ ਦੀ ਵੰਨ-ਸੁਵੰਨਤਾ ਦੇ ਦਰਸ਼ਨ ਕਰਵਾਉਂਦਿਆਂ ਕਰੋੜਾਂ ਲੋਕਾਂ ਨੂੰ ਉਨ੍ਹਾਂ ਦੀਆਂ ਮੰਜ਼ਿਲਾਂ ਤੱਕ ਪਹੁੰਚਾਉਣ ਵਾਲੀ ਭਾਰਤੀ ਰੇਲਵੇ ਸੱਚੇ ਅਰਥਾਂ ’ਚ ਭਾਰਤ ਦੀ ਝਲਕ ਦਿਖਾਉਂਦੀ ਹੈ। ਪਾਰਟੀ ਨੇ ਉਨ੍ਹਾਂ ਦੇ ਬਿਆਨ ਦੇ ਹਵਾਲੇ ਨਾਲ ਲਿਖਿਆ,‘ਰੇਲਵੇ ਭਾਰਤ ਦੀ ਜ਼ਿੰਦਗੀ ਹੈ, ਜਿਸ ਰਾਹੀਂ ਲਗਪਗ ਇੱਕ ਕਰੋੜ ਲੋਕ ਰੋਜ਼ਾਨਾ ਸਫ਼ਰ ਕਰਦੇ ਹਨ। ਅਸਲ ਭਾਰਤ ਦੀ ਝਲਕ ਰੇਲਗੱਡੀ ਵਿੱਚ ਦੇਖੀ ਜਾ ਸਕਦੀ ਹੈ। ਵੱਖ-ਵੱਖ ਧਰਮਾਂ, ਭਾਸ਼ਾਵਾਂ ਤੇ ਵਰਗਾਂ ਦੇ ਲੋਕ ਅਣਜਾਣ ਵਿਅਕਤੀਆਂ ਵਜੋਂ ਸਫ਼ਰ ਸ਼ੁਰੂ ਕਰਦਿਆਂ ਇੱਕ-ਦੂਜੇ ਨਾਲ ਜੁੜ ਜਾਂਦੇ ਹਨ। ਬਿਲਾਸਪੁਰ ਤੋਂ ਰਾਏਪੁਰ ਦੇ ਸਫ਼ਰ ਨੂੰ ਯਾਦਗਾਰ ਦੱਸਦਿਆਂ ਸ੍ਰੀ ਗਾਂਧੀ ਨੇ ਕਿਹਾ ਕਿ ਉਨ੍ਹਾਂ ਛੱਤੀਸਗੜ੍ਹ ਦੇ ਕਈ ਉਤਸ਼ਾਹੀ ਨੌਜਵਾਨਾਂ, ਖਾਸ ਤੌਰ ’ਤੇ ਖੇਡਾਂ ਨਾਲ ਜੁੜੇ ਲੋਕਾਂ ਨਾਲ ਗੱਲਬਾਤ ਕੀਤੀ ਹੈ। ਉਨ੍ਹਾਂ ਦੱਸਿਆ,‘ਮੈਂ ਇੱਕ ਦਲਿਤ ਲੜਕੀ ਨਾਲ ਵੀ ਗੱਲਬਾਤ ਕੀਤੀ। ਮੈਂ ਉਸ ਵੱਲੋਂ ਬਣਾਈ ਕਲਾਕ੍ਰਿਤੀ ਦੇਖ ਕੇ ਕਾਫ਼ੀ ਖੁਸ਼ ਹੋਇਆ। ਉਹ ਬਹੁਤ ਹੁਨਰਵੰਦ ਕਲਾਕਾਰ ਸੀ।’ ਉਨ੍ਹਾਂ ਕਿਹਾ,‘ਉਨ੍ਹਾਂ ਦੀ ਦੁਆ ਹੈ ਕਿ ਇਹ ਖੁਸ਼ਹਾਲੀ ਤੇ ਖੁਸ਼ੀਆਂ ਸਾਰੇ ਮੁਲਕ ’ਚ ਆਉਣ, ਇਨ੍ਹਾਂ ਸਫ਼ਰਾਂ ਵਿੱਚ ਪਿਆਰ ਕਾਇਮ ਰਹੇ, ਸਾਰਿਆਂ ਦੀ ਯਾਤਰਾ ਸ਼ੁਭ ਰਹੇ, ਭਾਰਤ ਵਿੱਚ ਏਕਤਾ ਬਣੀ ਰਹੇ।’ ਸ੍ਰੀ ਗਾਂਧੀ ਨੇ ਟੇਬਲ ਟੈਨਿਸ, ਹਾਕੀ ਤੇ ਕਬੱਡੀ ਖਿਡਾਰੀਆਂ ਨਾਲ ਵੀ ਗੱਲਬਾਤ ਕੀਤੀ।

Add a Comment

Your email address will not be published. Required fields are marked *