ਰੀਅਲ ਅਸਟੇਟ ਤੋਂ ਬਾਅਦ ਚੀਨ ਦੇ ਬੈਂਕਿੰਗ ਸੈਕਟਰ ਦੀ ਵਿਗੜੀ ‘ਸਿਹਤ’

ਨਵੀਂ ਦਿੱਲੀ  – ਚੀਨ ਦੀ ਆਰਥਿਕ ਸਿਹਤ ਕਿਸੇ ਤੋਂ ਲੁਕੀ ਨਹੀਂ ਹੈ। ਦੁਨੀਆ ਦੀ ਦੂਜੀ ਸਭ ਤੋਂ ਵੱਡੀ ਇਕਾਨਮੀ ਬੀਤੇ ਕੁੱਝ ਸਮੇਂ ਤੋਂ ਬੁਰੇ ਦੌਰ ’ਚੋਂ ਲੰਘ ਰਹੀ ਹੈ। ਉੱਥੋਂ ਦਾ ਰੀਅਲ ਅਸਟੇਟ ਸੈਕਟਰ ਜੋ ਉਸ ਦੀ ਜੀ. ਡੀ. ਪੀ. ’ਚ 30 ਫੀਸਦੀ ਦੀ ਹਿੱਸੇਦਾਰੀ ਰੱਖਦਾ ਹੈ, ਖਸਤਾਹਾਲ ਹੋ ਚੁੱਕਾ ਹੈ। ਰੀਅਲ ਅਸਟੇਟ ਕੰਪਨੀਆਂ ਦਿਵਾਲੀਆ ਹੋ ਰਹੀਆਂ ਹਨ। ਲੋਕ ਖਰਚ ਕਰਨ ਦੀ ਹਾਲਤ ’ਚ ਨਹੀਂ ਹਨ, ਇਸ ਲਈ ਘਰ ਖੰਡਰ ਬਣਦੇ ਜਾ ਰਹੇ ਹਨ। ਇਕ ਅਰਬ 40 ਕਰੋੜ ਤੋਂ ਵੱਧ ਆਬਾਦੀ ਵਾਲੇ ਦੇਸ਼ ਦੀ ਹੌਲੀ ਵਿਕਾਸ ਦਰ, ਬੇਰੁਜ਼ਗਾਰੀ, ਬੁੱਢੀ ਹੁੰਦੀ ਆਬਾਦੀ, ਪ੍ਰਾਪਰਟੀ ਬਾਜ਼ਾਰ ਦੀ ਉਥਲ-ਪੁਥਲ ਨੇ ਉਸ ਦੀ ਆਰਥਿਕ ‘ਸਿਹਤ’ ਨੂੰ ਵਿਗਾੜ ਦਿੱਤਾ ਹੈ। ਚੀਨ ਦੀ ਆਰਥਿਕ ਹਾਲਤ ਇਸ ਹੱਦ ਤੱਕ ਵਿਗੜਦੀ ਜਾ ਰਹੀ ਹੈ ਕਿ ਹੁਣ ਦੁਨੀਆ ਭਰ ਦੀ ਟੈਨਸ਼ਨ ਵਧਣ ਲੱਗੀ ਹੈ।

ਚੀਨ ਡੀ-ਇਨਫਲੇਸ਼ਨ ਦਾ ਸਾਹਮਣਾ ਕਰ ਰਿਹਾ ਹੈ। ਯਾਨੀ ਚੀਨ ’ਚ ਉਤਪਾਦਨ ਤਾਂ ਲਗਾਤਾਰ ਹੋ ਰਿਹਾ ਹੈ ਪਰ ਲੋਕਾਂ ਦੀ ਹਾਲਤ ਅਜਿਹੀ ਹੈ ਕਿ ਉਹ ਪੈਸਾ ਖਰਚ ਨਹੀਂ ਕਰ ਰਹੇ ਹਨ। ਚੀਨ ਦਾ ਰੀਅਲ ਅਸਟੇਟ ਦਮ ਤੋੜ ਰਿਹਾ ਹੈ। ਕੰਪਨੀਆਂ ਦਿਵਾਲੀਆ ਹੋਣ ਨਾਲ ਇਸ ਦਾ ਅਸਰ ਬੈਂਕਿੰਗ ਸੈਕਟਰ ’ਤੇ ਪੈਣ ਲੱਗਾ ਹੈ। ਬੈਂਕਾਂ ਦਾ ਐੱਨ. ਪੀ. ਏ. ਯਾਨੀ ਬੈਡ ਲੋਨ ਵਧਦਾ ਜਾ ਰਿਹਾ ਹੈ। ਚੀਨ ’ਚ ਬੇਰੁਜ਼ਗਾਰੀ ਸਿਖਰ ’ਤੇ ਪੁੱਜਣ ਲੱਗੀ ਹੈ। ਚੀਨ ਦੀ ਇਸ ਹਾਲਤ ਦਾ ਅਸਰ ਸਿਰਫ ਉਸ ਦੀ ਹੱਦ ਤੱਕ ਸੀਮਤ ਨਹੀਂ ਹੈ। ਇਸ ਦਾ ਗਲਬੋਲ ਬਾਜ਼ਾਰ ’ਤੇ ਵੀ ਅਸਰ ਦਿਖਾਈ ਦੇਣ ਲੱਗਾ ਹੈ। ਜਾਣਕਾਰਾਂ ਦੀ ਮੰਨੀਏ ਤਾਂ ਚੀਨ ਦੀ ਹਾਲਤ ਦਾ ਅਸਰ ਮਲਟੀਨੈਸ਼ਨਲ ਕੰਪਨੀਆਂ, ਉਨ੍ਹਾਂ ਦੇ ਕਰਮਚਾਰੀਆਂ ’ਤੇ ਪਵੇਗਾ। ਹਾਲਾਂਕਿ ਇਹ ਇਸ ਗੱਲ ’ਤੇ ਵੀ ਨਿਰਭਰ ਕਰਦਾ ਹੈ ਕਿ ਕੰਪਨੀ ਉੱਥੇ ਕਿਵੇਂ ਜੁੜੀ ਹੋਈ ਹੈ।

ਚੀਨ ਕਰੀਬ ਦੋ ਦਹਾਕਿਆਂ ਤੋਂ ਦੁਨੀਆ ਦੀ ਫੈਕਟਰੀ ਬਣਿਆ ਹੋਇਆ ਹੈ। ਦੁਨੀਆ ਭਰ ਦੇ ਬਾਜ਼ਾਰਾਂ ’ਚ ਚੀਨੀ ਮਾਲ ਭਰੇ ਹੋਏ ਹਨ। ਵੱਡੀਆਂ-ਵੱਡੀਆਂ ਕੰਪਨੀਆਂ ਚੀਨ ’ਚ ਸਸਤਾ ਸਾਮਾਨ ਬਣਾ ਕੇ ਪੂਰੀ ਦੁਨੀਆ ’ਚ ਵੇਚ ਰਹੀਆਂ ਹਨ। ਚੀਨ ਦੀ ਵਿਗੜਦੀ ਆਰਥਿਕ ਸਿਹਤ ਦਾ ਅਸਰ ਇਨ੍ਹਾਂ ਕੰਪਨੀਆਂ ’ਤੇ ਪੈ ਸਕਦਾ ਹੈ। ਹਾਲਾਂਕਿ ਜਾਣਕਾਰਾਂ ਦਾ ਮੰਨਣਾ ਹੈ ਕਿ ਚੀਨ ਦੀ ਸਥਿਤੀ ਨੂੰ ਵਧਾ-ਚੜ੍ਹਾ ਕੇ ਪੇਸ਼ ਕੀਤਾ ਜਾ ਰਿਹਾ ਹੈ ਪਰ ਇਹ ਵੀ ਤੈਅ ਹੈ ਕਿ ਮਲਟੀਨੈਸ਼ਨਲ ਕੰਪਨੀਆਂ, ਉਨ੍ਹਾਂ ਦੇ ਕਰਮਚਾਰੀ ਅਤੇ ਉਨ੍ਹਾਂ ਲੋਕਾਂ ’ਤੇ ਇਸ ਦਾ ਅਸਰ ਹੋਵੇਗਾ, ਜਿਨ੍ਹਾਂ ਦਾ ਚੀਨ ਨਾਲ ਸਿੱਧੇ ਤੌਰ ’ਤੇ ਕੋਈ ਲੈਣਾ-ਦੇਣਾ ਨਹੀਂ ਹੈ। ਖਾਸ ਕਰ ਕੇ ਉਨ੍ਹਾਂ ਕੰਪਨੀਆਂ ’ਤੇ ਇਸ ਦਾ ਅਸਰ ਹੋਵੇਗਾ ਜੋ ਚੀਨ ਨੂੰ ਸਪਲਾਈ ਕਰਦੀ ਹੈ।

ਚੀਨ ਦੁਨੀਆ ਦੇ ਇਕ-ਤਿਹਾਈ ਿਵਕਾਸ ਲਈ ਜ਼ਿੰਮੇਵਾਰ ਹੈ, ਅਜਿਹੇ ’ਚ ਉਸ ਦੀ ਵਿਗੜਦੀ ਆਰਥਿਕ ਸਿਹਤ ਪੂਰੀ ਦੁਨੀਆ ਲਈ ਨਵੀਂ ਮੁਸੀਬਤ ਬਣ ਗਈ ਹੈ। ਅਮਰੀਕੀ ਕ੍ਰੈਡਿਟ ਏਜੰਸੀ ਫਿੱਚ ਨੇ ਵੀ ਇਸ ਦਾ ਖਦਸ਼ਾ ਪ੍ਰਗਟਾਉਂਦੇ ਹੋਏ ਕਿਹਾ ਕਿ ਚੀਨ ਦੀ ਸੁਸਤੀ ਨਾਲ ਗਲੋਬਲ ਗ੍ਰੋਥ ਦੀਆਂ ਸੰਭਾਵਨਾਵਾਂ ’ਤੇ ਅਸਰ ਹੋਵੇਗਾ। ਇਸੇ ਕਾਰਣ ਏਜੰਸੀ ਨੇ ਸਾਲ 2024 ਵਿਚ ਪੂਰੀ ਦੁਨੀਆ ਦੇ ਗ੍ਰੋਥ ਅਨੁਮਾਨ ਨੂੰ ਘਟਾ ਦਿੱਤਾ ਸੀ।

Add a Comment

Your email address will not be published. Required fields are marked *