ਕੈਨੇਡੀਅਨ ਭਾਰਤੀਆਂ ਦੇ ਵੀਜ਼ੇ ‘ਤੇ ਲਾਈਆਂ ਪਾਬੰਦੀਆਂ ਤੁਰੰਤ ਹਟਾਵੇ ਭਾਰਤ ਸਰਕਾਰ : ਪਰਮਿੰਦਰ ਪਾਲ ਖਾਲਸਾ

ਜਲੰਧਰ : ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਦੇ ਪ੍ਰਧਾਨ ਪਰਮਿੰਦਰ ਪਾਲ ਸਿੰਘ ਖਾਲਸਾ ਨੇ ਕਿਹਾ ਕਿ ਪੰਜਾਬੀ ਭਾਈਚਾਰਾ ਇਹ ਚਾਹੁੰਦਾ ਹੈ ਕਿ ਭਾਰਤ ਸਰਕਾਰ ਨੇ ਕੈਨੇਡੀਅਨ ਨਾਗਰਿਕਾਂ ਲਈ ਜਿਹੜੀਆਂ ਵੀਜ਼ਾ ਸੇਵਾਵਾਂ ਬੰਦ ਕੀਤੀਆਂ ਹਨ, ਉਨ੍ਹਾਂ ਨੂੰ ਤੁਰੰਤ ਖੋਲ੍ਹਿਆ ਜਾਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਵਿਸ਼ੇਸ਼ ਤੌਰ ‘ਤੇ ਕੈਨੇਡੀਅਨ ਨਾਗਰਿਕਤਾ ਵਾਲੇ ਪ੍ਰਵਾਸੀ ਪੰਜਾਬੀ ਹੀ ਵਧੇਰੇ ਪ੍ਰਭਾਵਿਤ ਹੋ ਰਹੇ ਹਨ। ਇਸ ਨਾਲ ਕੈਨੇਡਾ ਨੂੰ ਕੋਈ ਨੁਕਸਾਨ ਨਹੀਂ, ਭਾਰਤ ਨੂੰ ਹੀ ਨੁਕਸਾਨ ਹੋ ਰਿਹਾ ਹੈ। ਮੋਦੀ ਸਰਕਾਰ ਨੂੰ ਇਨ੍ਹਾਂ ਰੁਕਾਵਟਾਂ ਨੂੰ ਦੂਰ ਕਰਨ ਦੀ ਅਪੀਲ ਕਰਦਿਆਂ ਖਾਲਸਾ ਨੇ ਦੱਸਿਆ ਕਿ ਬੀਤੇ ਦਿਨੀਂ ਭਾਰਤ ਨੇ ਕੈਨੇਡੀਅਨ ਨਾਗਰਿਕਾਂ ਲਈ ਕੈਨੇਡਾ ‘ਚ ਵੀਜ਼ਾ ਸੇਵਾਵਾਂ ਬੰਦ ਕਰਨ ਨਾਲ ਪ੍ਰਵਾਸੀ ਕੈਨੇਡੀਅਨ ਭਾਰਤੀਆਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦਾ ਖ਼ਾਸ ਕਰਕੇ ਪੰਜਾਬ ਉੱਪਰ ਗਹਿਰਾ ਅਸਰ ਪਿਆ ਹੈ।

ਖਾਲਸਾ ਨੇ ਦੱਸਿਆ ਕਿ ਹਰ ਸਾਲ ਦੇ ਅਖ਼ੀਰਲੇ ਮਹੀਨਿਆਂ ‘ਚ ਵੱਡੀ ਪੱਧਰ ‘ਤੇ ਪ੍ਰਵਾਸੀ ਪੰਜਾਬੀ ਕੈਨੇਡਾ ਤੋਂ ਭਾਰਤ ਆਉਂਦੇ ਹਨ, ਇੱਥੇ ਆ ਕੇ ਉਹ ਵਿਆਹ-ਸ਼ਾਦੀਆਂ ਕਰਦੇ ਹਨ ਅਤੇ ਹੋਰ ਅਨੇਕਾਂ ਤਰ੍ਹਾਂ ਦੀ ਖ਼ਰੀਦੋ-ਫ਼ਰੋਖਤ ਕਰਦੇ ਹਨ। ਇਸ ਤੋਂ ਇਲਾਵਾ ਆਪਣੇ ਘਰਾਂ ਦੇ ਨਵੀਨੀਕਰਨ ਸਮੇਤ ਅਤੇ ਆਪਣੀਆਂ ਜਾਇਦਾਦਾਂ ਸਬੰਧੀ ਮਸਲਿਆਂ ਨੂੰ ਨਿਪਟਾਉਂਦੇ ਹਨ। ਜੇਕਰ ਪ੍ਰਵਾਸੀ ਪੰਜਾਬੀਆਂ ਲਈ ਵੀਜ਼ਾ ਸੇਵਾਵਾਂ ‘ਤੇ ਲੱਗੀ ਰੋਕ ਆਉਣ ਵਾਲੇ ਦਿਨਾਂ ਵਿੱਚ ਨਹੀਂ ਹਟਦੀ ਤਾਂ ਇਸ ਨਾਲ ਇਕੱਲੇ ਪੰਜਾਬ ਨੂੰ 10 ਹਜ਼ਾਰ ਕਰੋੜ ਦਾ ਨੁਕਸਾਨ ਹੋ ਸਕਦਾ ਹੈ ਕਿਉਂਕਿ ਇਸ ਨਾਲ ਪਹਿਲਾਂ ਹਵਾਈ ਜਹਾਜ਼ਾਂ ਦੀਆਂ ਟਿਕਟਾਂ ਦੀ ਬੁਕਿੰਗ ਰੱਦ ਹੋਵੇਗੀ। ਬਹੁਤਿਆਂ ਨੂੰ ਵਾਪਸ ਪੂਰੇ ਪੈਸੇ ਵੀ ਨਹੀਂ ਮਿਲਣਗੇ। ਉਂਝ ਵੀ ਹਵਾਈ ਕੰਪਨੀਆਂ ਦਾ ਕਾਰੋਬਾਰ ਘਟੇਗਾ। ਫਿਰ ਹੋਟਲਾਂ ਦੀ ਬੁਕਿੰਗ ਕੈਂਸਲ ਹੋਵੇਗੀ। ਵਿਆਹ ਸ਼ਾਦੀਆਂ ਲਈ ਬੁੱਕ ਕੀਤੇ ਮੈਰਿਜ ਪੈਲੇਸਾਂ ਦੀ ਬੁਕਿੰਗ ਵੀ ਰੱਦ ਹੋਵੇਗੀ। ਪੰਜਾਬ ‘ਚ ਕੱਪੜੇ ਦਾ ਕਾਰੋਬਾਰ ਕਰਨ ਵਾਲੇ ਅਤੇ ਹੋਰ ਵਸਤਾਂ ਵੇਚਣ ਵਾਲੇ ਦੁਕਾਨਦਾਰਾਂ ਨੂੰ ਵੀ ਭਾਰੀ ਨੁਕਸਾਨ ਹੋਵੇਗਾ। ਪ੍ਰਵਾਸੀ ਪੰਜਾਬੀ ਇੱਥੇ ਆ ਕੇ ਆਪਣੇ ਪਰਿਵਾਰਕ ਕੰਮਕਾਰ ਵੀ ਨਹੀਂ ਕਰ ਸਕਣਗੇ ਤੇ ਨਾ ਹੀ ਆਪਣੇ ਸਬੰਧੀਆਂ ਨੂੰ ਮਿਲ ਸਕਣਗੇ।

ਉਨ੍ਹਾਂ ਦੱਸਿਆ ਕਿ ਕੈਨੇਡਾ ਭਾਰਤ ਦਾ 10ਵਾਂ ਨਿਵੇਸ਼ਕਾਰ ਹੈ। ਭਾਰਤ ‘ਚ ਕੈਨੇਡਾ ਸਰਕਾਰ ਵੱਲੋਂ ਅਤੇ ਉਥੋਂ ਦੀਆਂ ਨਿੱਜੀ ਕੰਪਨੀਆਂ ਵੱਲੋਂ ਵੀ ਅਨੇਕਾਂ ਤਰ੍ਹਾਂ ਦੇ ਨਿਵੇਸ਼ ਅਤੇ ਕਾਰੋਬਾਰ ਇੱਥੇ ਕੀਤੇ ਜਾ ਰਹੇ ਹਨ। ਇਸ ਪੱਖੋਂ ਕੈਨੇਡਾ ਭਾਰਤ ਦਾ 18ਵਾਂ ਵਪਾਰਕ ਭਾਈਵਾਲ ਹੈ। ਅੱਜ-ਕੱਲ੍ਹ ਖਾਧ ਪਦਾਰਥ ਅਤੇ ਹੋਰ ਅਨੇਕਾਂ ਤਰ੍ਹਾਂ ਦੀਆਂ ਵਸਤਾਂ ਭਾਰਤ ਤੋਂ ਕੈਨੇਡਾ ਜਾਂਦੀਆਂ ਹਨ। ਜੇਕਰ ਦੋਵਾਂ ਦੇਸ਼ਾਂ ਦੇ ਸਬੰਧ ਵਿਗੜਦੇ ਹਨ ਤੇ ਜਿਸ ਤਰ੍ਹਾਂ ਦੀ ਚਰਚਾ ਚੱਲ ਰਹੀ ਹੈ, ਦੋਵੇਂ ਦੇਸ਼ ਜੇ ਇਕ-ਦੂਜੇ ‘ਤੇ ਆਪਣੀ ਵਪਾਰਕ ਨਿਰਭਰਤਾ ਘਟਾ ਦਿੰਦੇ ਹਨ ਤਾਂ ਨਾ ਸਿਰਫ ਦੋਵਾਂ ਦੇਸ਼ਾਂ ਦੇ ਵਪਾਰਕ ਭਾਈਚਾਰਿਆਂ ਨੂੰ ਨੁਕਸਾਨ ਹੋਵੇਗਾ, ਸਗੋਂ ਆਮ ਲੋਕਾਂ ਨੂੰ ਵੀ ਇਸ ਤਰ੍ਹਾਂ ਦੀਆਂ ਖ਼ਪਤਕਾਰੀ ਵਸਤਾਂ ਮਹਿੰਗੀਆਂ ਮਿਲਣਗੀਆਂ। ਇਸ ਕਾਰਨ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਤੋਂ ਲੈ ਕੇ ਆਮ ਲੋਕਾਂ ਤੱਕ ਬੁਰੀ ਤਰ੍ਹਾਂ ਪ੍ਰਭਾਵਿਤ ਹੋਣਗੇ।

ਉਨ੍ਹਾਂ ਦੱਸਿਆ ਕਿ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਵਧਣ ਨਾਲ ਜਿਹੜੇ ਪੰਜਾਬ ਦੇ ਸਾਢੇ 3 ਲੱਖ ਦੇ ਲਗਭਗ ਵਿਦਿਆਰਥੀ ਕੈਨੇਡਾ ‘ਚ ਸਿੱਖਿਆ ਹਾਸਲ ਕਰ ਰਹੇ ਹਨ ਅਤੇ ਸਿੱਖਿਆ ਹਾਸਲ ਕਰਨ ਤੋਂ ਬਾਅਦ ਉਹ ਉਥੇ ਸਥਾਈ ਨਿਵਾਸ ਲਈ ਪੀ.ਆਰ. ਦਾ ਅਮਲ ਸ਼ੁਰੂ ਕਰਨ ਦੀ ਫ਼ਿਰਾਕ ਵਿੱਚ ਹਨ, ਉਨ੍ਹਾਂ ਵਿੱਚ ਵੀ ਬੇਹੱਦ ਚਿੰਤਾ ਪਾਈ ਜਾ ਰਹੀ ਹੈ। ਇਸੇ ਤਰ੍ਹਾਂ ਜਿਹੜੇ ਹੋਰ ਵਿਦਿਆਰਥੀ ਪੰਜਾਬ ਤੋਂ ਉੱਥੇ ਜਾਣ ਲਈ ਤਿਆਰੀਆਂ ਕਰ ਰਹੇ ਹਨ ਅਤੇ ਕਰਜ਼ੇ ਚੁੱਕ ਕੇ ਜਿਨ੍ਹਾਂ ਨੇ ਕੈਨੇਡਾ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ‘ਚੋਂ ਫੀਸਾਂ ਭਰ ਕੇ ਆਫ਼ਰ ਲੈਟਰਜ਼ ਹਾਸਲ ਕੀਤੇ ਹਨ ਅਤੇ ਇਸ ਕੰਮ ਲਈ ਲੱਖਾਂ ਰੁਪਏ ਖ਼ਰਚ ਚੁੱਕੇ ਹਨ, ਉਹ ਵੀ ਬੇਹੱਦ ਚਿੰਤਤ ਹਨ। ਇਕ ਤਰ੍ਹਾਂ ਨਾਲ ਪੰਜਾਬ ਦੀ ਵੱਡੀ ਆਬਾਦੀ ਇਸ ਵੇਲੇ ਅਨਿਸ਼ਚਤਤਾ ਦੇ ਘੇਰੇ ‘ਚ ਫਸੀ ਹੋਈ ਹੈ।

ਖਾਲਸਾ ਨੇ ਅਮਰੀਕਾ ਸਰਕਾਰ ਵੱਲੋਂ ਸਿੱਖ ਧਰਮ ਦਾ ਮਾਣ ਵਧਾਉਣ ਤੇ ਪਹਿਲੀ ਵਾਰ ਅਮਰੀਕੀ ਪ੍ਰਤੀਨਿਧੀ ਸਭਾ ਦਾ ਸੈਸ਼ਨ ਸਿੱਖ ਅਰਦਾਸ ਨਾਲ ਸ਼ੁਰੂ ਕਰਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸਿੱਖ ਕੌਮ ਅਤੇ ਸਮੁੱਚੇ ਵਿਸ਼ਵ ਸਿੱਖ ਭਾਈਚਾਰੇ ਲਈ ਬਹੁਤ ਖੁਸ਼ੀ ਦਾ ਮੌਕਾ ਹੈ। ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਪੱਧਰ ‘ਤੇ ਸਾਡੀ ਪੰਥਕ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਵਖਰੇਵਿਆਂ ਨੂੰ ਸਾਂਝੀਵਾਲਤਾ ਵਿੱਚ ਬਦਲਣ ਦੀ ਮੁਹਿੰਮ ਚਲਾ ਕੇ ਵਿਸ਼ਵ ਸ਼ਾਂਤੀ ਅਰਥਾਤ ਸਰਬੱਤ ਦੇ ਭਲੇ ਵਿੱਚ ਆਪੋ-ਆਪਣਾ ਕਿਰਦਾਰ ਅਦਾ ਕਰਦੇ ਰਹੀਏ।

Add a Comment

Your email address will not be published. Required fields are marked *