ਡਾਕਟਰਾਂ ਨੇ ਐਲਾਨਿਆ ਸੀ ਮ੍ਰਿਤਕ, ਪਤਨੀ ਦੇ ਛੂੰਹਦੇ ਹੀ ਧੜਕਨ ਲੱਗਾ ਸ਼ਖ਼ਸ ਦਾ ਦਿਲ

ਇਕ ਸ਼ਖ਼ਸ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ ਸੀ। ਦਾਨ ਲਈ ਉਸ ਦੇ ਅੰਗ ਕੱਢਣ ਦਾ ਕੰਮ ਸ਼ੁਰੂ ਹੀ ਹੋਣ ਵਾਲਾ ਸੀ ਕਿ ਸ਼ਖ਼ਸ ਨੇ ਪੈਰ ਹਿਲਾਇਆ। ਫਿਰ ਉਸ ਦੀ ਧੜਕਨ ਵੱਧ ਗਈ। ਇਸ ਮਗਰੋਂ ਡਾਕਟਰਾਂ ਨੇ ਦੱਸਿਆ ਕਿ ਉਹ ਕੋਮਾ ਵਿਚ ਹੈ ਅਤੇ ਉਸ ਦੀ ਮੌਤ ਨਹੀਂ ਹੋਈ ਹੈ। ਇੱਥੇ ਦੱਸ ਦਈਏ ਕਿ ਹਾਲੇ ਵੀ ਸ਼ਖ਼ਸ ਹਸਪਤਾਲ ਵਿਚ ਹੀ ਹੈ ਅਤੇ ਗੰਭੀਰ ਹਾਲਤ ਵਿਚ ਹੈ। ਇਹ ਮਾਮਲਾ ਅਮਰੀਕਾ ਦੇ ਨੌਰਥ ਕੈਰੋਲਿਨਾ ਦਾ ਹੈ। 

ਤਿੰਨ ਬੱਚਿਆਂ ਦੇ ਪਿਤਾ ਰਿਆਨ ਮਾਰਲੋ (Ryan Marlow) ਨੂੰ ਪਿਛਲੇ ਮਹੀਨੇ ਐਮਰਜੈਂਸੀ ਵਿਭਾਗ ਵਿਚ ਦਾਖਲ ਕਰਾਇਆ ਗਿਆ ਸੀ। ਉਹ listeria ਨਾਲ ਪੀੜਤ ਸੀ। ਬਾਅਦ ਵਿਚ ਰਿਆਨ ਦਾ ਦਿਮਾਗ ਸੁਜ ਗਿਆ ਅਤੇ ਉਹ ਕੋਮਾ ਵਿਚ ਚਲਾ ਗਿਆ। ਇਸ ਮਗਰੋਂ 27 ਅਗਸਤ ਨੂੰ ਡਾਕਟਰਾਂ ਨੇ ਉਸ ਨੂੰ ਬ੍ਰੇਨ ਡੈੱਡ ਘੋਸ਼ਿਤ ਕਰ ਦਿੱਤਾ ਸੀ। ਨੌਰਥ ਕੈਰੋਲਿਨਾ ਦੇ ਕਾਨੂੰਨਾਂ ਮੁਤਾਬਕ ਜੇਕਰ ਕਿਸੇ ਇਨਸਾਨ ਦਾ ਦਿਮਾਗ ਕੰਮ ਕਰਨਾ ਬੰਦ ਕਰ ਦੇਵੇ ਤਾਂ ਉਸ ਨੂੰ ਮ੍ਰਿਤਕ ਘੋਸ਼ਿਤ ਕੀਤਾ ਜਾ ਸਕਦਾ ਹੈ। ਮਾਮਲੇ ਨੂੰ ਲੈ ਕੇ ਰਿਆਨ ਮਾਰਲੋ ਦੀ ਪਤਨੀ ਮੇਘਨ ਨੇ ਕਿਹਾ ਕਿ ਡਾਕਟਰ ਬਾਹਰ ਆਏ ਅਤੇ ਕਿਹਾ ਕਿ ਤੁਹਾਡੇ ਪਤੀ ਦੀ ਮੌਤ ਹੋ ਗਈ ਹੈ। ਉਹਨਾਂ ਦੀ ਨਿਊਰੋਲੌਜੀਕਲ ਡੇਥ ਹੋਈ ਹੈ। 

ਉਹਨਾਂ ਨੇ ਚਾਰਟ ‘ਤੇ ਮੌਤ ਦਾ ਸਮਾਂ ਵੀ ਲਿਖ ਦਿੱਤਾ ਸੀ। ਮੇਘਨ ਨੇ ਡਾਕਟਰਾਂ ਨੂੰ ਦੱਸਿਆ ਕਿ ਉਸ ਦਾ ਪਤੀ ਆਪਣੇ ਅੰਗ ਦਾਨ ਕਰਨਾ ਚਾਹੁੰਦਾ ਸੀ। ਫਿਰ ਡਾਕਟਰਾਂ ਨੇ ਅੰਗ ਦਾਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ। ਮੇਘਨ ਨੇ ਦੱਸਿਆ ਕਿ ਇਸ ਮਗਰੋਂ ਉਹ ਘਰ ਚਲੀ ਗਈ। ਮੇਘਨ ਨੇ ਦਾਅਵਾ ਕੀਤਾ ਕਿ ਇਸ ਦੇ ਦੋ ਦਿਨ ਬਾਅਦ ਡਾਕਟਰਾਂ ਨੇ ਫੋਨ ਕਰ ਕੇ ਉਸ ਨੂੰ ਦੱਸਿਆ ਕਿ ਅਸਲ ਵਿਚ ਰਿਆਨ ਟ੍ਰਾਮੈਟਿਕ ਬ੍ਰੇਨ ਡੈਮੇਜ ਨਾਲ ਪੀੜਤ ਸੀ। ਇਸ ਲਈ ਡਾਕਟਰਾਂ ਨੇ ਉਸ ਦੀ ਮੌਤ ਦਾ ਸਮਾਂ 27 ਅਗਸਤ ਤੋਂ ਬਦਲ ਕੇ 30 ਅਗਸਤ ਕਰ ਦਿੱਤਾ। ਮੇਘਨ ਨੇ ਕਿਹਾ ਕਿ ਡਾਕਟਰਾਂ ਨੇ ਦੱਸਿਆ ਕਿ ਉਹਨਾਂ ਤੋਂ ਇਕ ਗ਼ਲਤੀ ਹੋ ਗਈ ਸੀ। ਰਿਆਨ ਦੀ ਨਿਊਰੋਲੌਜੀਕਲ ਡੇਥ ਨਹੀਂ ਹੋਈ ਸੀ। 

ਮੇਘਨ ਨੇ ਡਾਕਟਰਾਂ ਨੂੰ ਪੁੱਛਿਆ ਇਸ ਦਾ ਕੀ ਮਤਲਬ ਹੈ। ਮੇਘਨ ਨੇ ਦੱਸਿਆ ਕਿ ਡਾਕਟਰਾਂ ਨੇ ਕਿਹਾ ਕਿ ਰਿਆਨ ਅਸਲ ਵਿਚ ਟ੍ਰਾਮੈਟਿਕ ਬ੍ਰੇਨ ਸਟੇਮ ਇੰਜਰੀ ਨਾਲ ਪੀੜਤ ਸੀ ਅਤੇ ਉਹ ਮੂਲ ਰੂਪ ਵਿਚ ਬ੍ਰੇਨ ਡੈੱਡ ਹੀ ਸਨ। ਅਗਲੀ ਸਵੇਰ ਰਿਆਨ ਨੂੰ ਲਾਈਫ ਸਪੋਰਟ ਸਿਸਟਮ ਤੋਂ ਹਟਾ ਕੇ ਉਸ ਦੇ ਅੰਗ ਕੱਢੇ ਜਾਣੇ ਸਨ। ਪਰ ਡਾਕਟਰਾਂ ਵੱਲੋਂ ਸਰਜਰੀ ਕੀਤੇ ਜਾਣ ਤੋਂ ਪਹਿਲਾਂ ਰਿਆਨ ਨੇੜੇ ਮੇਘਨ ਦਾ ਭਤੀਜਾ ਗਿਆ। ਉਸ ਨੇ ਉੱਥੇ ਬੱਚਿਆਂ ਨਾਲ ਖੇਡਦੇ ਰਿਆਨ ਦਾ ਵੀਡੀਓ ਚਲਾ ਦਿੱਤਾ। ਮੇਘਨ ਨੇ ਦੱਸਿਆ ਕਿ ਇਸ ਮਗਰੋਂ ਰਿਆਨ ਨੇ ਪੈਰ ਹਿਲਾਉਣਾ ਸ਼ੁਰੂ ਕਰ ਦਿੱਤਾ। ਇਸ ‘ਤੇ ਮੈਂ ਰੋਣ ਲੱਗੀ। ਮੈਂ ਖੁਦ ਨੂੰ ਝੂਠੀ ਉਮੀਦ ਨਹੀਂ ਦੇਣਾ ਚਾਹੁੰਦੀ ਸੀ। ਕਿਉਂਕਿ ਮੈਨੂੰ ਪਤਾ ਸੀ ਕਿ ਬ੍ਰੇਨ ਡੈੱਡ ਹੋਣ ਦੀ ਹਾਲਤ ਵਿਚ ਅਜਿਹਾ ਹੋ ਸਕਦਾ ਹੈ। 

ਮੇਘਨ ਨੇ ਅੱਗੇ ਦੱਸਿਆ ਕਿ ਮੈਂ ਰਿਆਨ ਨੂੰ ਦੇਖਣ ਲਈ ਕਮਰੇ ਵਿਚ ਗਈ। ਮੈਂ ਉਸ ਨੂੰ ਉਹ ਸਭ ਕੁਝ ਕਹਿ ਦਿੱਤਾ ਜੋ ਉਸ ਦੇ ਜਾਣ ਤੋਂ ਪਹਿਲਾਂ ਕਹਿਣਾ ਚਾਹੁੰਦੀ ਸੀ। ਮੈਂ ਉਸ ਨੂੰ ਕਿਹਾ ਕਿ ਤੁਹਾਨੂੰ ਲੰਬੀ ਲੜਾਈ ਲੜਨੀ ਹੈ ਕਿਉਂਕਿ ਮੈਂ ਅੰਗ ਦਾਨ ਦੀ ਪ੍ਰਕਿਰਿਆ ਰੋਕਣ ਜਾ ਰਹੀ ਹਾਂ ਅਤੇ ਕੁਝ ਟੈਸਟ ਕਰਵਾਉਣ ਜਾ ਰਹੀ ਹਾਂ। ਜਾਂਚ ਮਗਰੋਂ ਪਤਾ ਚੱਲਿਆ ਕਿ ਰਿਆਨ ਦੀ ਨਿਊਰੋਲੌਜੀਕਲ ਡੇਥ ਨਹੀਂ ਹੋਈ ਹੈ ਅਤੇ ਉਸ ਦੇ ਦਿਮਾਗ ਵਿਚ ਖੂਨ ਫਲੋ ਕਰ ਰਿਹਾ ਹੈ। ਮੇਘਨ ਨੇ ਦੱਸਿਆ ਕਿ ਮੈਂ ਰਿਆਨ ਦਾ ਹੱਥ ਛੂਹਿਆ। ਉਸ ਨਾਲ ਗੱਲ ਕੀਤੀ ਅਤੇ ਰਿਆਨ ਦੀ ਦਿਲ ਦੀ ਧੜਕਨ ਵਧ ਗਈ। ਹੁਣ ਡਾਕਟਰਾਂ ਨੇ ਦੱਸਿਆ ਕਿ ਉਹ ਬ੍ਰੇਨ ਡੈੱਡ ਨਹੀਂ ਹੈ ਪਰ ਉਹ ਕੋਮਾ ਵਿਚ ਹੈ। ਮੇਘਨ ਨੇ ਅਖੀਰ ਵਿਚ ਦੱਸਿਆ ਕਿ ਮੇਰੇ ਪਤੀ ਦੀ ਹਾਲਤ ਗੰਭੀਰ ਹੈ। ਉਹ ਹਾਲੇ ਵੀ ਰਿਸਪਾਂਸ ਨਹੀਂ ਕਰ ਰਹੇ ਹਨ। ਉਹਨਾਂ ਨੇ ਹੁਣ ਤੱਕ ਆਪਣੀਆਂ ਅੱਖਾਂ ਨਹੀਂ ਖੋਲ੍ਹੀਆਂ ਹਨ। 

Add a Comment

Your email address will not be published. Required fields are marked *