ਭੀਖ ਮੰਗਣ ਸਾਊਦੀ ਅਰਬ ਜਾ ਰਹੇ 24 ਪਾਕਿਸਤਾਨੀ ਭਿਖਾਰੀ ਗ੍ਰਿਫ਼ਤਾਰ

 ਪਾਕਿਸਤਾਨ ‘ਚ 24 ਕਥਿਤ ਭਿਖਾਰੀ ਜੋ ਉਮਰਾਹ ਕਰਨ ਦੇ ਬਹਾਨੇ ਖਾੜੀ ਦੇਸ਼ ਜਾਣ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਕਿ ਉਥੇ ਭੀਖ ਮੰਗ ਸਕਣ, ਨੂੰ ਮੁਲਤਾਨ ਹਵਾਈ ਅੱਡੇ ‘ਤੇ ਸਾਊਦੀ ਅਰਬ ਜਾਣ ਵਾਲੀ ਫਲਾਈਟ ਤੋਂ ਜ਼ਬਰਦਸਤੀ ਉਤਾਰ ਦਿੱਤਾ ਗਿਆ। ਇਹ ਜਾਣਕਾਰੀ ਐਤਵਾਰ ਨੂੰ ਮੀਡੀਆ ‘ਚ ਪ੍ਰਕਾਸ਼ਿਤ ਖ਼ਬਰ ‘ਚ ਦਿੱਤੀ ਗਈ। ‘ਡਾਨ’ ਅਖ਼ਬਾਰ ਦੀ ਖ਼ਬਰ ਮੁਤਾਬਕ ਸੰਘੀ ਜਾਂਚ ਏਜੰਸੀ (ਐੱਫਆਈਏ) ਨੇ ਸ਼ਨੀਵਾਰ ਰਾਤ ਨੂੰ ਮੁਲਤਾਨ ਏਅਰਪੋਰਟ ‘ਤੇ ਸਾਊਦੀ ਅਰਬ ਦੀ ਫਲਾਈਟ ਤੋਂ ਉਮਰਾਹ ਦੇ ਬਹਾਨੇ ਅਰਬ ਦੇਸ਼ ਜਾ ਰਹੇ 8 ਕਥਿਤ ਭਿਖਾਰੀਆਂ ਨੂੰ ਕਾਬੂ ਕਰ ਲਿਆ। ਪੰਜਾਬ ਸੂਬੇ ਦੇ ਮੁਲਤਾਨ ਹਵਾਈ ਅੱਡੇ ‘ਤੇ ਪਿਛਲੇ ਕੁਝ ਦਿਨਾਂ ‘ਚ ਇਹ ਦੂਜੀ ਘਟਨਾ ਸੀ।

ਅਖ਼ਬਾਰ ਮੁਤਾਬਕ 2 ਦਿਨ ਪਹਿਲਾਂ ਵੀ ਐੱਫਆਈਏ ਨੇ ਮੁਲਤਾਨ ਹਵਾਈ ਅੱਡੇ ‘ਤੇ ਸਾਊਦੀ ਅਰਬ ਜਾਣ ਵਾਲੀ ਫਲਾਈਟ ਤੋਂ 11 ਔਰਤਾਂ, 4 ਮਰਦਾਂ ਅਤੇ ਇਕ ਬੱਚੇ ਸਮੇਤ ਕੁਲ 16 ਲੋਕਾਂ ਨੂੰ ਉਤਾਰਿਆ ਸੀ। ਉਹ ਉਮਰਾਹ ਵੀਜ਼ੇ ‘ਤੇ ਜਾ ਰਹੇ ਸਨ। ਉਮਰਾਹ ਮੱਕਾ ਦੀ ਇਕ ਧਾਰਮਿਕ ਯਾਤਰਾ ਹੈ, ਜੋ ਸਾਲ ਦੇ ਕਿਸੇ ਵੀ ਸਮੇਂ ਕੀਤੀ ਜਾ ਸਕਦੀ ਹੈ। ਐੱਫਆਈਏ ਦੇ ਇਮੀਗ੍ਰੇਸ਼ਨ ਅਧਿਕਾਰੀ ਤਾਰਿਕ ਮਹਿਮੂਦ ਨੇ ਦੂਜੀ ਘਟਨਾ ਤੋਂ ਬਾਅਦ ਜਾਰੀ ਬਿਆਨ ‘ਚ ਕਿਹਾ ਕਿ ਇਮੀਗ੍ਰੇਸ਼ਨ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਇਹ ਗਰੁੱਪ ‘ਭੀਖ’ ਮੰਗਣ ਦੇ ਇਰਾਦੇ ਨਾਲ ਸਾਊਦੀ ਅਰਬ ਜਾ ਰਿਹਾ ਸੀ। ਬਿਆਨ ਮੁਤਾਬਕ, “ਉਨ੍ਹਾਂ (ਭੀਖ ਮੰਗਣ ਦੇ ਮਾਮਲੇ ‘ਚ ਫੜੇ ਗਏ ਲੋਕ) ਦੱਸਿਆ ਕਿ ਉਨ੍ਹਾਂ ਨੇ ਭੀਖ ‘ਚ ਮਿਲੀ ਅੱਧੀ ਰਕਮ ਏਜੰਟ ਨੂੰ ਸੌਂਪਣੀ ਸੀ।”

ਐੱਫਆਈਏ ਨੇ ਕਿਹਾ ਕਿ ਫੜੇ ਗਏ ਲੋਕਾਂ ਦੇ ਪਾਸਪੋਰਟ ਜ਼ਬਤ ਕਰ ਲਏ ਗਏ ਹਨ ਅਤੇ ਉਨ੍ਹਾਂ ਨੂੰ ਕਾਨੂੰਨੀ ਕਾਰਵਾਈ ਲਈ ਮੁਲਤਾਨ ਸਥਿਤ ਏਜੰਸੀ ਦੀ ਮਨੁੱਖੀ ਤਸਕਰੀ ਰੋਕੂ ਇਕਾਈ ਨੂੰ ਭੇਜ ਦਿੱਤਾ ਗਿਆ ਹੈ। ਸੰਘੀ ਏਜੰਸੀ ਨੇ ਕਿਹਾ, ‘ਮੁਲਜ਼ਮਾਂ ਖ਼ਿਲਾਫ਼ ਮਨੁੱਖੀ ਸਮੱਗਲਿੰਗ ਐਕਟ 2018 ਤਹਿਤ ਐੱਫਆਈਆਰ ਦਰਜ ਕੀਤੀ ਜਾ ਰਹੀ ਹੈ।” ਅਖ਼ਬਾਰ ਮੁਤਾਬਕ ਫੜੇ ਗਏ ਪਹਿਲੇ ਗਰੁੱਪ ਨੇ ਪੁੱਛਗਿੱਛ ਦੌਰਾਨ ਐੱਫਆਈਏ ਅਧਿਕਾਰੀਆਂ ਨੂੰ ਦੱਸਿਆ ਕਿ ਉਹ ਭੀਖ ਮੰਗਣ ਲਈ ਸਾਊਦੀ ਅਰਬ ਜਾ ਰਹੇ ਸਨ ਅਤੇ ਬਾਅਦ ‘ਚ ਉਮਰਾਹ ਵੀਜ਼ਾ ਖਤਮ ਹੋਣ ‘ਤੇ ਉਨ੍ਹਾਂ ਨੇ ਪਾਕਿਸਤਾਨ ਪਰਤਣਾ ਸੀ।

Add a Comment

Your email address will not be published. Required fields are marked *