ਸਿੱਧੂ ਮੂਸੇਵਾਲਾ ਕਤਲ ਕਾਂਡ: ਸਚਿਨ ਬਿਸ਼ਨੋਈ ਅਦਾਲਤ ’ਚ ਪੇਸ਼

ਮਾਨਸਾ : ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ’ਚ ਦੋਸ਼ੀ ਸਚਿਨ ਬਿਸ਼ਨੋਈ ਉਰਫ ਸਚਿਨ ਥਾਪਨ ਨੂੰ ਦੇਰ ਰਾਤ ਮਾਨਸਾ ਪੁਲਸ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਦਿੱਲੀ ਤੋਂ ਟਰਾਂਜ਼ਿਟ ਰਿਮਾਂਡ ’ਤੇ ਲੈ ਕੇ ਮਾਨਸਾ ਪਹੁੰਚੀ। ਸਚਿਨ ਬਿਸ਼ਨੋਈ ਨੂੰ ਅੱਜ ਮਾਨਸਾ ਦੇ ਸਿਵਲ ਹਸਪਤਾਲ ’ਚ ਮੈਡੀਕਲ ਕਰਵਾਉਣ ਤੋਂ ਬਾਅਦ ਅਦਾਲਤ ’ਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਪੁਲਸ ਨੂੰ 8 ਦਿਨ ਦਾ ਰਿਮਾਂਡ ਦੇ ਦਿੱਤਾ ਹੈ।

ਇਸ ਮਾਮਲੇ ਦੀ ਅਗਲੀ ਸੁਣਵਾਈ 6 ਅਕਤੂਬਰ ਨੂੰ ਹੋਵੇਗੀ। ਮਾਨਸਾ ਪੁਲਸ ਨੇ ਸਚਿਨ ਦੇ ਰਿਮਾਂਡ ਦੌਰਾਨ ਕੁਝ ਨਵੇਂ ਇਨਪੁੱਟ ਮਿਲਣ ਦੀ ਸੰਭਾਵਨਾ ਪ੍ਰਗਟਾਈ ਹੈ। ਸਚਿਨ ਜੋ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਭਾਣਜਾ ਹੈ, ਜੋ ਸਿੱਧੂ ਦੀ ਹੱਤਿਆ ਤੋਂ ਬਾਅਦ 2022 ’ਚ ਫਰਜ਼ੀ ਪਾਸਪੋਰਟ ਦੇ ਸਹਾਰੇ ਵਿਦੇਸ਼ ਭੱਜਣ ’ਚ ਕਾਮਯਾਬ ਹੋ ਗਿਆ ਸੀ, ਨੂੰ ਅਜ਼ਰਬੈਜਾਨ ’ਚ ਪੁਲਸ ਨੇ ਹਿਰਾਸਤ ’ਚ ਲੈ ਲਿਆ ਸੀ। ਭਾਰਤ ਨੂੰ ਸੌਂਪੇ ਜਾਣ ਤੋਂ ਬਚਣ ਲਈ ਉਸ ਨੇ ਅਜ਼ਰਬੈਜਾਨ ’ਚ ਲੰਬੀ ਕਾਨੂੰਨੀ ਲੜਾਈ ਲੜੀ ਅਤੇ ਉਸ ਨੂੰ 1 ਅਗਸਤ ਨੂੰ ਭਾਰਤ ਦੇ ਹਵਾਲੇ ਕਰ ਦਿੱਤਾ ਗਿਆ। ਇਸ ਸਮੇਂ ਉਹ ਦਿੱਲੀ ਦੇ ਵਿਸ਼ੇਸ਼ ਸੈੱਲ ’ਚ ਬੰਦ ਸੀ।

ਪੁਲਸ ਸੂਤਰਾਂ ਅਨੁਸਾਰ ਸਚਿਨ ਉਨ੍ਹਾਂ 4 ਗੈਂਗਸਟਰਾਂ ’ਚੋਂ ਇਕ ਹੈ, ਜਿਨ੍ਹਾਂ ਨੇ ਮੂਸੇਵਾਲਾ ਦੇ ਕਤਲ ਦੀ ਸਾਜ਼ਿਸ਼ ਅਤੇ ਪਲਾਨਿੰਗ ਤਿਆਰ ਕੀਤੀ ਸੀ। ਸਚਿਨ ਨੇ ਕਥਿਤ ਰੂਪ ’ਚ ਮੂਸੇਵਾਲਾ ਦੇ ਕਤਲ ਲਈ ਹਥਿਆਰਾਂ ਦਾ ਪ੍ਰਬੰਧ ਕਰਨ ਤੋਂ ਇਲਾਵਾ ਬਲੈਰੋ ਗੱਡੀ ਦਾ ਇੰਤਜ਼ਾਮ ਕੀਤਾ ਸੀ। ਉਸ ਨੇ ਮੂਸੇਵਾਲਾ ਨੂੰ ਮਾਰਨ ਤੋਂ ਪਹਿਲਾਂ ਰੇਕੀ ਕੀਤੀ ਸੀ ਅਤੇ ਉਹ ਗੋਲਡੀ ਬਰਾੜ ਦੇ ਲਗਾਤਾਰ ਸੰਪਰਕ ਵਿੱਚ ਸੀ।

Add a Comment

Your email address will not be published. Required fields are marked *