ਪਾਕਿਸਤਾਨ ਤੋਂ ਖੋਹੀ ਓਲੰਪਿਕ ਹਾਕੀ ਕੁਆਲੀਫਾਇਰ ਦੀ ਮੇਜ਼ਬਾਨੀ

ਲੁਸਾਨੇ : ਪਾਕਿਸਤਾਨ ਹਾਕੀ ਫੈਡਰੇਸ਼ਨ ਅਤੇ ਦੇਸ਼ ਦੇ ਖੇਡ ਬੋਰਡ ਵਿਚਾਲੇ ਚੱਲ ਰਹੀ ਲੜਾਈ ਦੇ ਕਾਰਨ ਕੌਮਾਂਤਰੀ ਹਾਕੀ ਫੈਡਰੇਸ਼ਨ ਨੇ ਪਾਕਿਸਤਾਨ ਤੋਂ ਪੁਰਸ਼ ਹਾਕੀ ਓਲੰਪਿਕ ਕੁਆਲੀਫਾਇਰ ਦੀ ਮੇਜ਼ਬਾਨੀ ਖੋਹ ਕੇ ਓਮਾਨ ਨੂੰ ਦੇ ਦਿੱਤੀ ਹੈ। ਅੰਤਰਰਾਸ਼ਟਰੀ ਹਾਕੀ ਫੈਡਰੇਸ਼ਨ ਨੇ ਐਲਾਨ ਕੀਤਾ ਕਿ ਇਹ ਟੂਰਨਾਮੈਂਟ ਅਗਲੇ ਸਾਲ 15 ਤੋਂ 21 ਜਨਵਰੀ ਦਰਮਿਆਨ ਮਸਕਟ ਵਿੱਚ ਹੋਵੇਗਾ।

ਤਿੰਨ ਹੋਰ FIH ਹਾਕੀ ਓਲੰਪਿਕ ਕੁਆਲੀਫਾਇਰ ਚੀਨ (ਮਹਿਲਾ ਕੁਆਲੀਫਾਇਰ 15 ਤੋਂ 24 ਜਨਵਰੀ 2024) ਅਤੇ ਸਪੇਨ (ਮਹਿਲਾ ਅਤੇ ਪੁਰਸ਼ 13 ਤੋਂ 21 ਜਨਵਰੀ 2024) ਵਿੱਚ ਆਯੋਜਿਤ ਕੀਤੇ ਜਾਣਗੇ। FIH ਨੇ ਇੱਕ ਬਿਆਨ ਵਿੱਚ ਕਿਹਾ, ‘ਪਾਕਿਸਤਾਨ ਹਾਕੀ ਫੈਡਰੇਸ਼ਨ ਪ੍ਰਸ਼ਾਸਨ ਦੀ ਤਾਜ਼ਾ ਸਥਿਤੀ ਦੇ ਮੱਦੇਨਜ਼ਰ, FIH ਨੇ ਪਾਕਿਸਤਾਨ ਤੋਂ ਪੁਰਸ਼ ਓਲੰਪਿਕ ਹਾਕੀ ਕੁਆਲੀਫਾਇਰ ਦੀ ਮੇਜ਼ਬਾਨੀ ਵਾਪਸ ਲੈਣ ਦਾ ਫੈਸਲਾ ਕੀਤਾ ਸੀ। ਹੁਣ ਇਹ ਟੂਰਨਾਮੈਂਟ ਓਮਾਨ ਵਿੱਚ ਖੇਡਿਆ ਜਾਵੇਗਾ।

ਓਲੰਪਿਕ ਕੁਆਲੀਫਾਇਰ ਵਿੱਚੋਂ ਛੇ ਮਹਿਲਾ ਅਤੇ ਛੇ ਪੁਰਸ਼ ਟੀਮਾਂ ਪੈਰਿਸ ਓਲੰਪਿਕ ਲਈ ਕੁਆਲੀਫਾਈ ਕਰਨਗੀਆਂ। ਆਸਟ੍ਰੇਲੀਆ ਅਤੇ ਨੀਦਰਲੈਂਡ ਦੀਆਂ ਟੀਮਾਂ ਓਸ਼ੀਆਨਾ ਕੱਪ ਅਤੇ ਯੂਰੋ ਹਾਕੀ ਚੈਂਪੀਅਨਸ਼ਿਪ ਜਿੱਤ ਕੇ ਪਹਿਲਾਂ ਹੀ ਪੈਰਿਸ ਓਲੰਪਿਕ ਵਿੱਚ ਥਾਂ ਪੱਕੀ ਕਰ ਚੁੱਕੀਆਂ ਹਨ। ਚੀਨ ‘ਚ ਖੇਡੀਆਂ ਜਾ ਰਹੀਆਂ ਏਸ਼ੀਆਈ ਖੇਡਾਂ, ਪੈਨ ਅਮਰੀਕਨ ਖੇਡਾਂ ਅਤੇ ਅਫਰੀਕਨ ਹਾਕੀ ਰੋਡ ਟੂ ਪੈਰਿਸ ਟੂਰਨਾਮੈਂਟ ਬਾਕੀ ਬਚੀਆਂ ਆਟੋਮੈਟਿਕ ਕੁਆਲੀਫਾਈ ਕਰਨ ਵਾਲੀਆਂ ਟੀਮਾਂ ਨੂੰ ਨਿਰਧਾਰਤ ਕਰਨਗੇ। ਪੈਰਿਸ ਓਲੰਪਿਕ ਦੇ ਹਾਕੀ ਮੁਕਾਬਲੇ 27 ਜੁਲਾਈ ਤੋਂ 9 ਅਗਸਤ ਤੱਕ ਚੱਲਣਗੇ।

Add a Comment

Your email address will not be published. Required fields are marked *