ਮਨਮੋਹਨ ਸਿੰਘ ਦੇ ਕੰਮ ਉਨ੍ਹਾਂ ਦੇ ਸ਼ਬਦਾਂ ਨਾਲੋਂ ਵੱਧ ਬੋਲਦੇ ਸਨ: ਕਾਂਗਰਸ

ਨਵੀਂ ਦਿੱਲੀ, 26 ਸਤੰਬਰ- ਕਾਂਗਰਸ ਨੇ ਅੱਜ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਜਨਮਦਿਨ ਮੌਕੇ ਉਨ੍ਹਾਂ ਵੱਲੋਂ ਕੀਤੇ ਕੰਮ ਯਾਦ ਕੀਤੇ ਅਤੇ ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਉਹ ਇੱਕ ‘ਸੱਚੇ ਰਾਜਨੇਤਾ ਪ੍ਰਧਾਨ ਮੰਤਰੀ’ ਸਨ ਜਿਨ੍ਹਾਂ ਦੇ ਕੰਮ ਉਨ੍ਹਾਂ ਦੇ ਸ਼ਬਦਾਂ ਨਾਲੋਂ ਵੱਧ ਬੋਲਦੇ ਸਨ। ਅੱਜ 91 ਸਾਲਾਂ ਦੇ ਹੋਏ ਮਨਮੋਹਨ ਸਿੰਘ ਨੇ ਸਾਲ 2004 ਅਤੇ 2014 ਦਰਮਿਆਨ ਕਾਂਗਰਸ ਦੀ ਅਗਵਾਈ ਹੇਠਲੀ ਯੂਪੀਏ ਸਰਕਾਰ ਦੀ ਅਗਵਾਈ ਕੀਤੀ ਸੀ। ਉਹ 1991-96 ਦੌਰਾਨ ਪੀਵੀ ਨਰਸਿਮਹਾ ਰਾਓ ਦੀ ਅਗਵਾਈ ਹੇਠਲੀ ਸਰਕਾਰ ’ਚ ਵਿੱਤ ਮੰਤਰੀ ਵੀ ਰਹੇ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਐਕਸ ’ਤੇ ਲਿਖਿਆ, ‘ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਜੀ ਨੂੰ ਉਨ੍ਹਾਂ ਦੇ ਜਨਮਦਿਨ ਮੌਕੇ ਮੈਂ ਹਾਰਦਿਕ ਸ਼ੁਭ ਕਾਮਨਾਵਾਂ ਦਿੰਦਾ ਹਾਂ। ਉਹ ਰਾਜਨੀਤੀ ’ਚ ਸਾਦਗੀ ਤੇ ਮਾਣ ਦੀ ਵਿਲੱਖਣ ਮਿਸਾਲ ਹਨ। ਉਹ ਸੱਚੇ ਰਾਜਨੇਤਾ ਪ੍ਰਧਾਨ ਮੰਤਰੀ ਸਨ ਜਿਨ੍ਹਾਂ ਦੇ ਕੰਮ ਉਨ੍ਹਾਂ ਦੇ ਸ਼ਬਦਾਂ ਨਾਲੋਂ ਵੱਧ ਬੋਲਦੇ ਹਨ। ਅਸੀਂ ਉਨ੍ਹਾਂ ਦੀ ਚੰਗੀ ਸਿਹਤ, ਖੁਸ਼ੀ ਤੇ ਲੰਮੇ ਜੀਵਨ ਦੀ ਕਾਮਨਾ ਕਰਦੇ ਹਾਂ।’ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ, ‘ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਜੀ ਦੀ ਸੱਚ ਪ੍ਰਤੀ ਦ੍ਰਿੜ੍ਹਤਾ ਅਤੇ ਰਾਸ਼ਟਰ ਨਿਰਮਾਣ ਤੇ ਜਨਤਾ ਦੇ ਆਰਥਿਕ ਵਿਕਾਸ ਪ੍ਰਤੀ ਅਟੁੱਟ ਪ੍ਰਤੀਬੱਧਤਾ ਮੇਰੇ ਲਈ ਹਮੇਸ਼ਾ ਪ੍ਰੇਰਨਾ ਬਣੀ ਰਹੇਗੀ।।’ ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ, ‘ਅੱਜ ਡਾ. ਮਨਮੋਹਨ ਸਿੰਘ 91 ਸਾਲਾਂ ਦੇ ਹੋ ਗਏ ਹਨ। ਉਹ ਹਮੇਸ਼ਾ ਵਿਦਵਤਾ ਦੇ ਪ੍ਰਤੀਕ ਰਹੇ। ਇਸ ਤੋਂ ਕਿਤੇ ਵੱਧ ਉਹ ਜਿਸ ਵੀ ਅਹੁਦੇ ’ਤੇ ਰਹੇ, ਹਮੇਸ਼ਾ ਸੰਜਮ, ਨਿਮਰਤਾ ਤੇ ਮਾਣ-ਮਰਿਆਦਾ ਦੇ ਪ੍ਰਤੀਕ ਰਹੇ ਹਨ।’ ਪ੍ਰਿਯੰਕਾ ਗਾਂਧੀ ਵਾਡਰਾ ਨੇ ਕਿਹਾ, ‘ਮਨਮੋਹਨ ਸਿੰਘ ਜੀ ਨੂੰ ਜਨਮਦਿਨ ਦੀਆਂ ਸ਼ੁਭ ਕਾਮਨਾਵਾ। ਇੱਕ ਨੇਤਾ ਵਜੋਂ ਉਨ੍ਹਾਂ ਸਾਨੂੰ ਸਿਆਸਤ ’ਚ ਸਬਰ ਤੇ ਨਿਮਰਤਾ ਦਾ ਮੁੱਲ ਦਿਖਾਇਆ।’ ਇਸੇ ਤਰ੍ਹਾਂ ਦਿਗਵਿਜੈ ਸਿੰਘ, ਤਾਮਿਲ ਨਾਡੂ ਦੇ ਮੁੱਖ ਮੰਤਰੀ ਐਮਕੇ ਸਟਾਲਿਨ ਤੇ ਹੋਰ ਆਗੂਆਂ ਨੇ ਵੀ ਜਨਮਦਿਨ ਦੀਆਂ ਸ਼ੁਭ ਕਾਮਨਾਵਾਂ ਦਿੱਤੀਆਂ ਹਨ। 

Add a Comment

Your email address will not be published. Required fields are marked *