ਲੋਕਾਂ ਨੂੰ ਬਿਹਤਰ ਸੇਵਾਵਾਂ ਦੇਣ ਲਈ ਕਰਮਚਾਰੀਆਂ ਨੂੰ ਸਥਾਨਕ ਭਾਸ਼ਾ ਸਿੱਖਣ ਦੀ ਲੋੜ : ਸੀਤਾਰਮਨ

ਚੇਨਈ – ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਮੰਗਲਵਾਰ ਨੂੰ ਕਿਹਾ ਕਿ ਨੌਕਰੀਆਂ ਲਈ ਚੁਣੇ ਗਏ ਅਤੇ ਲੋੜ ਅਨੁਸਾਰ ਦੂਜੇ ਰਾਜਾਂ ਵਿੱਚ ਨਿਯੁਕਤ ਕੀਤੇ ਗਏ ਕਰਮਚਾਰੀਆਂ ਨੂੰ ਸਥਾਨਕ ਭਾਸ਼ਾ ਸਿੱਖਣੀ ਚਾਹੀਦੀ ਹੈ। ਇਸ ਨਾਲ ਉਹ ਲੋਕਾਂ ਨੂੰ ਬਿਹਤਰ ਸੇਵਾਵਾਂ ਪ੍ਰਦਾਨ ਕਰ ਸਕਣਗੇ। ਸੀਤਾਰਮਨ ਨੇ ਰੁਜ਼ਗਾਰ ਮੇਲੇ ਵਿੱਚ ਸਫਲ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪਣ ਤੋਂ ਬਾਅਦ, ਉਮੀਦਵਾਰਾਂ ਨੂੰ ਤਾਮਿਲਨਾਡੂ ਸਥਿਤ ਜਨਤਕ ਖੇਤਰ ਦੇ ਅਦਾਰਿਆਂ ਵਿੱਚ ਨੌਕਰੀਆਂ ਲਈ ਅਰਜ਼ੀ ਦੇਣ ਲਈ ਉਤਸ਼ਾਹਿਤ ਕੀਤਾ। 

ਕੇਂਦਰ ਦੇ ਰੋਜ਼ਗਾਰ ਮੇਲੇ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਅਕਤੂਬਰ, 2022 ਤੋਂ ਇਸ ਦਾ ਆਯੋਜਨ ਕਰ ਰਹੀ ਹੈ ਅਤੇ ਹੁਣ ਤੱਕ ਕਰੀਬ 10 ਲੱਖ ਲੋਕਾਂ ਨੂੰ ਨਿਯੁਕਤੀ ਪੱਤਰ ਸੌਂਪੇ ਜਾ ਚੁੱਕੇ ਹਨ। ਵਿੱਤ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਦੇਸ਼ ਭਰ ਵਿੱਚ ਉਮੀਦਵਾਰਾਂ ਨੂੰ ਡਿਜੀਟਲ ਤਰੀਕੇ ਨਾਲ 51,000 ਨਿਯੁਕਤੀ ਪੱਤਰ ਦੇ ਰਹੇ ਹਨ। ਤਾਮਿਲਨਾਡੂ ਤੋਂ 553 ਲੋਕਾਂ ਨੂੰ ਨਿਯੁਕਤੀ ਪੱਤਰ ਦਿੱਤੇ ਜਾ ਰਹੇ ਹਨ। ਉਸਨੇ ਜਨਤਕ ਖੇਤਰ ਦੇ ਅਦਾਰੇ ਜਾਂ ਬੈਂਕ ਵਿੱਚ ਚੋਣ ਤੋਂ ਬਾਅਦ ਉਮੀਦਵਾਰਾਂ ਦੁਆਰਾ ਸੇਵਾਵਾਂ ਦੀ ਡਿਲੀਵਰੀ ਵਿੱਚ ਸੁਧਾਰ ਕਰਨ ਲਈ ਸਥਾਨਕ ਭਾਸ਼ਾ ਸਿੱਖਣ ਬਾਰੇ ਗੱਲ ਕੀਤੀ।

ਉਨ੍ਹਾਂ ਕਿਹਾ ਕਿ ਸਥਾਨਕ ਭਾਸ਼ਾਵਾਂ ਰਾਹੀਂ ਗਾਹਕਾਂ ਨੂੰ ਬਿਹਤਰ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਸਕਦੀਆਂ ਹਨ। ਇੱਕ ਉਦਾਹਰਣ ਦਿੰਦੇ ਹੋਏ ਸੀਤਾਰਮਨ ਨੇ ਕਿਹਾ ਕਿ ਜੇਕਰ ਕਿਸੇ ਉਮੀਦਵਾਰ ਨੂੰ ਕਰਨਾਟਕ ਵਿੱਚ ਨੌਕਰੀ ਮਿਲੀ ਹੈ ਤਾਂ ਉਸਨੂੰ ਕੰਨੜ ਸਿੱਖਣੀ ਚਾਹੀਦੀ ਹੈ। ਜੇਕਰ ਉਹ ਤਾਮਿਲਨਾਡੂ ਵਿੱਚ ਤਾਇਨਾਤ ਹੈ ਤਾਂ ਉਸਨੂੰ ਤਾਮਿਲ ਸਿੱਖਣਾ ਚਾਹੀਦਾ ਹੈ। ਉਮੀਦਵਾਰਾਂ ਨੂੰ ਸਥਾਨਕ ਭਾਸ਼ਾ ਦਾ ਗਿਆਨ ਨਾ ਹੋਣ ਕਾਰਨ ਸੇਵਾ ਪ੍ਰਦਾਨ ਕਰਨ ਵਿੱਚ ਢਿੱਲ ਹੈ। ਗਜ਼ਟਿਡ ਅਤੇ ਨਾਨ-ਗਜ਼ਟਿਡ ਦੋਵਾਂ ਸ਼੍ਰੇਣੀਆਂ ਦੇ ਕਰਮਚਾਰੀਆਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਹਨ।

Add a Comment

Your email address will not be published. Required fields are marked *