ਸਵਰਾ ਭਾਸਕਰ ਦੇ ਘਰ ਗੂੰਜੀਆਂ ਨੰਨ੍ਹੀ ਪਰੀ ਦੀਆਂ ਕਿਲਕਾਰੀਆਂ

ਮੁੰਬਈ – ਅਦਾਕਾਰਾ ਸਵਰਾ ਭਾਸਕਰ ਦੇ ਘਰ ਕਿਲਕਾਰੀਆਂ ਗੂੰਜ ਉਠੀਆਂ ਹਨ। ਸਵਰਾ ਭਾਸਕਰ ਤੇ ਫਹਾਦ ਅਹਿਮਦ ਹੁਣ ਮਾਤਾ-ਪਿਤਾ ਬਣ ਗਏ ਹਨ। ਉਨ੍ਹਾਂ ਨੇ ਆਪਣੇ ਪਹਿਲੇ ਬੱਚੇ ਦਾ ਸਵਾਗਤ ਕੀਤਾ। ਜੋੜੇ ਦੇ ਘਰ ਇਕ ਨੰਨ੍ਹੀ ਪਰੀ ਦਾ ਜਨਮ ਹੋਇਆ ਹੈ, ਜਿਸ ਦਾ ਐਲਾਨ ਸਵਰਾ ਭਾਸਕਰ ਨੇ ਸੋਸ਼ਲ ਮੀਡੀਆ ’ਤੇ ਕੀਤਾ ਸੀ। ਆਪਣੀ ਧੀ ਦੇ ਨਾਂ ਦਾ ਖ਼ੁਲਾਸਾ ਕਰਦਿਆਂ ਉਨ੍ਹਾਂ ਨੇ ਕਈ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ।

ਸਵਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਪ੍ਰਸ਼ੰਸਕਾਂ ਨਾਲ ਇਹ ਖ਼ੁਸ਼ਖ਼ਬਰੀ ਸਾਂਝੀ ਕੀਤੀ ਹੈ। ਕਈ ਪਿਆਰੀਆਂ ਤਸਵੀਰਾਂ ਸਾਂਝੀਆਂ ਕਰਦਿਆਂ ਉਸ ਨੇ ਕੈਪਸ਼ਨ ’ਚ ਲਿਖਿਆ, ‘‘ਇਕ ਪ੍ਰਾਰਥਨਾ ਸੁਣੀ, ਇਕ ਆਸ਼ੀਰਵਾਦ ਦਿੱਤਾ, ਇਕ ਗਾਣਾ ਗੂੰਜਿਆ, ਇਕ ਰਹੱਸਮਈ ਸੱਚਾਈ। ਸਾਡੀ ਧੀ ਰਾਬੀਆ ਦਾ ਜਨਮ 23 ਸਤੰਬਰ, 2023 ਨੂੰ ਹੋਇਆ ਸੀ। ਅਸੀਂ ਸ਼ੁਕਰਗੁਜ਼ਾਰ ਹਾਂ ਤੇ ਖ਼ੁਸ਼ ਦਿਲ ਨਾਲ ਤੁਹਾਡੇ ਪਿਆਰ ਲਈ ਧੰਨਵਾਦੀ ਹਾਂ। ਇਹ ਪੂਰੀ ਨਵੀਂ ਦੁਨੀਆ ਹੈ।’’

ਇਨ੍ਹਾਂ ਤਸਵੀਰਾਂ ’ਚ ਸਵਰਾ ਤੇ ਫਹਾਦ ਰਾਬੀਆ ਨੂੰ ਗੋਦ ’ਚ ਚੁੱਕੀ ਨਜ਼ਰ ਆ ਰਹੇ ਹਨ। ਹੋਰ ਤਸਵੀਰਾਂ ਹਸਪਤਾਲ ਦੀਆਂ ਹਨ, ਜਿਨ੍ਹਾਂ ’ਚ ਸਵਰਾ ਲੇਟੀ ਹੋਈ ਹੈ ਤੇ ਬੱਚੇ ਨੂੰ ਪਿਆਰ ਨਾਲ ਆਪਣੀ ਛਾਤੀ ’ਤੇ ਰੱਖਿਆ ਹੈ। ਇਕ ਤਸਵੀਰ ’ਚ ਫਹਾਦ ਵੀ ਆਪਣੀ ਧੀ ’ਤੇ ਪਿਆਰ ਦੀ ਵਰਖਾ ਕਰਦੇ ਨਜ਼ਰ ਆ ਰਹੇ ਹਨ। ਉਹ ਸੋਫੇ ’ਤੇ ਰਾਬੀਆ ਨੂੰ ਗੋਦ ’ਚ ਲੈ ਕੇ ਬੈਠੇ ਨਜ਼ਰ ਆ ਰਹੇ ਹਨ। ਇਹ ਖ਼ੁਸ਼ਖ਼ਬਰੀ ਸੁਣ ਕੇ ਪ੍ਰਸ਼ੰਸਕ ਇਸ ਜੋੜੀ ਨੂੰ ਵਧਾਈ ਦੇ ਰਹੇ ਹਨ।

ਫਰਵਰੀ ’ਚ ਸਵਰਾ ਨੇ ਐਲਾਨ ਕੀਤਾ ਸੀ ਕਿ ਉਸ ਨੇ 6 ਜਨਵਰੀ, 2023 ਨੂੰ ਸਿਆਸੀ ਕਾਰਕੁੰਨ ਫਹਾਦ ਅਹਿਮਦ ਨਾਲ ਕੋਰਟ ਮੈਰਿਜ ਕੀਤੀ ਸੀ। ਫਹਾਦ ਅਹਿਮਦ ਸਮਾਜਵਾਦੀ ਪਾਰਟੀ ਦੇ ਸੂਬਾਈ ਯੂਥ ਪ੍ਰਧਾਨ ਹਨ। ਇੰਸਟਾਗ੍ਰਾਮ ’ਤੇ ਆਪਣੀ ਲਵ ਸਟੋਰੀ ਨੂੰ ਬਿਆਨ ਕਰਦਿਆਂ ਇਕ ਵੀਡੀਓ ਸਾਂਝੀ ਕਰਦਿਆਂ ਸਵਰਾ ਨੇ ਖ਼ੁਲਾਸਾ ਕੀਤਾ ਕਿ ਦੋਵੇਂ ਵਿਰੋਧ ਪ੍ਰਦਰਸ਼ਨ ਦੌਰਾਨ ਮਿਲੇ ਸਨ ਤੇ ਮੁਲਾਕਾਤ ਦੌਰਾਨ ਪਿਆਰ ਹੋ ਗਿਆ ਸੀ।

ਜੂਨ 2023 ’ਚ ਸਵਰਾ ਨੇ ਆਪਣੀ ਗਰਭ ਅਵਸਥਾ ਦੀ ਖ਼ੁਸ਼ਖ਼ਬਰੀ ਸਾਂਝੀ ਕੀਤੀ ਸੀ। ਉਸ ਨੇ ਆਪਣੇ ਬੇਬੀ ਬੰਪ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਤੇ ਦੱਸਿਆ ਕਿ ਉਹ ਅਕਤੂਬਰ ’ਚ ਆਪਣੇ ਪਹਿਲੇ ਬੱਚੇ ਦਾ ਸਵਾਗਤ ਕਰਨ ਦੀ ਉਮੀਦ ਕਰ ਰਹੀ ਹੈ। ਹੁਣ ਉਨ੍ਹਾਂ ਨੇ 23 ਸਤੰਬਰ ਨੂੰ ਆਪਣੀ ਧੀ ਦਾ ਸਵਾਗਤ ਕੀਤਾ ਤੇ 25 ਸਤੰਬਰ ਨੂੰ ਪ੍ਰਸ਼ੰਸਕਾਂ ਨਾਲ ਇਹ ਖ਼ਬਰ ਸਾਂਝੀ ਕੀਤੀ। ਇਹ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ।

Add a Comment

Your email address will not be published. Required fields are marked *