ਸੱਤਾ ਵਿੱਚ ਆਏ ਤਾਂ ਜਾਤੀ ਜਨਗਣਨਾ ਕਰਾਵਾਂਗੇ: ਰਾਹੁਲ

ਬਿਲਾਸਪੁਰ, 25 ਸਤੰਬਰ– ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਪਾਰਟੀ ਸੱਤਾ ਵਿੱਚ ਆਈ ਤਾਂ ‘ਜਾਤੀ ਜਨਗਣਨਾ’ ਕਰਵਾਈ ਜਾਵੇਗੀ। ਗਾਂਧੀ ਨੇ ਕਿਹਾ ਕਿ ਅਜਿਹੀਆਂ ਮਸ਼ਕਾਂ ਨਾਲ ਹੀ ‘‘ਓਬੀਸੀ’ਜ਼, ਦਲਿਤਾਂ, ਆਦਿਵਾਸੀਆਂ ਤੇ ਮਹਿਲਾਵਾਂ ਦੀ ਸ਼ਮੂਲੀਅਤ’’ ਯਕੀਨੀ ਬਣੇਗੀ। ਉਨ੍ਹਾਂ ਸਵਾਲ ਕੀਤਾ ਕਿ ਨਰਿੰਦਰ ਮੋਦੀ ਸਰਕਾਰ ਨੇ ਕਾਂਗਰਸ (ਜਦੋਂ ਸੱਤਾ ਵਿੱਚ ਸੀ) ਵੱਲੋਂ ਕਰਵਾਈ ‘ਜਾਤੀ ਜਨਗਣਨਾ’ ਬਾਰੇ ਅਜੇ ਤੱਕ ਤਫਸੀਲ ਕਿਉਂ ਨਹੀਂ ਜਾਰੀ ਕੀਤੀ। ਗਾਂਧੀ ਨੇ ਕਿਹਾ ਕਿ ਉਹ ਜਾਣਨਾ ਚਾਹੁੰਦੇ ਹਨ ਕਿ ਕੀ ਪ੍ਰਧਾਨ ਮੰਤਰੀ ਨੂੰ ਅਜਿਹੀ ਮਸ਼ਕ ਤੋਂ ਡਰ ਲੱਗਦਾ ਹੈ।

ਇਥੇ ਬਿਲਾਸਪੁਰ ਦੇ ਪਿੰਡ ਪਰਸਾਦਾ (ਸਕਰੀ) ਵਿੱਚ ਸੂਬਾ ਸਰਕਾਰ ਦੇ ‘ਆਵਾਸ ਨਿਆਏ ਸੰਮੇਲਨ’ ਨੂੰ ਸੰਬੋਧਨ ਕਰਦਿਆਂ ਗਾਂਧੀ ਨੇ ਹਜੂਮ ਵੱਲ ਰਿਮੋਰਟ ਲਹਿਰਾਉਂਦਿਆਂ ਕਿਹਾ ਕਿ ਕਾਂਗਰਸ ਜਦੋਂ ਇਸ ਨੂੰ ਦੱਬੇਗੀ ਤਾਂ ਗਰੀਬ ਤੇ ਲੋੜਵੰਦਾਂ ਦਾ ਭਲਾ ਹੋਵੇਗਾ। ਗਾਂਧੀ ਨੇ ਕਿਹਾ ਕਿ ਜਦੋਂ ਸੱਤਾਧਾਰੀ ਭਾਜਪਾ ਅਜਿਹੇ ਰਿਮੋਰਟ ਦੱਬਦੀ ਹੈ ਤਾਂ ‘‘ਅਡਾਨੀ ਨੂੰ ਬੰਦਰਗਾਹਾਂ, ਹਵਾਈ ਅੱਡੇ ਤੇ ਰੇਲਵੇ ਦੇ ਠੇਕੇ ਮਿਲਦੇ ਹਨ।’’ ਉਨ੍ਹਾਂ ਕਿਹਾ ਕਿ ਕਾਂਗਰਸ ਕੈਮਰਿਆਂ ਦੇ ਸਾਹਮਣੇ ਰਿਮੋਰਟ ਦੱਬਦੀ ਹੈ, ਜਦੋਂਕਿ ਭਾਜਪਾ ਇਹ ਕੰਮ ਗੁਪਤ ਰੂਪ ਵਿੱਚ ਕਰਦੀ ਹੈ। ਗਾਂਧੀ ਨੇ ਕਿਹਾ, ‘‘ਦੋ ਤਰ੍ਹਾਂ ਦੇ ਰਿਮੋਰਟ ਕੰਟਰੋਲ ਹਨ। ਜਦੋਂ ਅਸੀਂ ਦੱਬਦੇ ਹਾਂ ਤਾਂ ਕਿਸਾਨਾਂ ਨੂੰ ‘ਨਿਆਏ’ ਸਕੀਮ ਤਹਿਤ ਉਨ੍ਹਾਂ ਦੇ ਖਾਤਿਆਂ ਵਿੱਚ ਸਿੱਧਾ ਪੈਸਾ ਮਿਲ ਜਾਂਦਾ ਹੈ ਤੇ ਅੰਗਰੇਜ਼ੀ ਮੀਡੀਅਮ ਸਕੂਲ ਖੁੱਲ੍ਹ ਜਾਂਦੇ ਹਨ। ਪਰ ਜਦੋਂ ਭਾਜਪਾ ਰਿਮੋਰਟ ਦੱਬਦੀ ਹੈ ਤਾਂ ਸਰਕਾਰੀ ਖੇਤਰਾਂ ਦਾ ਨਿੱਜੀਕਰਨ ਹੋ ਜਾਂਦਾ ਹੈ ਤੇ ਜਲ-ਜੰਗਲ-ਜ਼ਮੀਨ ਅਡਾਨੀ ਨੂੰ ਚਲੀ ਜਾਂਦੀ ਹੈ।’’ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੇ ਅਡਾਨੀ ਨਾਲ ਰਿਸ਼ਤਿਆਂ ਬਾਰੇ ਸਵਾਲ ਕਰਨ ’ਤੇ ਹੀ ਉਨ੍ਹਾਂ ਦੀ ਲੋਕ ਸਭਾ ਮੈਂਬਰੀ ਰੱਦ ਕੀਤੀ ਗਈ। ਉਨ੍ਹਾਂ ਕਿਹਾ, ‘‘ਕਾਂਗਰਸ ਨੇ ਜਾਤੀ ਜਨਗਣਨਾ ਕਰਵਾਈ ਸੀ, ਜਿਸ ਵਿਚ ਦੇਸ਼ ’ਚ ਹਰੇਕ ਜਾਤ ਦੀ ਆਬਾਦੀ ਬਾਰੇ ਰਿਕਾਰਡ ਸੀ। ਕੇਂਦਰ ਸਰਕਾਰ ਕੋਲ ਇਹ ਰਿਪੋਰਟ ਮੌਜੂਦ ਹੈ, ਪਰ ਮੋਦੀਜੀ ਇਸ ਤੋਂ ਪਰਦਾ ਨਹੀਂ ਚੁੱਕਣਾ ਚਾਹੁੰਦੇ।’’ ਗਾਂਧੀ ਨੇ ਜ਼ੋਰ ਕੇ ਆਖਿਆ, ‘‘ਜੇਕਰ ਅਸੀਂ ਹੋਰਨਾਂ ਪੱਛੜੇ ਵਰਗਾਂ, ਦਲਿਤਾਂ, ਆਦਿਵਾਸੀਆਂ ਤੇ ਮਹਿਲਾਵਾਂ ਦੀ ਸ਼ਮੂਲੀਅਤ ਯਕੀਨੀ ਬਣਾਉਣਾ ਚਾਹੁੰਦੇ ਹਾਂ ਤਾਂ ਜਾਤੀ ਜਨਗਣਨਾ ਕਰਨੀ ਹੋਵੇਗੀ। ਜੇਕਰ ਮੋਦੀਜੀ ਜਾਤੀਗਤ ਜਨਗਣਨਾ ਨਹੀਂ ਕਰਵਾਉਣਗੇ, ਤਾਂ ਅਸੀਂ ਸੱਤਾ ਵਿੱਚ ਆਉਣ ਮਗਰੋਂ ਆਪਣੀ ਪਲੇਠੀ ਪੇਸ਼ਕਦਮੀ ਵਜੋਂ ਇਹ ਕੰਮ ਕਰਾਂਗੇ ਤਾਂ ਕਿ ਓਬੀਸੀ ਦੀ ਸ਼ਮੂਲੀਅਤ ਯਕੀਨੀ ਬਣੇ।’’

Add a Comment

Your email address will not be published. Required fields are marked *