ਪੰਜਾਬ ਸਰਕਾਰ ਵੱਲੋਂ ਏਸ਼ੀਆਈ ਖੇਡਾਂ ’ਚ ਹਿੱਸਾ ਲੈ ਰਹੇ 58 ਖਿਡਾਰੀਆਂ ਨੂੰ ਤੋਹਫ਼ਾ

ਚੀਨ ਦੇ ਸ਼ਹਿਰ ਹਾਂਗਜ਼ੂ ਵਿਖੇ ਅੱਜ 23 ਸਤੰਬਰ ਤੋਂ 8 ਅਕਤੂਬਰ ਤੱਕ ਹੋਣ ਵਾਲੀਆਂ ਏਸ਼ੀਆਈ ਖੇਡਾਂ ਦੀ ਸ਼ੁਰੂਆਤ ਹੋ ਗਈ ਹੈ। ਇਸ ‘ਚ ਹਿੱਸਾ ਲੈ ਰਹੇ ਭਾਰਤ ਦੇ 653 ਮੈਂਬਰੀ ਖੇਡ ਦਲ ਵਿੱਚ 58 ਖਿਡਾਰੀ ਪੰਜਾਬ ਦੇ ਹਨ। ਪੰਜਾਬ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਉਤੇ ਬਣਾਈ ਨਵੀਂ ਖੇਡ ਨੀਤੀ ਨੂੰ ਲਾਗੂ ਕਰਦਿਆਂ 58 ਖਿਡਾਰੀਆਂ ਨੂੰ ਤਿਆਰੀ ਲਈ 4.64 ਕਰੋੜ ਰੁਪਏ ਦੀ ਨਗਦ ਰਾਸ਼ੀ ਦਿੱਤੀ ਜਿਸ ‘ਚੋਂ ਹਰ ਖਿਡਾਰੀ ਨੂੰ 8-8 ਲੱਖ ਰੁਪਏ ਮਿਲੇ।  ਖੇਡਾਂ ਦੀ ਤਿਆਰੀ ਕਰਨ ਲਈ ਇਨਾਮ ਰਾਸ਼ੀ ਦੇਣ ਵਾਲਾ ਪੰਜਾਬ ਪਹਿਲਾ ਸੂਬਾ ਬਣਿਆ ਹੈ। ਇਸ ਲਈ ਪੰਜਾਬ ਦੇ ਖੇਡ ਮੰਤਰੀ ਮੀਤ ਹੇਅਰ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕੀਤਾ। 

ਮੀਤ ਹੇਅਰ ਨੇ ਏਸ਼ੀਆਈ ਖੇਡਾਂ ਲਈ ਭਾਰਤੀ ਖੇਡ ਦਲ ਨੂੰ ਸ਼ੁਭਇੱਛਾਵਾਂ ਦਿੱਤੀਆਂ। ਏਸ਼ੀਆਈ ਖੇਡਾਂ ‘ਚ ਸੋਨੇ, ਚਾਂਦੀ ਤੇ ਕਾਂਸੀ ਦੇ ਤਮਗ਼ੇ ਜਿੱਤਣ ਵਾਲੇ ਪੰਜਾਬੀ ਖਿਡਾਰੀਆਂ ਨੂੰ ਇਨਾਮ ਰਾਸ਼ੀ ਵਜੋਂ ਕ੍ਰਮਵਾਰ ਇਕ ਕਰੋੜ ਰੁਪਏ, 75 ਲੱਖ ਤੇ 50 ਲੱਖ ਰੁਪਏ ਮਿਲਣਗੇ। ਹਾਕੀ ਕਪਤਾਨ ਹਰਮਨਪ੍ਰੀਤ ਸਿੰਘ ਭਾਰਤੀ ਖੇਡ ਦਲ ਦਾ ਝੰਡਾਬਰਦਾਰ ਬਣਿਆ ਹੈ।
ਭਾਰਤੀ ਖੇਡ ਦਲ ਵਿੱਚ ਪੰਜਾਬ ਤੋਂ ਹਾਕੀ ਦੇ 10 ਖਿਡਾਰੀ, ਨਿਸ਼ਾਨੇਬਾਜ਼ੀ ‘ਚ 9 ਖਿਡਾਰੀ, ਰੋਇੰਗ ਕ੍ਰਿਕਟ ਤੇ ਬਾਸਕਟਬਾਲ ਵਿੱਚ 5-5 ਖਿਡਾਰੀ, ਅਥਲੈਟਿਕਸ ਵਿੱਚ 4 ਖਿਡਾਰੀ, ਤੀਰਅੰਦਾਜ਼ੀ ਵਿੱਚ 3 ਖਿਡਾਰੀ, ਤਲਵਾਰਬਾਜ਼ੀ ਤੇ ਸਾਈਕਲਿੰਗ ਵਿੱਚ 2-2 ਖਿਡਾਰੀ, ਬੈਡਮਿੰਟਨ, ਜੂਡੋ ਤੇ ਕੁਸ਼ਤੀ ਵਿੱਚ 1-1 ਖਿਡਾਰੀ ਹਨ।

ਪੰਜਾਬ ਦੇ 10 ਪੈਰਾ ਖਿਡਾਰੀ ਵੀ ਹਿੱਸਾ ਲੈ ਰਹੇ ਹਨ। ਪੈਰਾ ਪਾਵਰ ਲਿਫਟਿੰਗ ਵਿੱਚ 4 ਖਿਡਾਰੀ, ਪੈਰਾ ਅਥਲੈਟਿਕਸ ਵਿੱਚ 3 ਖਿਡਾਰੀ ਪੈਰਾ ਬੈਡਮਿੰਟਨ ਵਿੱਚ 2 ਖਿਡਾਰੀ ਅਤੇ ਪੈਰਾ ਤਾਇਕਵਾਂਡੋ ਵਿੱਚ 1 ਖਿਡਾਰੀ ਪੰਜਾਬ ਦੀ ਨੁਮਾਇੰਦਗੀ ਕਰੇਗਾ। 

Add a Comment

Your email address will not be published. Required fields are marked *