ਅਣਪਛਾਤੇ ਵਿਅਕਤੀਆਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਦਾ ਕਤਲ

ਸ੍ਰੀ ਚਮਕੌਰ ਸਾਹਿਬ: ਬੀਤੀ ਰਾਤ ਪਿੰਡ ਧੋਲਰਾਂ ਦੇ ਪੁਲ ਨਜ਼ਦੀਕ ਦੋ ਨੌਜਵਾਨਾਂ ’ਤੇ ਕੁਝ ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਇਕ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਦੂਜੇ ਨੂੰ ਗੰਭੀਰ ਜ਼ਖਮੀ ਕਰ ਦਿੱਤਾ। ਥਾਣਾ ਮੁਖੀ ਹਰਸ਼ ਮੋਹਨ ਗੌਤਮ ਨੇ ਦੱਸਿਆ ਕਿ ਸੁਖਵਿੰਦਰ ਸਿੰਘ ਪੁੱਤਰ ਪ੍ਰੇਮ ਚੰਦ ਵਾਸੀ ਪਿੰਡ ਬਸੀ ਗੁੱਜਰਾਂ ਦੇ ਬਿਆਨਾਂ ਦੇ ਆਧਾਰ ’ਤੇ ਕਥਿਤ ਦੋਸ਼ੀਆਂ ਵਿਰੁੱਧ ਪਰਚਾ ਦਰਜ ਕਰ ਲਿਆ ਗਿਆ ਹੈ। ਥਾਣਾ ਮੁਖੀ ਨੇ ਦੱਸਿਆ ਕਿ ਸੁਖਵਿੰਦਰ ਸਿੰਘ ਅਨੁਸਾਰ ਬੀਤੀ ਰਾਤ ਉਹ ਸ੍ਰੀ ਚਮਕੌਰ ਸਾਹਿਬ ਤੋਂ ਆਪਣੇ ਪਿੰਡ ਨੂੰ ਜਾ ਰਿਹਾ ਸੀ। ਧੋਲਰਾਂ ਦੇ ਪੁਲ ਤੋਂ ਫਤਿਹਪੁਰ ਵਾਲੇ ਪਾਸੇ ਮੋੜ ਕੱਟਿਆ ਤਾਂ ਉਥੇ ਉਂਕਾਰ ਸਿੰਘ ਉਰਫ ਰਾਜਨ ਵਾਸੀ ਪਿੰਡ ਬਸੀ ਗੁੱਜਰਾਂ, ਦਮਨਪ੍ਰੀਤ ਸਿੰਘ ਵਾਸੀ ਸ੍ਰੀ ਚਮਕੌਰ ਸਾਹਿਬ, ਨਵਜੋਤ ਸਿੰਘ ਨਵੀ ਵਾਸੀ ਰਾਏਪੁਰ ਸਮੇਤ ਦੋ-ਤਿੰਨ ਅਣਪਛਾਤੇ ਵਿਅਕਤੀ ਰਾਡਾਂ, ਡੰਡੇ ਤੇ ਤੇਜ਼ਧਾਰ ਹਥਿਆਰ ਲੈ ਕੇ ਖੜ੍ਹੇ ਸਨ। ਉਹ ਮੇਰੇ ਭਤੀਜੇ ਧੀਰਜ ਕੁਮਾਰ ਅਤੇ ਸੁਖਦੇਵ ਸਿੰਘ ਵਾਸੀ ਰੱਤੋਂ ਥਾਣਾ ਖਮਾਣੋਂ ਨੂੰ ਬੇਰਹਿਮੀ ਨਾਲ ਕੁੱਟ ਰਹੇ ਸਨ।

ਬਿਆਨਕਰਤਾ ਨੇ ਦੱਸਿਆ ਕਿ ਦਮਨਪ੍ਰੀਤ ਸਿੰਘ ਤੇ ਉਸਦੇ ਸਾਥੀਆਂ ਨੇ ਮੇਰੇ ਭਤੀਜੇ ’ਤੇ ਹਥਿਆਰਾਂ ਨਾਲ ਵਾਰ ਕੀਤੇ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ। ਰੌਲਾ ਸੁਣ ਕੇ ਪਿੰਡ ਬਸੀ ਗੁੱਜਰਾਂ ਦੇ ਹੋਰ ਵਾਸੀ ਵੀ ਉਥੇ ਪੁੱਜ ਗਏ, ਜਿਸ ਕਾਰਨ ਹਮਲਾਵਰ ਉਥੋਂ ਭੱਜ ਗਏ। ਅਸੀਂ ਧੀਰਜ ਅਤੇ ਸੁਖਦੀਪ ਨੂੰ ਸ੍ਰੀ ਚਮਕੌਰ ਸਾਹਿਬ ਦੇ ਹਸਪਤਾਲ ਲਿਆਂਦਾ, ਜਿਥੇ ਧੀਰਜ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਉਧਰ ਇਸ ਕਤਲ ਤੋਂ ਬਾਅਦ ਦੱਸਿਆ ਜਾਂਦਾ ਹੈ ਕਿ ਹਮਲਾਵਰਾਂ ਵਿਚੋਂ ਦੋ ਵਿਅਕਤੀ ਹਸਪਤਾਲ ਵਿਚ ਆ ਕੇ ਲੰਮੇ ਪੈ ਗਏ, ਜਦਕਿ ਦੂਜੇ ਪਾਸੇ ਮ੍ਰਿਤਕ ਧੀਰਜ ਕੁਮਾਰ ਦੇ ਪਰਿਵਾਰਕ ਮੈਂਬਰ ਅਤੇ ਪਿੰਡ ਵਾਲੇ ਵੀ ਗੁੱਸੇ ਵਿਚ ਪੁੱਜ ਗਏ।

ਕਿਸੇ ਅਣਸੁਖਾਵੀਂ ਘਟਨਾ ਨੂੰ ਟਾਲਣ ਲਈ ਪੁਲਸ ਮ੍ਰਿਤਕ ਦੇ ਪਰਿਵਾਰ ਨੂੰ ਦੇਰ ਰਾਤ ਤਕ ਸ਼ਾਂਤ ਕਰਦੀ ਰਹੀ ਪਰ ਉਹ ਹਸਪਤਾਲ ਵਿਚ ਹੀ ਧਰਨੇ ’ਤੇ ਬੈਠ ਗਏ ਤੇ ਕਹਿਣ ਲੱਗੇ ਕਿ ਮੁਲਜ਼ਮ ਸਾਡੇ ਹਵਾਲੇ ਕੀਤੇ ਜਾਣ, ਅਸੀਂ ਬਦਲਾ ਲੈਣਾ ਹੈ। ਸਥਿਤੀ ਬੇਕਾਬੂ ਹੁੰਦੀ ਵੇਖ ਸਥਾਨਕ ਡੀ. ਐੱਸ. ਪੀ. ਜਰਨੈਲ ਸਿੰਘ ਵੀ ਅੱਧੀ ਰਾਤ ਨੂੰ ਪੁੱਜ ਗਏ, ਜਦਕਿ ਮ੍ਰਿਤਕ ਦੇ ਹਿਮਾਇਤੀਆਂ ਦਾ ਗੁੱਸਾ ਘੱਟ ਨਹੀਂ ਹੋ ਰਿਹਾ ਸੀ ਅਤੇ ਆਲੇ-ਦੁਆਲੇ ਦੇ ਪਿੰਡਾਂ ਦੇ ਲੋਕ ਵੀ ਪੁੱਜਣੇ ਸ਼ੁਰੂ ਹੋ ਗਏ ਸਨ। ਅਮਨ ਕਾਨੂੰਨ ਦੀ ਸਥਿਤੀ ਬੇਕਾਬੂ ਹੁੰਦੀ ਵੇਖ ਕੇ ਜ਼ਿਲ੍ਹੇ ਵਿਚ ਹੋਰ ਫੋਰਸ ਸਮੇਤ ਡੀ. ਐੱਸ. ਪੀ. ਤਰਲੋਚਨ ਸਿੰਘ ਤੇ ਮਨਜੀਤ ਸਿੰਘ ਆਦਿ ਵੀ ਪੁੱਜ ਗਏ।

ਧਰਨੇ ’ਤੇ ਬੈਠੇ ਮ੍ਰਿਤਕ ਦੇ ਪਰਿਵਾਰਕ ਮੈਂਬਰ ਪੁਲਸ ’ਤੇ ਹਮਾਲਾਵਰਾਂ ਨੂੰ ਬਚਾਉਣ ਦੇ ਦੋਸ਼ ਲਾ ਰਹੇ ਸਨ ਤੇ ਸਖਤ ਕਾਰਵਾਈ ਦੀ ਮੰਗ ਵੀ ਕਰ ਰਹੇ ਸਨ, ਜਦਕਿ ਡੀ. ਐੱਸ. ਪੀ. ਜਰਨੈਲ ਸਿੰਘ ਨੇ ਦੱਸਿਆ ਕਿ ਅਸੀ ਹਮਾਲਵਰਾਂ ਵਿਰੁੱਧ ਸਖਤ ਕਾਰਵਾਈ ਕਰਾਂਗੇ। ਇਸੇ ਦੌਰਾਨ ਲਗਭਗ ਤੜਕੇ 2 ਵਜੇ ਹਮਲਾਵਰਾਂ ਨੂੰ ਹਸਪਤਾਲ ’ਚੋਂ ਬੜੀ ਫੁਰਤੀ ਨਾਲ ਪੁਲਸ ਥਾਣੇ ਲੈ ਗਈ, ਜਦਕਿ ਉਕਤ ਪਰਚਾ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਅਧਾਰ ’ਤੇ ਦਰਜ ਕਰ ਦਿੱਤਾ।

Add a Comment

Your email address will not be published. Required fields are marked *