ਪੰਜਾਬੀ ਗਾਇਕ ਬਲਵਿੰਦਰ ਸਫ਼ਰੀ ਦਾ ਦੇਹਾਂਤ

ਲੰਡਨ:ਇੰਗਲੈਂਡ ਦੇ ਪ੍ਰਸਿੱਧ ਪੰਜਾਬੀ ਗਾਇਕ ਬਲਵਿੰਦਰ ਸਫ਼ਰੀ ਦਾ ਅੱਜ ਦੇਹਾਂਤ ਹੋ ਗਿਆ। ਉਹ 63 ਸਾਲਾਂ ਦੇ ਸਨ ਅਤੇ ਅਜੇ ਕੁਝ ਹਫ਼ਤੇ ਪਹਿਲਾਂ ਕੋਮਾ ਤੋਂ ਉਭਰੇ ਸਨ। ਪੰਜਾਬ ਵਿੱਚ ਜਨਮੇ ਸਫ਼ਰੀ ਬਰਮਿੰਘਮ ਰਹਿੰਦੇ ਸਨ। ਉਹ 1980 ਤੋਂ ਯੂਕੇ ਦੇ ਭੰਗੜਾ ਰੰਗਮੰਚ ਦਾ ਹਿੱਸਾ ਸਨ ਤੇ ਉਨ੍ਹਾਂ 1990 ਵਿੱਚ ਸਫ਼ਰੀ ਬੁਆਇਜ਼ ਬੈਂਡ ਬਣਾਇਆ ਸੀ। ਸਫ਼ਰੀ ਪਰਿਵਾਰ ਨੇ ਇੰਸਟਾਗ੍ਰਾਮ ਉੱਤੇ ਇਕ ਬਿਆਨ ਵਿੱਚ ਕਿਹਾ ਕਿ ਸੰਗੀਤਕਾਰ ਮੰਗਲਵਾਰ ਨੂੰ ਅਕਾਲ ਚਲਾਣਾ ਕਰ ਗਿਆ ਸੀ ਤੇ ਇਸ ਮੌਕੇ ਉਸ ਦੇ ਸਨੇਹੀ ਵੀ ਉਸ ਕੋਲ ਮੌਜੂਦ ਸਨ। ਸਫ਼ਰੀ ਦੀ ਪਤਨੀ ਨਿੱਕੀ ਡੈਵਿਟ ਨੇ ਇਕ ਬਿਆਨ ਵਿੱਚ ਕਿਹਾ, ‘‘ਮੈਂ ਤੇ ਪ੍ਰੀਆ ਬੜੇ ਭਰੇ ਮਨ ਨਾਲ ਤੁਹਾਨੂੰ ਦੱਸ ਰਹੇ ਹਾਂ ਕਿ ਸਾਡੇ ਮਹਾਨ ਬਲਵਿੰਦਰ ਸਫ਼ਰੀ ਹੁਣ ਨਹੀਂ ਰਹੇ। ਆਖਰੀ ਸਮੇਂ ਮੈਂ ਤੇ ਮੇਰੀ ਧੀ ਉਨ੍ਹਾਂ ਦੇ ਕੋਲ ਸੀ…ਅਸੀਂ ਬੇਹੱਦ ਗ਼ਮਗੀਨ ਹਾਂ।’’ ਉਨ੍ਹਾਂ ਮੀਡੀਆ ਨੂੰ ਪਰਿਵਾਰ ਦੀ ਨਿੱਜਤਾ ਦਾ ਸਤਿਕਾਰ ਕਰਨ ਦੀ ਅਪੀਲ ਕੀਤੀ। ਸਫ਼ਰੀ ਦੇ ‘ਚੰਨ ਮੇਰੇ ਮੱਖਣਾ’ ਤੇ ਹੋਰ ਕਈ ਪੰਜਾਬੀ ਗੀਤ ਕਾਫ਼ੀ ਮਕਬੂਲ ਹੋਏ ਸਨ। ਇਸ ਸਾਲ ਅਪਰੈਲ ਮਹੀਨੇ ਦਿਲ ਦੀ ਸਰਜਰੀ ਮੌਕੇ ਦਿਮਾਗ ਡੈਮੇਜ ਹੋਣ ਕਰਕੇ ਸਫ਼ਰੀ ਕੋਮਾ ਵਿੱਚ ਚਲਿਆ ਗਿਆ ਸੀ। ਕੋਮਾ ਤੋਂ ਉਭਰਨ ਮਗਰੋਂ ਸਫ਼ਰੀ ਨੂੰ 15 ਜੁਲਾਈ ਨੂੰ ਵੂਲਵਰਹੈਂਪਟਨ ਵਿਚਲੇ ਨਿਊ ਕਰੌਸ ਹਸਪਤਾਲ ਤੋੋਂ ਛੁੱਟੀ ਮਿਲੀ ਸੀ। ਉਨ੍ਹਾਂ ਨੂੰ ਹਸਪਤਾਲ ਤੋਂ ਵਿਸ਼ੇਸ਼ ਮੁੜਵਸੇਬਾ ਕੇਂਦਰ ਤਬਦੀਲ ਕੀਤਾ ਗਿਆ ਸੀ। ਗਾਇਕ ਦੀ ਮੌਤ ਨਾਲ ਪੰਜਾਬ ਸੰਗੀਤ ਰੰਗਮੰਚ ਵਿੱਚ ਵੱਡਾ ਖਲਾਅ ਪੈਦਾ ਹੋ ਗਿਆ ਹੈ।

Add a Comment

Your email address will not be published. Required fields are marked *