ਫ਼ਿਲਮ ‘3 ਇਡੀਅਟਸ’ ਦੇ ਅਦਾਕਾਰ ਅਖਿਲ ਮਿਸ਼ਰਾ ਦੀ ਉੱਚੀ ਇਮਾਰਤ ਤੋਂ ਡਿੱਗਣ ਕਾਰਨ ਮੌਤ

ਮੁੰਬਈ– ਆਮਿਰ ਖ਼ਾਨ ਦੀ ਫ਼ਿਲਮ ‘3 ਇਡੀਅਟਸ’ ’ਚ ਲਾਇਬ੍ਰੇਰੀਅਨ ਦੂਬੇ ਦੀ ਭੂਮਿਕਾ ਨਿਭਾਅ ਕੇ ਮਸ਼ਹੂਰ ਹੋਏ ਅਦਾਕਾਰ ਅਖਿਲ ਮਿਸ਼ਰਾ ਦਾ ਦਿਹਾਂਤ ਹੋ ਗਿਆ ਹੈ। ਇਕ ਰਿਪੋਰਟ ਮੁਤਾਬਕ ਕੰਮ ਕਰਦੇ ਸਮੇਂ ਇਮਾਰਤ ਤੋਂ ਡਿੱਗਣ ਕਾਰਨ ਅਦਾਕਾਰ ਦੀ ਮੌਤ ਹੋ ਗਈ। ਅਖਿਲ ਮਿਸ਼ਰਾ ਦੇ ਅਚਾਨਕ ਦਿਹਾਂਤ ਦੀ ਖ਼ਬਰ ਨੇ ਇੰਡਸਟਰੀ ’ਚ ਸ਼ੋਕ ਦੀ ਲਹਿਰ ਪੈਦਾ ਕਰ ਦਿੱਤੀ ਹੈ ਤੇ ਪ੍ਰਸ਼ੰਸਕ ਇਸ ਖ਼ਬਰ ’ਤੇ ਵਿਸ਼ਵਾਸ ਨਹੀਂ ਕਰ ਪਾ ਰਹੇ ਹਨ।

ਖ਼ਬਰਾਂ ਮੁਤਾਬਕ ਅਦਾਕਾਰ ਹੈਦਰਾਬਾਦ ’ਚ ਇਕ ਪ੍ਰਾਜੈਕਟ ਦੀ ਸ਼ੂਟਿੰਗ ਕਰ ਰਿਹਾ ਸੀ। ਉਹ ਬਾਲਕੋਨੀ ਕੋਲ ਕੰਮ ਕਰਦੇ ਸਮੇਂ ਇਕ ਉੱਚੀ ਇਮਾਰਤ ਤੋਂ ਡਿੱਗ ਗਿਆ। ਅਖਿਲ ਦੇ ਪਿੱਛੇ ਉਸ ਦੀ ਪਤਨੀ ਸੁਜ਼ੈਨ ਬਰਨੇਰਟ ਹੈ, ਜੋ ਇਕ ਜਰਮਨ ਅਦਾਕਾਰਾ ਹੈ। ਉਹ ਹੈਦਰਾਬਾਦ ’ਚ ਸੀ, ਜਦੋਂ ਅਖਿਲ ਨੇ ਆਖਰੀ ਸਾਹ ਲਿਆ। ਉਸ ਨੇ ਕਿਹਾ, ‘‘ਮੇਰਾ ਦਿਲ ਟੁੱਟ ਗਿਆ ਹੈ, ਮੇਰਾ ਜੀਵਨ ਸਾਥੀ ਚਲਾ ਗਿਆ ਹੈ।’’

ਅਖਿਲ ਨੇ ਟੀ. ਵੀ. ’ਤੇ ਕਈ ਸ਼ੋਅਜ਼ ਵੀ ਕੀਤੇ। ਉਹ ‘ਉੱਤਰਨ’, ‘ਉਡਾਨ’, ‘ਸੀ. ਆਈ. ਡੀ.’, ‘ਸ਼੍ਰੀਮਾਨ ਸ਼੍ਰੀਮਤੀ’, ‘ਹਾਤਿਮ’ ਤੇ ਹੋਰ ਬਹੁਤ ਸਾਰੇ ਪ੍ਰਸਿੱਧ ਟੈਲੀਵਿਜ਼ਨ ਸ਼ੋਅਜ਼ ਦਾ ਹਿੱਸਾ ਸਨ। ਅਖਿਲ ਕਈ ਫ਼ਿਲਮਾਂ ’ਚ ਵੀ ਨਜ਼ਰ ਆਏ। ਉਨ੍ਹਾਂ ਨੇ ‘ਡੌਨ’, ‘ਗਾਂਧੀ ਮਾਈ ਫਾਦਰ’, ‘ਸ਼ਿਖਰ’, ‘ਕਮਲਾ ਕੀ ਮੌਤ’, ‘ਵੈੱਲ ਡਨ ਅੱਬਾ’ ਵਰਗੀਆਂ ਫ਼ਿਲਮਾਂ ’ਚ ਕਈ ਭੂਮਿਕਾਵਾਂ ਨਿਭਾਈਆਂ। ਹਾਲਾਂਕਿ ਅਖਿਲ ਨੂੰ ‘3 ਇਡੀਅਟਸ’ ’ਚ ਲਾਇਬ੍ਰੇਰੀਅਨ ਦੂਬੇ ਦੀ ਛੋਟੀ ਪਰ ਯਾਦਗਾਰੀ ਭੂਮਿਕਾ ਤੋਂ ਬਹੁਤ ਪ੍ਰਸਿੱਧੀ ਮਿਲੀ। ਫ਼ਿਲਮ ’ਚ ਆਮਿਰ ਖ਼ਾਨ, ਸ਼ਰਮਨ ਜੋਸ਼ੀ, ਕਰੀਨਾ ਕਪੂਰ ਖ਼ਾਨ, ਆਰ. ਮਾਧਵਨ, ਬੋਮਨ ਇਰਾਨੀ ਤੇ ਕਈ ਹੋਰਨਾਂ ਨੇ ਅਹਿਮ ਭੂਮਿਕਾਵਾਂ ਨਿਭਾਈਆਂ ਸਨ।

Add a Comment

Your email address will not be published. Required fields are marked *