ਭਾਰਤ ’ਚ ਘੱਟ ਹੋਵੇਗਾ ਕੈਨੇਡਾ ਦੂਤਘਰ ਦਾ ਸਟਾਫ਼, ਵੱਧ ਸਕਦੀ ਹੈ ਵੀਜ਼ਾ ਰਿਫਊਜ਼ ਦਰ

ਜਲੰਧਰ : ਭਾਰਤ ਅਤੇ ਕੈਨੇਡਾ ਵਿਚਾਲੇ ਚੱਲ ਰਹੇ ਤਣਾਅ ਦਰਮਿਆਨ ਕੈਨੇਡਾ ਭਾਰਤ ਵਿਚ ਆਪਣੀ ਕੂਟਨੀਤਕ ਮੌਜੂਦਗੀ ਨੂੰ ਘਟਾ ਸਕਦਾ ਹੈ। ਵਿਦੇਸ਼ ਮੰਤਰਾਲਾ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਪ੍ਰੈੱਸ ਕਾਨਫਰੰਸ ਦੌਰਾਨ ਇਹ ਸੰਕੇਤ ਦਿੱਤਾ। ਉਨ੍ਹਾਂ ਕਿਹਾ ਕਿ ਕੈਨੇਡਾ ਦਾ ਡਿਪਲੋਮੈਟਿਕ ਸਟਾਫ ਭਾਰਤ ਨਾਲੋਂ ਜ਼ਿਆਦਾ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਇਸ ਸਟਾਫ਼ ਵਿਚ ਕਮੀ ਹੋ ਸਕਦੀ ਹੈ। ਡਿਪਲੋਮੈਟਿਕ ਸਟਾਫ਼ ਕੈਨੇਡੀਅਨ ਵੀਜ਼ਾ ਦਫ਼ਤਰਾਂ ਵਿਚ ਕੰਮ ਕਰਦਾ ਹੈ ਅਤੇ ਇਸ ਸਟਾਫ ਦਾ ਕੰਮ ਵੀਜ਼ਾ ਅਰਜ਼ੀਆਂ ਦੀ ਪ੍ਰੋਸੈਸਿੰਗ ਦਾ ਹੁੰਦਾ ਹੈ। ਹਰ ਸਾਲ ਲੱਖਾਂ ਲੋਕ ਭਾਰਤ ਤੋਂ ਕੈਨੇਡਾ ਜਾਂਦੇ ਹਨ, ਇਸ ਲਈ ਇਨ੍ਹਾਂ ਵੱਡੀ ਗਿਣਤੀ ਵਿਚ ਅਰਜ਼ੀਆਂ ਦੀ ਪ੍ਰਕਿਰਿਆ ਲਈ ਵਧੇਰੇ ਸਟਾਫ ਦੀ ਲੋੜ ਹੁੰਦੀ ਹੈ।

ਕੈਨੇਡੀਅਨ ਹਾਈ ਕਮਿਸ਼ਨ ਦਾ ਮੁੱਖ ਦਫ਼ਤਰ ਦਿੱਲੀ ਵਿਚ ਹੈ, ਜਦੋਂ ਕਿ ਕੈਨੇਡਾ ਦੇ ਕੌਂਸਲੇਟ ਜਨਰਲ ਦੇ ਵੀ ਬੰਗਲੌਰ, ਚੰਡੀਗੜ੍ਹ ਅਤੇ ਮੁੰਬਈ ਵਿਚ ਦਫ਼ਤਰ ਹਨ। ਜੇਕਰ ਇਨ੍ਹਾਂ ਦਫਤਰਾਂ ’ਚ ਸਟਾਫ ਦੀ ਕਮੀ ਹੁੰਦੀ ਹੈ ਤਾਂ ਇਸ ਦਾ ਅਸਰ ਭਾਰਤੀਆਂ ਦੀਆਂ ਵੀਜ਼ਾ ਅਰਜ਼ੀਆਂ ਦੀ ਪ੍ਰਕਿਰਿਆ ’ਤੇ ਪਵੇਗਾ ਅਤੇ ਪ੍ਰਕਿਰਿਆ ਦੀ ਰਫਤਾਰ ਹੌਲੀ ਹੋ ਸਕਦੀ ਹੈ। ਇਸ ਦੇ ਨਾਲ ਹੀ ਕੈਨੇਡਾ ਲਈ ਅਪਲਾਈ ਕੀਤੇ ਗਏ ਵੀਜ਼ਾ ਰੱਦ ਹੋਣ ਦੀ ਦਰ ਵੀ ਵਧ ਸਕਦੀ ਹੈ।

ਪੜ੍ਹਾਈ, ਸੈਰ-ਸਪਾਟਾ ਅਤੇ ਕਾਰੋਬਾਰ ਲਈ ਕੈਨੇਡਾ ਜਾਣ ਵਾਲੇ ਭਾਰਤੀਆਂ ਵਿਚ ਸਭ ਤੋਂ ਵੱਧ ਲੋਕ ਪੰਜਾਬ ਤੋਂ ਜਾਂਦੇ ਹਨ। ਕੈਨੇਡਾ ਦੀ 2021 ਦੀ ਮਰਦਮਸ਼ੁਮਾਰੀ ਦੇ ਅੰਕੜਿਆਂ ਅਨੁਸਾਰ ਇਹ ਵੀ ਸਪੱਸ਼ਟ ਹੈ ਕਿ ਕੈਨੇਡਾ ਜਾਣ ਵਾਲੇ ਜ਼ਿਆਦਾਤਰ ਲੋਕ ਪੰਜਾਬ ਦੇ ਹਨ। ਕੈਨੇਡਾ ਵਿਚ ਪੰਜਾਬੀਆਂ ਦੀ ਗਿਣਤੀ ਭਾਰਤ ਦੇ ਬਾਕੀ ਸੂਬਿਆਂ ਨਾਲੋਂ ਵੱਧ ਹੈ। ਪਿਛਲੇ ਸਾਲ ਕੈਨੇਡਾ ਨੇ 3.5 ਲੱਖ ਤੋਂ ਵੱਧ ਵੀਜ਼ਾ ਅਰਜ਼ੀਆਂ ’ਤੇ ਕਾਰਵਾਈ ਕੀਤੀ ਸੀ। ਇਨ੍ਹਾਂ ’ਚੋਂ ਜ਼ਿਆਦਾਤਰ ਵੀਜ਼ਾ ਅਰਜ਼ੀਆਂ ਪੰਜਾਬ ਤੋਂ ਆਈਆਂ ਸਨ। ਜੇਕਰ ਕੈਨੇਡਾ ਨੂੰ ਭਾਰਤ ਵਿਚ ਆਪਣਾ ਸਟਾਫ਼ ਘਟਾਉਣਾ ਪਿਆ ਤਾਂ ਇਸ ਦਾ ਕੁਝ ਅਸਰ ਪੰਜਾਬ ਵਿਚ ਵੀ ਦੇਖਣ ਨੂੰ ਮਿਲ ਸਕਦਾ ਹੈ। ਚੰਡੀਗੜ੍ਹ ਸਥਿਤ ਕੈਨੇਡੀਅਨ ਅੰਬੈਸੀ ਵਿਚ ਸਟਾਫ਼ ਦੀ ਕਮੀ ਭਾਰਤੀ ਵਿਦਿਆਰਥੀਆਂ ਨੂੰ ਪ੍ਰਭਾਵਿਤ ਕਰੇਗੀ।

ਕੈਨੇਡਾ ਵਿਚ ਚੱਲ ਰਹੇ ਇਸ ਵਿਵਾਦ ਦੌਰਾਨ ਭਾਰਤੀ ਹਿੰਦੂ ਖਾਲਿਸਤਾਨੀਆਂ ਦਾ ਜ਼ੋਰਦਾਰ ਵਿਰੋਧ ਕਰ ਰਹੇ ਹਨ ਅਤੇ ਖਾਲਿਸਤਾਨੀਆਂ ਦਾ ਵਿਰੋਧ ਕਰਨ ਵਾਲਿਆਂ ਵਿਚ ਵੱਡੀ ਗਿਣਤੀ ਗੁਜਰਾਤੀ ਅਤੇ ਦੱਖਣੀ ਭਾਰਤੀ ਹਿੰਦੂਆਂ ਦੀ ਹੈ। ਕੈਨੇਡਾ ਦਾ ਖਾਲਿਸਤਾਨੀਆਂ ਪ੍ਰੇਮੀ ਜਗਜਾਹਰ ਹਨ, ਇਸ ਲਈ ਜੇਕਰ ਕੈਨੇਡਾ ਨੂੰ ਭਾਰਤ ਵਿਚ ਵੀਜ਼ਾ ਅਰਜ਼ੀਆਂ ਰੱਦ ਕਰਨ ਦੀ ਲੋੜ ਪਈ ਤਾਂ ਮੁੰਬਈ ਅਤੇ ਬੈਂਗਲੁਰੂ ਵਿਚ ਕੈਨੇਡਾ ਦੇ ਕੌਂਸਲੇਟ ਜਨਰਲ ਦੇ ਸਟਾਫ ਨੂੰ ਸਭ ਤੋਂ ਵੱਧ ਘਟਾਇਆ ਜਾਵੇਗਾ। ਇਨ੍ਹਾਂ ਦੋਵਾਂ ਦਫ਼ਤਰਾਂ ਤੋਂ ਗੁਜਰਾਤ ਤੋਂ ਇਲਾਵਾ ਦੱਖਣੀ ਭਾਰਤ ਨਾਲ ਸਬੰਧਤ ਅਰਜ਼ੀਆਂ ਦਾ ਨਿਪਟਾਰਾ ਕੀਤਾ ਜਾਂਦਾ ਹੈ।

Add a Comment

Your email address will not be published. Required fields are marked *