PM ਮੋਦੀ ਨੇ ਵਿਸ਼ਵਕਰਮਾ ਯੋਜਨਾ ਤਹਿਤ ਕੀਤੇ ਕਈ ਵੱਡੇ ਐਲਾਨ

ਨਵੀਂ ਦਿੱਲੀ : ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਐਤਵਾਰ ਨੂੰ ਸ਼ੁਰੂ ਕੀਤੀ ਗਈ ਵਿਸ਼ਵਕਰਮਾ ਯੋਜਨਾ ਤਹਿਤ ਕਾਰੀਗਰਾਂ ਨੂੰ ਦਿੱਤੇ ਜਾਣ ਵਾਲੇ ਕਰਜ਼ਿਆਂ ‘ਤੇ ਸਰਕਾਰ ਅੱਠ ਫ਼ੀਸਦੀ ਤੱਕ ਸਬਸਿਡੀ ਦੇਵੇਗੀ। ਇਸ ਯੋਜਨਾ ਨੂੰ ਸ਼ੁਰੂ ਕਰਨ ਲਈ ਆਯੋਜਿਤ ਸਮਾਗਮ ਵਿੱਚ ਬੋਲਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਨੇ 2023-24 ਦੇ ਬਜਟ ਵਿੱਚ ਪਹਿਲਾਂ ਹੀ 13,000 ਕਰੋੜ ਰੁਪਏ ਦੀ ਵਿਵਸਥਾ ਕੀਤੀ ਹੈ।

ਵਿਸ਼ਵਕਰਮਾ ਸਕੀਮ ਬਾਰੇ ਵਿਸਥਾਰ ਵਿੱਚ ਦੱਸਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਕਾਰੀਗਰਾਂ ਨੂੰ ਪੰਜ ਫੀਸਦੀ ਦੀ ਬਹੁਤ ਹੀ ਸਸਤੀ ਵਿਆਜ ਦਰ ‘ਤੇ ਜ਼ਮਾਨਤ ਮੁਕਤ ਕਰਜ਼ੇ ਮੁਹੱਈਆ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਸਕੀਮ ਵਿੱਚ ਤਰਖਾਣ, ਸੁਨਿਆਰੇ, ਲੁਹਾਰ, ਮਿਸਤਰੀ, ਪੱਥਰ ਦੇ ਸ਼ਿਲਪਕਾਰ, ਨਾਈ ਅਤੇ ਮਲਾਹ ਨਾਲ ਸਬੰਧਤ 18 ਸੈਕਟਰ ਸ਼ਾਮਲ ਹਨ। ਇਸ ਤਹਿਤ ਸਰਕਾਰ 3 ਲੱਖ ਰੁਪਏ ਤੱਕ ਦਾ ਕਰਜ਼ਾ ਦੇਵੇਗੀ।

ਉਨ੍ਹਾਂ ਕਿਹਾ ਕਿ ਸ਼ੁਰੂਆਤੀ ਤੌਰ ‘ਤੇ 1 ਲੱਖ ਰੁਪਏ ਦਾ ਕਰਜ਼ਾ ਦਿੱਤਾ ਜਾਵੇਗਾ ਅਤੇ 18 ਮਹੀਨਿਆਂ ਤੱਕ ਕਰਜ਼ਾ ਚੁਕਾਉਣ ਤੋਂ ਬਾਅਦ ਲਾਭਪਾਤਰੀ 2 ਲੱਖ ਰੁਪਏ ਵਾਧੂ ਲੈਣ ਦਾ ਯੋਗ ਹੋਵੇਗਾ। ਇਸ ਯੋਜਨਾ ਦੇ ਭਾਗਾਂ ਵਿੱਚ ਨਾ ਸਿਰਫ਼ ਵਿੱਤੀ ਸਹਾਇਤਾ, ਸਗੋਂ ਉੱਨਤ ਹੁਨਰ ਸਿਖਲਾਈ, ਆਧੁਨਿਕ ਡਿਜੀਟਲ ਤਕਨਾਲੋਜੀ ਅਤੇ ਕੁਸ਼ਲ ਹਰੀ ਤਕਨੀਕ ਦਾ ਗਿਆਨ, ਬ੍ਰਾਂਡ ਪ੍ਰੋਮੋਸ਼ਨ, ਸਥਾਨਕ ਅਤੇ ਗਲੋਬਲ ਬਾਜ਼ਾਰਾਂ ਨਾਲ ਸੰਪਰਕ, ਡਿਜੀਟਲ ਭੁਗਤਾਨ ਅਤੇ ਸਮਾਜਿਕ ਸੁਰੱਖਿਆ ਸ਼ਾਮਲ ਹਨ।

ਉਨ੍ਹਾਂ ਦੱਸਿਆ ਕਿ ਹਰੇਕ ਲਾਭਪਾਤਰੀ ਨੂੰ 500 ਰੁਪਏ ਰੋਜ਼ਾਨਾ ਭੱਤੇ ਦੇ ਨਾਲ ਪੰਜ ਦਿਨਾਂ ਲਈ ਹੁਨਰ ਸਿਖਲਾਈ ਦਿੱਤੀ ਜਾਵੇਗੀ। ਹਰੇਕ ਲਾਭਪਾਤਰੀ ਦੀ ਪਛਾਣ ਤਿੰਨ-ਪੱਧਰੀ ਢੰਗ ਨਾਲ ਕੀਤੀ ਜਾਵੇਗੀ। ਵਿੱਤ ਮੰਤਰੀ ਨੇ ਕਿਹਾ ਕਿ ਇਸ ਤੋਂ ਇਲਾਵਾ ਟੂਲਕਿੱਟ ਪ੍ਰੋਤਸਾਹਨ ਵਜੋਂ 15,000 ਰੁਪਏ ਦੀ ਗ੍ਰਾਂਟ ਦਿੱਤੀ ਜਾਵੇਗੀ। ਡਿਜੀਟਲ ਲੈਣ-ਦੇਣ ਲਈ, ਇੱਕ ਮਹੀਨੇ ਵਿੱਚ 100 ਤੱਕ ਦੇ ਲੈਣ-ਦੇਣ ਲਈ 1 ਰੁਪਏ ਪ੍ਰਤੀ ਲੈਣ-ਦੇਣ ਦਾ ਪ੍ਰੋਤਸਾਹਨ ਦਿੱਤਾ ਜਾਵੇਗਾ। ਇਸ ਨਾਲ ਅਨੁਸੂਚਿਤ ਜਾਤੀਆਂ, ਅਨੁਸੂਚਿਤ ਕਬੀਲਿਆਂ, ਹੋਰ ਪੱਛੜੀਆਂ ਸ਼੍ਰੇਣੀਆਂ (ਓ.ਬੀ.ਸੀ.), ਔਰਤਾਂ ਅਤੇ ਕਮਜ਼ੋਰ ਵਰਗਾਂ ਨੂੰ ਬਹੁਤ ਫਾਇਦਾ ਹੋਵੇਗਾ।

Add a Comment

Your email address will not be published. Required fields are marked *