ਵਿਸ਼ਵ ਕੱਪ ਤੋਂ ਪਹਿਲਾਂ ਭਾਰਤ ਨੇ ਲੈਅ ਹਾਸਲ ਕੀਤੀ

ਕੋਲੰਬੋ– ਭਾਰਤ ਤਿੰਨ ਹਫਤੇ ਪਹਿਲਾਂ ਜਦੋਂ ਏਸ਼ੀਆ ਕੱਪ ਲਈ ਸ਼੍ਰੀਲੰਕਾ ਪਹੁੰਚਿਆ ਸੀ ਤਾਂ ਉਸ ਨੂੰ ਕਈ ਸਵਾਲਾਂ ਦੇ ਜਵਾਬ ਲੱਭਣੇ ਸਨ। ਹੁਣ ਜਦੋਂ ਰੋਹਿਤ ਸ਼ਰਮਾ ਦੀ ਟੀਮ ਸ਼੍ਰੀਲੰਕਾ ਤੋਂ ਰਵਾਨਾ ਹੋ ਰਹੀ ਹੈ ਤਾਂ ਉਹ ਵਿਸ਼ਵ ਕੱਪ ਦੀ ਚੁਣੌਤੀ ਲਈ ਪੂਰੀ ਤਰ੍ਹਾਂ ਨਾਲ ਤਿਆਰ ਹੈ। ਟੀਮ ਦੇ ਮੱਧਕ੍ਰਮ ਵਿਚ ਹੋਰ ਵਧੇਰੇ ਸਥਿਤੀ ਸਾਫ ਹੈ ਜਦਕਿ ਉਸਦੇ ਕੋਲ ਹਰ ਮਾਹੌਲ ਵਿਚ ਚੰਗਾ ਪ੍ਰਦਰਸ਼ਨ ਕਰਨ ਵਾਲਾ ਗੇਂਦਬਾਜ਼ੀ ਹਮਲਾ ਹੈ। 

ਅਗਲੇ ਮਹੀਨੇ ਤੋਂ ਹੋਣ ਵਾਲੇ ਵਿਸ਼ਵ ਕੱਪ ਨੂੰ ਦੇਖਦੇ ਹੋਏ ਭਾਰਤ ਦੇ ਮੱਧਕ੍ਰਮ ਦੀ ਅਨਿਸ਼ਚਿਤਤਾ ਨੂੰ ਲੈ ਕੇ ਏਸ਼ੀਆ ਕੱਪ ਤੋਂ ਪਹਿਲਾਂ ਸਭ ਤੋਂ ਵੱਧ ਚਰਚਾ ਹੋ ਰਹੀ ਸੀ ਪਰ ਲੋਕੇਸ਼ ਰਾਹੁਲ ਦੀ ਵਾਪਸੀ ਤੇ ਮੱਧਕ੍ਰਮ ਵਿਚ ਬਦਲ ਦੇ ਰੂਪ ਵਿਚ ਇਸ਼ਾਨ ਕਿਸ਼ਨ ਦੀ ਮੌਜੂਦਗੀ ਨੇ ਟੀਮ ਦੀਆਂ ਚਿੰਤਾਵਾਂ ਨੂੰ ਕਾਫੀ ਹੱਦ ਤਕ ਦੂਰ ਕਰ ਦਿੱਤਾ ਹੈ। ਰਾਹੁਲ ਦੇ ਪ੍ਰਦਰਸ਼ਨ ਨਾਲ ਟੀਮ ਮੈਨੇਜਮੈਂਟ ਵਿਸ਼ੇਸ਼ ਤੌਰ ’ਤੇ ਖੁਸ਼ ਹੋਵੇਗੀ। ਉਸ ਨੇ ਪਾਕਿਸਤਾਨ ਵਿਰੁੱਧ ਸੁਪਰ-4 ਮੁਕਾਬਲੇ ਵਿਚ ਸੈਂਕੜਾ ਲਾਇਆ ਤੇ ਇਸ ਤੋਂ ਵੱਧ ਮਹੱਤਵਪੂਰਨ ਉਹ ਜਿਸ ਵੀ ਮੈਚ ਵਿਚ ਖੇਡਿਆ, ਉਸ ਵਿਚ ਉਸ ਨੇ ਵਿਕਟਕੀਪਿੰਗ ਕੀਤੀ। ਰਾਹੁਲ ਨੇ ਤੇਜ਼ ਗੇਂਦਬਾਜ਼ੀ ’ਤੇ ਗੋਤੇ ਲਗਾਉਂਦੇ ਹੋਏ ਕੈਚ ਫੜੇ ਜਦਕਿ ਖੱਬੇ ਹੱਥ ਦੇ ਸਪਿਨਰ ਕੁਲਦੀਪ ਯਾਦਵ ਦੇ ਸਾਹਮਣੇ ਉਸਦੀ ਵਿਕਟਕੀਪਿੰਗ ਪ੍ਰਭਾਵਸ਼ਾਲੀ ਸੀ।

ਇਹ ਸਪੱਸ਼ਟ ਸੀ ਕਿ ਰਾਹੁਲ ਦੋਹਰੀ ਭੂਮਿਕਾ ਦਾ ਮਜ਼ਾ ਲੈ ਰਿਹਾ ਹੈ ਤੇ ਟੀਮ ਮੈਨੇਜਮੈਂਟ ਨੇ ਉਸਦੀ ਭੂਮਿਕਾ ਨੂੰ ਲੈ ਕੇ ਸਥਿਤੀ ਸਾਫ ਕਰ ਦਿੱਤੀ ਹੈ। ਰਾਹੁਲ ਨੇ ਕਿਹਾ, ‘‘ਟੀਮ ਮੈਨੇਜਮੈਂਟ ਨੇ ਮੈਨੂੰ ਦੱਸ ਦਿੱਤਾ ਹੈ ਕਿ ਮੇਰੀ ਭੂਮਿਕਾ ਕੀ ਹੈ-ਮੱਧਕ੍ਰਮ ਵਿਚ ਬੱਲੇਬਾਜ਼ੀ ਤੇ ਵਿਕਟਕੀਪਿੰਗ। ਇਸ ਲਈ ਰਾਸ਼ਟਰੀ ਕ੍ਰਿਕਟ ਅਕੈਡਮੀ (ਐੱਨ. ਸੀ. ਏ.) ਵਿਚ ਸਮਾਂ ਬਿਤਾਉਣ ਦੌਰਾਨ ਮੈਂ ਉੱਥੇ ਕੋਚ ਦੇ ਨਾਲ ਵਿਕਟਕੀਪਿੰਗ ’ਤੇ ਕੰਮ ਕੀਤਾ ਹੈ। ਮੈਂ ਆਸਵੰਦ ਸੀ ਕਿ ਮੈਂ ਟੂਰਨਾਮੈਂਟ ਵਿਚ ਜਾ ਕੇ ਕੰਮ ਕਰ ਸਕਦਾ ਹਾਂ।’’ ਭਾਰਤ ਨੂੰ ਸ਼੍ਰੇਅਸ ਅਈਅਰ ਤੋਂ ਵੀ ਇਸ ਤਰ੍ਹਾਂ ਦੀ ਵਾਪਸੀ ਦੀ ਉਮੀਦ ਸੀ ਪਰ ਉਸਦੀ ਫਿਟਨੈੱਸ ਦਾ ਹੁਣ ਵੀ ਮੁਲਾਂਕਣ ਹੋ ਰਿਹਾ ਹੈ। ਹਾਲਾਂਕਿ ਭਾਰਤੀ ਟੀਮ ਇਸ ਨੂੰ ਲੈ ਕੇ ਜ਼ਿਆਦਾ ਚਿੰਤਿਤ ਨਹੀਂ ਹੈ।

ਭਾਰਤ ਨੇ ਗਰੁੱਪ ਮੈਚ ਵਿਚ ਪਾਕਿਸਤਾਨ ਵਿਰੁੱਧ ਈਸ਼ਾਨ ਕਿਸ਼ਨ ਨੂੰ 5ਵੇਂ ਨੰਬਰ ’ਤੇ ਬੱਲੇਬਾਜ਼ੀ ਲਈ ਉਤਾਰਨ ਦਾ ਜੂਆ ਖੇਡਿਆ। ਇਸ ਕ੍ਰਮ ’ਤੇ ਪਹਿਲੀ ਵਾਰ ਬੱਲੇਬਾਜ਼ੀ ਕਰਨ ਦੇ ਬਾਵਜੂਦ ਝਾਰਖੰਡ ਦਾ ਇਹ ਬੱਲੇਬਾਜ਼ ਉਮੀਦਾਂ ’ਤੇ ਖਰਾ ਉਤਰਿਆ। ਖੱਬੇ ਹੱਥ ਦੇ ਇਸ ਬੱਲੇਬਾਜ਼ ਨੇ ਪਾਕਿਸਤਾਨ ਵਿਰੁੱਧ ਗਰੁੱਪ ਮੈਚ ਵਿਚ ਅਰਧ ਸੈਂਕੜਾ ਲਾਇਆ ਤੇ ਖਰਾਬ ਸ਼ੁਰੂਆਤ ਤੋਂ ਬਾਅਦ ਹਾਰਦਿਕ ਪੰਡਯਾ ਦੇ ਨਾਲ ਮਿਲ ਕੇ ਭਾਰਤੀ ਪਾਰੀ ਨੂੰ ਸੰਵਾਰਿਆ। ਟੀਮ ਦੀ ਇਸ ਕਮਜ਼ੋਰੀ ਨੂੰ ਏਸ਼ੀਆ ਕੱਪ ਦੌਰਾਨ ਸ਼੍ਰੀਲੰਕਾ ਤੇ ਬੰਗਲਾਦੇਸ਼ ਦੇ ਸਪਿਨਰਾਂ ਨੇ ਉਜਾਗਰ ਕੀਤਾ।

ਏਸ਼ੀਆ ਕੱਪ ਵਿਚ ਖਿਤਾਬੀ ਜਿੱਤ ਦੌਰਾਨ ਗੇਂਦਬਾਜ਼ਾਂ ਦਾ ਪ੍ਰਦਰਸ਼ਨ ਪ੍ਰਭਾਵਸ਼ਾਲੀ ਰਿਹਾ। ਬੰਗਲਾਦੇਸ਼ ਵਿਰੁੱਧ ਮੁਕਾਬਲੇ ਨੂੰ ਛੱਡ ਕੇ ਭਾਰਤੀ ਗੇਂਦਬਾਜ਼ ਪ੍ਰਭਾਵਸ਼ਾਲੀ ਨਜ਼ਰ ਆਏ। ਉਨ੍ਹਾਂ ਨੇ ਵਧੇਰੇ ਮਹੱਤਵਪੂਰਨ ਮੈਚਾਂ ਵਿਚ ਬਿਹਤਰ ਪ੍ਰਦਰਸ਼ਨ ਕੀਤਾ, ਜਿਸ ਵਿਚ ਪਾਕਿਸਤਾਨ ਵਿਰੁੱਧ ਸੁਪਰ-4 ਮੁਕਾਬਲਾ ਤੇ ਸ਼੍ਰੀਲੰਕਾ ਵਿਰੁੱਧ ਫਾਈਨਲ ਵੀ ਸ਼ਾਮਲ ਹੈ। ਕੁਲਦੀਪ ਨੇ ਪਾਕਿਸਤਾਨ ਵਿਰੁੱਧ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ 25 ਦੌੜਾਂ ਦੇ ਕੇ 5 ਵਿਕਟਾਂ ਲਈਆਂ। ਇਹ 28 ਸਾਲਾ ਗੇਂਦਬਾਜ਼ ਪੂਰੇ ਟੂਰਨਾਮੈਂਟ ਦੌਰਾਨ ਲੈਅ ਵਿਚ ਨਜ਼ਰ ਆਇਆ ਤੇ ਉਸ ਨੂੰ ਪਲੇਅਰ ਆਫ ਦਿ ਸੀਰੀਜ਼ ਚੁਣਿਆ ਗਿਆ। ਕੁਲਦੀਪ ਦੀ ਫਾਰਮ ਨੇ ਭਾਰਤੀ ਗੇਂਦਬਾਜ਼ੀ ਨੂੰ ਇਕ ਨਵਾਂ ਮਾਪ ਦਿੱਤਾ ਹੈ ਜਦਕਿ ਏਸ਼ੀਆ ਕੱਪ ਦੌਰਾਨ ਤੇਜ਼ ਗੇਂਦਬਾਜ਼ਾਂ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ। 

ਭਾਰਤ ਲਗਭਗ ਇਕ ਸਾਲ ਵਿਚ ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ ਤੇ ਹਾਰਦਿਕ ਪੰਡਯਾ ਦੀ ਤਿਕੜੀ ਨੂੰ ਪਹਿਲੀ ਵਾਰ ਇਕੱਠੇ ਉਤਾਰਨ ਵਿਚ ਸਫਲ ਰਿਹਾ ਤੇ ਇਸਦਾ ਸ਼ਾਨਦਾਰ ਨਤੀਜਾ ਮਿਲਿਆ। ਪਿੱਠ ਦੀ ਸੱਟ ਕਾਰਨ ਬਾਹਰ ਰਿਹਾ ਬੁਮਰਾਹ ਜੁਲਾਈ 2022 ਤੋਂ ਬਾਅਦ ਪਹਿਲੀ ਵਾਰ ਵਨ ਡੇ ਕੌਮਾਂਤਰੀ ਮੁਕਾਬਲੇ ਖੇਡਦੇ ਹੋਏ ਨਜ਼ਰ ਆਇਆ। ਜ਼ਿਆਦਾਤਰ ਬੁਮਰਾਹ ਦੀ ਛਾਇਆ ਵਿਚ ਰਹਿਣ ਵਾਲੇ ਸਿਰਾਜ ਨੇ ਸ਼੍ਰੀਲੰਕਾ ਵਿਰੁੱਧ ਫਾਈਨਲ ਵਿਚ ਤੂਫਾਨੀ ਗੇਂਦਬਾਜ਼ੀ ਕਰਦੇ ਹੋਏ 21 ਦੌੜਾਂ ਦੇ ਕੇ 6 ਵਿਕਟਾਂ ਲਈਆਂ।

ਤੀਜੇ ਗੇਂਦਬਾਜ਼ ਦੇ ਰੂਪ ਵਿਚ ਹਾਰਦਿਕ ਨੇ ਵੀ ਪ੍ਰਭਾਵਿਤ ਕੀਤਾ। ਬੱਲੇਬਾਜ਼ੀ ਵਿਚ ਗਹਿਰਾਈ ਲਿਆਉਣ ਲਈ ਟੀਮ ਮੈਨੇਜਮੈਂਟ ਨੂੰ ਮੁਹੰਮਦ ਸ਼ੰਮੀ ਨੂੰ ਬਾਹਰ ਬਿਠਾਉਣ ਦਾ ਮੁਸ਼ਕਿਲ ਫੈਸਲਾ ਕਰਨਾ ਪਿਆ। ਰੋਹਿਤ ਨੇ ਕਿਹਾ,‘‘ਸਾਡੇ ਗੇਂਦਬਾਜ਼ੀ ਹਮਲੇ ਵਿਚ ਵਿਲੱਖਣਤਾ ਹੈ। ਉਹ ਵੱਖ-ਵੱਖ ਕਲਾ ਲੈ ਕੇ ਆਉਂਦੇ ਹਨ ਤੇ ਕਿਸੇ ਵੀ ਹਾਲਾਤ ਵਿਚ ਚੰਗਾ ਪ੍ਰਦਰਸ਼ਨ ਕਰ ਸਕਦੇ ਹਨ। ਇਸ ਲਈ ਜਦੋਂ ਇਹ ਸਾਰੇ ਇਕ ਟੀਮ ਵਿਚ ਹੁੰਦੇ ਹਨ ਤਾਂ ਇਕ ਕਪਤਾਨ ਦੇ ਰੂਪ ਵਿਚ ਤੁਸੀਂ ਆਸਵੰਦ ਹੋ ਜਾਂਦੇ ਹੋ।’’ ਇਸ ਯਕੀਨ ਦੀ ਬਦੌਲਤ ਭਾਰਤ ਏਸ਼ੀਆ ਕੱਪ ਖਿਤਾਬ ਜਿੱਤਣ ਵਿਚ ਸਫਲ ਰਿਹਾ ਪਰ ਇੱਥੇ ਖਿਤਾਬੀ ਜਿੱਤ ਵਿਸ਼ਵ ਕੱਪ ਵਿਚ ਤੀਜੇ ਖਿਤਾਬ ਦੀ ਗਾਰੰਟੀ ਨਹੀਂ ਹੈ। ਭਾਰਤ ਹਾਲਾਂਕਿ ਟੂਰਨਾਮੈਂਟ ਵਿਚ ਸੰਤੁਲਿਤ ਟੀਮ ਦੇ ਨਾਲ ਉਤਰੇਗਾ ਜਿਹੜੀ ਜੇਤੂ ਇਕਾਈ ਬਣਨ ਲਈ ਸਭ ਤੋਂ ਮਹੱਤਵਪੂਰਨ ਪਹਿਲੂਆਂ ਵਿਚੋਂ ਇਕ ਹੈ।

Add a Comment

Your email address will not be published. Required fields are marked *