ਜੇਲ੍ਹ ‘ਚੋਂ ਲਾਰੈਂਸ ਬਿਸ਼ਨੋਈ ਦੀ ਵੀਡੀਓ ਵਾਇਰਲ ਹੋਣ ’ਤੇ ਮੂਸੇਵਾਲਾ ਦੇ ਪਿਤਾ ਦਾ ਆਇਆ ਬਿਆਨ

ਮਾਨਸਾ – ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਹੈ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਸਰਕਾਰ ਦਾ ਸਾਰਾ ਸਿਸਟਮ ਖਰੀਦ ਰੱਖਿਆ ਹੈ। ਇਹੀ ਕਾਰਨ ਹੈ ਕਿ ਲਾਰੈਂਸ ਦੀਆਂ ਜੇਲ੍ਹ ਵਿਚੋਂ ਵੀਡੀਓ ਵਾਇਰਲ ਹੋਣ ਤੋਂ ਬਾਅਦ ਹੁਣ ਖੁੱਲ੍ਹੇਆਮ ਫੋਨ ਕਾਲਾਂ ਹੋਣ ਦੇ ਤੱਥ ਸਾਹਮਣੇ ਆਉਣ ’ਤੇ ਸਰਕਾਰ ਦਾ ਕੋਈ ਵੀ ਨੁਮਾਇੰਦਾ, ਕੋਈ ਨੇਤਾ ਅਤੇ ਨਾ ਹੀ ਵਿਰੋਧੀ ਧਿਰ ਦਾ ਕੋਈ ਆਗੂ ਪੰਜਾਬ ਦੇ ਸਿਸਟਮ ’ਤੇ ਬੋਲ ਰਿਹਾ ਹੈ। ਉਹ ਐਤਵਾਰ ਨੂੰ ਆਪਣੇ ਨਿਵਾਸ ਸਥਾਨ ਪਿੰਡ ਮੂਸਾ ਵਿਖੇ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਨੂੰ ਸੰਬੋਧਨ ਕਰ ਰਹੇ ਸਨ।

ਬਲਕੌਰ ਸਿੰਘ ਨੇ ਮੁੱਖ ਮੰਤਰੀ ਨੂੰ ਸਵਾਲ ਕੀਤਾ ਕਿ ਸੀ. ਐੱਮ. ਇਸ ’ਤੇ ਜਵਾਬ ਦੇਣ ਕਿ ਜੇਲ੍ਹ ’ਚ ਬੈਠਾ ਗੈਂਗਸਟਰ ਲਾਰੈਂਸ ਬਿਸ਼ਨੋਈ ਇਸ ਤਰ੍ਹਾਂ ਫੋਨ ’ਤੇ ਬਾਹਰ ਸੰਪਰਕ ਬਣਾ ਕੇ ਫਿਰੌਤੀਆਂ ਮੰਗ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਧਾਇਕ ਕੁੰਵਰ ਵਿਜੈ ਪ੍ਰਤਾਪ ਸਿੰਘ ਨੂੰ ਛੱਡ ਕੇ ਬਾਕੀ ਦੇ ਸਰਕਾਰ ਦੇ 91 ਵਿਧਾਇਕ ਚੁੱਪ ਹਨ। ਉਨ੍ਹਾਂ ਇਕ ਨੇਤਾ ਵੱਲੋਂ ਸਿੱਧੂ ਮੂਸੇਵਾਲਾ ਦੇ ਕਤਲ ਦੀ ਤੁਲਨਾ ਪੰਜਾਬ ’ਚ ਹੁੰਦੇ ਆਮ ਕਤਲਾਂ ਨਾਲ ਕਰਨ ’ਤੇ ਸਖ਼ਤ ਟਿੱਪਣੀ ਕਰਦਿਆਂ ਕਿਹਾ ਕਿ ਸਿੱਧੂ ਮੂਸੇਵਾਲਾ ਦੁਨੀਆਂ ਦਾ ਸੈਲੀਬ੍ਰਿਟੀ ਸੀ। ਉਸ ਦਾ ਕਤਲ ਕੋਈ ਆਮ ਗੱਲ ਨਹੀਂ ਹੈ।

ਸਰਕਾਰ ਨੂੰ ਇਹ ਹੀ ਆਮ ਲੱਗ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ’ਚ ਗੈਂਗਸਟਰਾਂ ਨਾਲ ਮਾੜਾ ਮਾਹੌਲ ਪੈਦਾ ਹੋਣ ਕਰਕੇ ਡਰਦੇ ਮਾਰੇ ਪੰਜਾਬੀ ਨੌਜਵਾਨ ਮੁੰਡੇ-ਕੁੜੀਆਂ ਤੇਜ਼ੀ ਨਾਲ ਵਿਦੇਸ਼ਾਂ ਦਾ ਰੁਖ ਕਰ ਰਹੇ ਹਨ ਕਿਉਂਕਿ ਉੱਥੇ ਘੱਟੋ-ਘੱਟ ਕਿਸੇ ਨੂੰ ਜਾਨ ਦਾ ਖ਼ਤਰਾ ਤਾਂ ਨਹੀਂ।

Add a Comment

Your email address will not be published. Required fields are marked *