ਫੜੇ ਗਏ ਸਲਮਾਨ ਖ਼ਾਨ ਦੇ ਘਰ ’ਤੇ ਗੋਲੀਆਂ ਚਲਾਉਣ ਵਾਲੇ ਸ਼ੂਟਰ

ਮੁੰਬਈ ’ਚ ਅਦਾਕਾਰ ਸਲਮਾਨ ਖ਼ਾਨ ਦੇ ਘਰ ਦੇ ਬਾਹਰ ਗੋਲੀਬਾਰੀ ਕਰਨ ਵਾਲੇ ਦੋਵੇਂ ਦੋਸ਼ੀਆਂ ਨੂੰ ਗੁਜਰਾਤ ਦੇ ਭੁਜ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਮਾਮਲੇ ਦੀ ਜਾਂਚ ਕਰ ਰਹੀ ਮੁੰਬਈ ਕ੍ਰਾਈਮ ਬ੍ਰਾਂਚ ਦੀ ਟੀਮ ਨੂੰ ਦੇਰ ਰਾਤ ਇਹ ਵੱਡੀ ਸਫ਼ਲਤਾ ਮਿਲੀ ਹੈ। ਖ਼ਬਰਾਂ ਮੁਤਾਬਕ ਗੁਜਰਾਤ ਪੁਲਸ ਦੀ ਟੀਮ ਨੇ ਪੱਛਮੀ ਕੱਛ ਤੋਂ ਦੋਵਾਂ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਕੀਤੀ ਹੈ। ਮੁੰਬਈ ਕ੍ਰਾਈਮ ਬ੍ਰਾਂਚ ਮੰਗਲਵਾਰ ਸਵੇਰੇ ਦੋਵਾਂ ਦੋਸ਼ੀਆਂ ਨੂੰ ਲੈ ਕੇ ਰਵਾਨਾ ਹੋਵੇਗੀ। ਦੋਵਾਂ ਤੋਂ ਮੁੰਬਈ ’ਚ ਪੁੱਛਗਿੱਛ ਕੀਤੀ ਜਾਵੇਗੀ। ਤੁਹਾਨੂੰ ਦੱਸ ਦੇਈਏ ਕਿ ਐਤਵਾਰ ਨੂੰ ਬਾਈਕ ਸਵਾਰ 2 ਲੋਕਾਂ ਨੇ ਸਲਮਾਨ ਦੇ ਘਰ ਦੇ ਬਾਹਰ ਗੋਲੀਆਂ ਚਲਾ ਦਿੱਤੀਆਂ ਸਨ। ਇਸ ਮਾਮਲੇ ’ਚ ਗੈਂਗਸਟਰ ਲਾਰੈਂਸ ਬਿਸ਼ਨੋਈ ਨਾਲ ਜੁੜੇ ਲੋਕਾਂ ਦੇ ਨਾਂ ਵੀ ਸਾਹਮਣੇ ਆਏ ਹਨ।

ਧਿਆਨ ਯੋਗ ਹੈ ਕਿ ਬਿਸ਼ਨੋਈ ਨੇ ਸਲਮਾਨ ਨੂੰ ਪਹਿਲਾਂ ਵੀ ਕਥਿਤ ਤੌਰ ’ਤੇ ਧਮਕੀ ਦਿੱਤੀ ਸੀ, ਜਿਸ ਤੋਂ ਬਾਅਦ ਉਨ੍ਹਾਂ ਦੀ ਸੁਰੱਖਿਆ ਵਧਾ ਦਿੱਤੀ ਗਈ। ਸੋਮਵਾਰ ਨੂੰ ਹੋਈ ਗੋਲੀਬਾਰੀ ਮਾਮਲੇ ’ਚ ਵਿਸ਼ਾਲ ਉਰਫ਼ ਕਾਲੂ ਦਾ ਨਾਂ ਵੀ ਚਰਚਾ ’ਚ ਆਇਆ ਸੀ। ਕਾਲੂ ਹਰਿਆਣਾ ਦੇ ਗੁਰੂਗ੍ਰਾਮ ਦਾ ਰਹਿਣ ਵਾਲਾ ਹੈ, ਉਹ ਰੋਹਤਕ ਪੁਲਸ ਦੀ ਵਾਂਟੇਡ ਸੂਚੀ ’ਚ ਸ਼ਾਮਲ ਹੈ। ਕਾਲੂ ਲਾਰੈਂਸ ਗੈਂਗ ਦਾ ਸ਼ੂਟਰ ਹੈ ਤੇ ਉਸ ਦਾ ਨਾਮ ਹਰਿਆਣਾ ਦੇ ਰੋਹਤਕ ’ਚ ਇਕ ਸਕਰੈਪ ਵਪਾਰੀ ਦੇ ਕਤਲ ਤੋਂ ਬਾਅਦ ਚਰਚਾ ’ਚ ਆਇਆ ਸੀ। ਤੁਹਾਨੂੰ ਦੱਸ ਦੇਈਏ ਕਿ ਰਾਜਸਥਾਨ ਦੇ ਜੋਧਪੁਰ ਨਾਲ ਜੁੜੇ ਕਾਲੇ ਹਿਰਨ ਸ਼ਿਕਾਰ ਮਾਮਲੇ ’ਚ ਲਾਰੈਂਸ ਨੇ ਸਲਮਾਨ ਨੂੰ ਮੁਆਫ਼ੀ ਮੰਗਣ ਜਾਂ ਨਤੀਜੇ ਭੁਗਤਣ ਵਰਗੀਆਂ ਧਮਕੀਆਂ ਦਿੱਤੀਆਂ ਹਨ। ਉਹ ਆਪਣੇ ਆਪ ਨੂੰ ਬਿਸ਼ਨੋਈ ਭਾਈਚਾਰੇ ਦੇ ਹੱਕ ’ਚ ਆਵਾਜ਼ ਉਠਾਉਣ ਵਾਲਾ ਵਿਅਕਤੀ ਦੱਸਦਾ ਹੈ।

ਪੂਰੇ ਮਾਮਲੇ ਦੀ ਸੰਵੇਦਨਸ਼ੀਲਤਾ ਨੂੰ ਦੇਖਦਿਆਂ ਮੁੰਬਈ ਪੁਲਸ ਦੀ ਅਪਰਾਧ ਸ਼ਾਖਾ ਮਾਮਲੇ ਦੀ ਜਾਂਚ ਕਰ ਰਹੀ ਹੈ। ਸੋਮਵਾਰ ਨੂੰ ਨਿਊਜ਼ ਏਜੰਸੀ ਪੀ. ਟੀ. ਆਈ. ਨੇ ਸੀ. ਸੀ. ਟੀ. ਵੀ. ਫੁਟੇਜ ਤੋਂ ਲਈ ਗਈ ਤਸਵੀਰ ਜਾਰੀ ਕੀਤੀ। ਤਸਵੀਰ ’ਚ ਦੋਸ਼ੀ ਨੂੰ ਟੋਪੀ ਪਹਿਨੇ ਤੇ ਮੋਢਿਆਂ ’ਤੇ ਬੈਗ ਚੁੱਕੀ ਦੇਖਿਆ ਜਾ ਸਕਦਾ ਹੈ। ਕ੍ਰਾਈਮ ਬ੍ਰਾਂਚ ਨੂੰ ਜਾਂਚ ਸੌਂਪਣ ਤੋਂ ਪਹਿਲਾਂ ਬਾਂਦਰਾ ਪੁਲਸ ਦੇ ਇਕ ਅਧਿਕਾਰੀ ਨੇ ਕਿਹਾ, ‘‘ਭਾਰਤੀ ਦੰਡਾਵਲੀ (ਆਈ. ਪੀ. ਸੀ.) ਤੇ ਆਰਮਜ਼ ਐਕਟ ਦੀ ਧਾਰਾ 307 (ਹੱਤਿਆ ਦੀ ਕੋਸ਼ਿਸ਼) ਦੇ ਤਹਿਤ ਇਕ ‘ਅਣਪਛਾਤੇ ਵਿਅਕਤੀ’ ਖ਼ਿਲਾਫ਼ ਐੱਫ. ਆਈ. ਆਰ. ਦਰਜ ਕੀਤੀ ਗਈ ਹੈ। ਐਤਵਾਰ ਨੂੰ ਗੋਲੀਬਾਰੀ ਤੋਂ ਪਹਿਲਾਂ ਸਲਮਾਨ ਨੂੰ ਮਿਲੀਆਂ ਧਮਕੀਆਂ ਦੇ ਮੱਦੇਨਜ਼ਰ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਵੀ ਮੁੰਬਈ ਪੁਲਸ ਕਮਿਸ਼ਨਰ ਨਾਲ ਗੱਲ ਕੀਤੀ ਤੇ ਸੁਰੱਖਿਆ ਵਧਾਉਣ ਦੇ ਨਿਰਦੇਸ਼ ਦਿੱਤੇ।

Add a Comment

Your email address will not be published. Required fields are marked *