ਫਗਵਾੜਾ ‘ਚ ਵਿਅਕਤੀ ਦਾ ਘਰ ਦੇ ਬਾਹਰ ਗੋਲ਼ੀਆਂ ਮਾਰ ਕੇ ਕਤਲ

ਫਗਵਾੜਾ : ਸੰਘਣੀ ਆਬਾਦੀ ਵਾਲੇ ਨਿਊ ਮਨਸਾ ਦੇਵੀ ਨਗਰ ਇਲਾਕੇ ’ਚ ਮੰਗਲਵਾਰ ਰਾਤ ਅਣਪਛਾਤੇ ਕਾਤਲ ਵੱਲੋਂ 3 ਬੱਚਿਆਂ ਦੇ ਪਿਤਾ ਦਾ ਉਸ ਦੇ ਘਰ ਦੇ ਬਾਹਰ ਗੋਲ਼ੀਆਂ ਮਾਰ ਕੇ ਕਤਲ ਕਰ ਦੇਣ ਦੀ ਸਨਸਨੀਖੇਜ ਸੂਚਨਾ ਮਿਲੀ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਛਾਣ ਪੰਕਜ ਦੁੱਗਲ ਵਾਸੀ ਨਿਊ ਮਨਸਾ ਮਨਸਾ ਦੇਵੀ ਨਗਰ ਫਗਵਾੜਾ ਵਜੋਂ ਹੋਈ ਹੈ। ਕਤਲ ਕੇਸ ਦੀ ਜਾਂਚ ਕਰ ਰਹੇ ਫਗਵਾੜਾ ਦੇ ਐੱਸ.ਪੀ. ਗੁਰਪ੍ਰੀਤ ਸਿੰਘ ਗਿੱਲ ਨੇ ‘ਜਗ ਬਾਣੀ’ ਨੂੰ ਦੱਸਿਆ ਕਿ ਮ੍ਰਿਤਕ ਪੰਕਜ ਦੁੱਗਲ ਪਿਛਲੇ ਕੁਝ ਸਾਲਾਂ ਤੋਂ ਹਿਮਾਚਲ ਪ੍ਰਦੇਸ਼ ’ਚ ਟੌਫੀਆਂ, ਗੋਲ਼ੀਆਂ, ਧੂਪ ਆਦਿ ਸਪਲਾਈ ਕਰਕੇ ਆਪਣਾ ਕਾਰੋਬਾਰ ਕਰ ਰਿਹਾ ਸੀ ਅਤੇ ਉੱਥੇ ਹੀ ਰਹਿੰਦਾ ਸੀ। ਉਹ ਵਿਚ-ਵਿਚਾਲੇ ਨਿਊ ਮਨਸਾ ਦੇਵੀ ਨਗਰ ਫਗਵਾੜਾ ਵਾਲੇ ਆਪਣੇ ਘਰ ਆਉਂਦਾ-ਜਾਂਦਾ ਰਹਿੰਦਾ ਸੀ।

ਐੱਸ.ਪੀ. ਗਿੱਲ ਨੇ ਦੱਸਿਆ ਕਿ ਪੁਲਸ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਜਾਂਚ ਕਰ ਰਹੀ ਹੈ। ਇਸ ਤੋਂ ਇਲਾਵਾ ਇਲਾਕੇ ’ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਰ ’ਚ ਭੇਜ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਅਣਪਛਾਤਾ ਕਾਤਲ ਪੰਕਜ ਦੁੱਗਲ ਦੇ ਘਰ ਪੈਦਲ ਆਇਆ ਸੀ ਅਤੇ ਗੋਲ਼ੀਆਂ ਚਲਾਉਣ ਤੋਂ ਬਾਅਦ ਜਦੋਂ ਉਹ ਮੌਕੇ ਤੋਂ ਫਰਾਰ ਹੋਇਆ ਤਾਂ ਉਸ ਦਾ ਇਕ ਹੋਰ ਸਾਥੀ ਕੁਝ ਦੂਰੀ ’ਤੇ ਮੋਟਰਸਾਈਕਲ ’ਤੇ ਉਸ ਦਾ ਇੰਤਜ਼ਾਰ ਕਰ ਰਿਹਾ ਸੀ। ਹਾਲਾਂਕਿ, ਇਸ ਤੱਥ ਨੂੰ ਲੈ ਕੇ ਅਧਿਕਾਰਤ ਪੱਧਰ ’ਤੇ ਦੱਸਿਆ ਜਾ ਰਿਹਾ ਹੈ ਕਿ ਇਸ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।

ਸੂਤਰਾਂ ਨੇ ਦੱਸਿਆ ਕਿ ਕਾਤਲ ਨੇ ਪੰਕਜ ’ਤੇ ਇਕ ਤੋਂ ਬਾਅਦ ਇਕ ਤਿੰਨ ਗੋਲ਼ੀਆਂ ਚਲਾਈਆਂ। 2 ਗੋਲ਼ੀਆਂ ਪੰਕਜ ਦੀ ਛਾਤੀ ਅਤੇ ਪੇਟ ’ਚ ਲੱਗੀਆਂ, ਜਦਕਿ ਤੀਜੀ ਗੋਲ਼ੀ ਹਵਾ ’ਚ ਹੀ ਰਹੀ। ਜ਼ਖ਼ਮੀ ਨੂੰ ਤੁਰੰਤ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮਿਲੀ ਜਾਣਕਾਰੀ ਮੁਤਾਬਕ ਪੰਕਜ ’ਤੇ ਗੋਲ਼ੀ ਚਲਾਉਣ ਤੋਂ ਪਹਿਲਾਂ ਅਣਪਛਾਤੇ ਕਾਤਲ ਨੇ ਉਸ ਦੇ ਬੇਟੇ ਨੂੰ ਕਿਹਾ ਸੀ ਕਿ ਉਹ ਉਸ ਦੇ ਪਿਤਾ ਨੂੰ ਮਿਲਣ ਆਇਆ ਹੈ। ਉਸ ਨੂੰ ਉਨ੍ਹਾਂ ਨਾਲ ਕੁਝ ਕੰਮ ਹੈ। ਜਿਵੇਂ ਹੀ ਪੰਕਜ ਘਰੋਂ ਬਾਹਰ ਆਇਆ ਤਾਂ ਕਾਤਲ ਨੇ ਉਸ ਨੂੰ ਗੋਲ਼ੀਆਂ ਮਾਰ ਦਿੱਤੀਆਂ।

ਦੱਸਿਆ ਜਾ ਰਿਹਾ ਹੈ ਕਿ ਵਾਰਦਾਤ ਤੋਂ ਬਾਅਦ ਗੁਆਂਢ ’ਚ ਰਹਿਣ ਵਾਲੇ ਪੰਕਜ ਦੁੱਗਲ ਦੇ ਇਕ ਗੁਆਂਢੀ ਨੇ ਆਪਣੇ ਘਰ ਨੂੰ ਅੰਦਰੋਂ ਪੂਰੀ ਤਰ੍ਹਾਂ ਬੰਦ ਕਰ ਦਿੱਤਾ। ਅਜਿਹਾ ਕਿਉਂ ਕੀਤਾ ਗਿਆ, ਇਹ ਅਜੇ ਰਹੱਸ ਬਣਿਆ ਹੋਇਆ ਹੈ। ਪੁਲਸ ਨੇ ਬੰਦ ਘਰ ਖੋਲ੍ਹ ਦਿੱਤਾ ਹੈ। ਹਾਲਾਂਕਿ, ਸੂਤਰਾਂ ਦਾ ਕਹਿਣਾ ਹੈ ਕਿ ਉਕਤ ਘਰ ਦੇ ਕਈ ਮੈਂਬਰ ਉੱਥੇ ਮੌਜੂਦ ਨਹੀਂ ਹਨ। ਉਹ ਕਿੱਥੇ ਹਨ, ਇਹ ਵੀ ਇਕ ਵੱਡਾ ਰਹੱਸ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਪੰਕਜ ਦੇ ਆਪਣੇ ਉਸ ਗੁਆਂਢੀ ਨਾਲ ਚੰਗੇ ਸਬੰਧ ਨਹੀਂ ਸਨ। ਇਸ ਦੌਰਾਨ ਮ੍ਰਿਤਕ ਦੇ ਪਰਿਵਾਰ ਵੱਲੋਂ ਕਈ ਗੰਭੀਰ ਦੋਸ਼ ਵੀ ਲਗਾਏ ਜਾ ਰਹੇ ਹਨ, ਜਿਨ੍ਹਾਂ ਦੀ ਪੁਲਸ ਜਾਂਚ ਕਰ ਰਹੀ ਹੈ।

ਹਿਮਾਚਲ ਪ੍ਰਦੇਸ਼ ’ਚ ਰਹਿਣ ਵਾਲੇ ਅਤੇ ਉੱਥੇ ਹੀ ਆਪਣਾ ਕਾਰੋਬਾਰ ਕਰਨ ਵਾਲੇ ਤਿੰਨ ਬੱਚਿਆਂ ਦੇ ਪਿਤਾ ਪੰਕਜ ਦੁੱਗਲ ਦਾ ਦੇਰ ਰਾਤ ਗੋਲ਼ੀਆਂ ਮਾਰ ਕੇ ਕਤਲ ਕਿਉਂ ਕੀਤਾ ਗਿਆ, ਇਹ ਭੇਤ ਬਰਕਰਾਰ ਹੈ। ਹਾਲਾਂਕਿ, ਪੁਲਸ ਨੂੰ ਇਲਾਕੇ ‘ਚ ਲੱਗੇ ਸੀਸੀਟੀਵੀ ਕੈਮਰਿਆਂ ’ਚ ਇਕ ਅਣਪਛਾਤੇ ਵਿਅਕਤੀ ਦੀ ਵੀਡੀਓ ਫੁਟੇਜ ਵੀ ਮਿਲੀ ਹੈ, ਜੋ ਘਟਨਾ ਦੇ ਸਮੇਂ ਉੱਥੋਂ ਭੱਜ ਰਿਹਾ ਹੈ। ਕੀ ਇਹ ਉਹੀ ਅਣਜਾਣ ਕਾਤਲ ਹੈ ਜਾਂ ਕੋਈ ਹੋਰ, ਇਹ ਵੀ ਜਾਂਚ ਦਾ ਵਿਸ਼ਾ ਹੈ।

Add a Comment

Your email address will not be published. Required fields are marked *