ਪੰਜਾਬ ‘ਚ ਸਰਕਾਰੀ ਬੱਸਾਂ ‘ਚ ਸਫ਼ਰ ਵਾਲਿਆਂ ਲਈ ਜਰੂਰੀ ਖਬਰ

ਜਲੰਧਰ : ਪਨਬੱਸ ਅਤੇ ਪੀ. ਆਰ. ਟੀ. ਸੀ. ਠੇਕਾ ਮੁਲਾਜ਼ਮ ਯੂਨੀਅਨ ਵੱਲੋਂ ਸੂਬਾ ਪੱਧਰੀ ਮੀਟਿੰਗ ਦਾ ਆਯੋਜਨ ਸਥਾਨਕ ਬੱਸ ਅੱਡੇ ’ਚ ਕੀਤਾ ਗਿਆ। ਇਸ ਦੌਰਾਨ 20 ਸਤੰਬਰ ਤੋਂ ਹੋਣ ਵਾਲੀ ਹੜਤਾਲ ਅਤੇ ਬੱਸਾਂ ਦੇ ਚੱਕਾ ਜਾਮ ਸਬੰਧੀ ਰੂਪ-ਰੇਖਾ ਤਿਆਰ ਕੀਤੀ ਗਈ। ਪ੍ਰਦੇਸ਼ ਪ੍ਰਧਾਨ ਰੇਸ਼ਮ ਸਿੰਘ ਗਿੱਲ, ਜਨਰਲ ਸਕੱਤਰ ਸ਼ਮਸ਼ੇਰ ਸਿੰਘ ਢਿਲੋਂ, ਸਰਪ੍ਰਸਤ ਕਮਲ ਕੁਮਾਰ, ਹਰਕੇਸ਼ ਸਿੰਘ ਵਿੱਕੀ, ਗੁਰਪ੍ਰੀਤ ਪੰਨੂ ਨੇ ਦੱਸਿਆ ਕਿ ਹੜਤਾਲ ਦੌਰਾਨ 20 ਸਤੰਬਰ ਨੂੰ ਚੰਡੀਗੜ੍ਹ ’ਚ ਰੋਸ ਪ੍ਰਦਰਸ਼ਨ ਕਰਦੇ ਹੋਏ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕੀਤਾ ਜਾਵੇਗਾ।

ਪ੍ਰਧਾਨ ਰੇਸ਼ਮ ਸਿੰਘ ਗਿੱਲ, ਜਨਰਲ ਸ਼ਮਸ਼ੇਰ ਸਿੰਘ ਢਿੱਲੋਂ ਨੇ ਦੱਸਿਆ ਕਿ ਪਿਛਲੇ ਦਿਨੀਂ ਚੱਕਾ ਜਾਮ ਕੀਤਾ ਜਾਣਾ ਸੀ ਪਰ ਮੁੱਖ ਮੰਤਰੀ ਨਾਲ ਮੀਟਿੰਗ ਦਾ ਭਰੋਸਾ ਦੇ ਕੇ ਹੜਤਾਲ ਰੁਕਵਾ ਦਿੱਤੀ ਗਈ ਅਤੇ ਤੈਅ ਸਮੇਂ ’ਤੇ ਮੀਟਿੰਗ ਨਹੀਂ ਕਰਵਾਈ ਗਈ। ਉਨ੍ਹਾਂ ਨੇ ਕਿਹਾ ਕਿ ਵਾਰ-ਵਾਰ ਪੈਨਲ ਮੀਟਿੰਗ ਦਾ ਭਰੋਸਾ ਦਿੱਤਾ ਗਿਆ ਹੈ ਪਰ ਹਰ ਵਾਰ ਉਨ੍ਹਾਂ ਨੂੰ ਨਿਰਾਸ਼ਾ ਹੱਥ ਲੱਗਦੀ ਹੈ। ਇਸ ਦੇ ਮੱਦੇਨਜ਼ਰ 20 ਸਤੰਬਰ ਤੋਂ ਅਣਮਿੱਥੇ ਸਮੇਂ ਲਈ ਬੱਸਾਂ ਦਾ ਚੱਕਾ ਜਾਮ ਕੀਤਾ ਜਾਵੇਗਾ ਅਤੇ ਰੋਡਵੇਜ਼, ਪਨਬੱਸ, ਪੀ. ਆਰ. ਟੀ. ਸੀ. ਦੀਆਂ ਬੱਸਾਂ ਬੰਦ ਰਹਿਣਗੀਆ।

ਆਗੂਆਂ ਨੇ ਕਿਹਾ ਕਿ ਸਖ਼ਤ ਸੰਘਰਸ਼ ਕਰ ਕੇ ਯੂਨੀਅਨ ਨੇ 5 ਫ਼ੀਸਦੀ ਤਨਖ਼ਾਹ ਵਧਾਇਆ ਸੀ ਪਰ ਅਧਿਕਾਰੀਆਂ ਵਲੋਂ ਤਨਖ਼ਾਹ ਦੇ ਵਾਧੇ ਨੂੰ ਰੋਕ ਦਿੱਤਾ ਗਿਆ। ਉਨ੍ਹਾਂ ਨੇ ਕਿਹਾ ਕਿ ਠੇਕਾ ਕਰਮਚਾਰੀਆਂ ਨੂੰ ਪੱਕਾ ਕਰਨਾ, ਸਸਪੈਂਡ ਕਰਮਚਾਰੀਆਂ ਨੂੰ ਬਹਾਲ ਕਰਨ ਸਣੇ ਪੈਂਡਿੰਗ ਮੰਗਾਂ ਨੂੰ ਪੂਰਾ ਨਹੀਂ ਕੀਤਾ ਜਾ ਰਿਹਾ, ਜਿਸ ਦੇ ਚੱਲਦੇ ਸੰਘਰਸ਼ ਕਰਨਾ ਪੈ ਰਿਹਾ ਹੈ। ਇਸ ਮੌਕੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਯੂਨੀਅਨ ਨੇਤਾ ਮੌਜੂਦ ਰਹੇ।

Add a Comment

Your email address will not be published. Required fields are marked *