ਬ੍ਰਿਟੇਨ ਦੀ ਮਰਹੂਮ ਰਾਜਕੁਮਾਰੀ ਡਾਇਨਾ ਦੇ ਲਾਲ ਸਵੈਟਰ ਦੀ ਨਿਊਯਾਰਕ ‘ਚ ਨਿਲਾਮੀ

ਨਿਊਯਾਰਕ – ਬ੍ਰਿਟੇਨ ਦੀ ਮਰਹੂਮ ਰਾਜਕੁਮਾਰੀ ਡਾਇਨਾ ਵੱਲੋਂ ਪਹਿਨੇ ਗਏ ਇੱਕ ਲਾਲ ਸਵੈਟਰ ਦੀ ਬੀਤੇ ਦਿਨ ਸ਼ੁੱਕਰਵਾਰ ਨੂੰ ਨਿਊਯਾਰਕ ਵਿੱਚ ਨਿਲਾਮੀ ਕੀਤੀ ਗਈ ਜੋ 9 ਕਰੋੜ ਰੁਪਏ ਵਿੱਚ ਵਿਕਿਆ ਹੈ। ਇਸ ਸਵੈਟਰ ਦੇ ਡਿਜ਼ਾਈਨ ਵਿੱਚ ਚਿੱਟੀਆਂ ਭੇਡਾਂ ਦੇ ਵਿਚਕਾਰ ਇੱਕ ਕਾਲੀ ਭੇਡ ਖੜ੍ਹੀ ਹੈ, ਇਸ ਲਈ ਇਸ ਨੂੰ ਬਲੈਕ ਸ਼ੀਪ ਸਵੈਟਰ ਦਾ ਨਾਮ ਦਿੱਤਾ ਗਿਆ। ਇਸ ਦੀ ਨਿਲਾਮੀ ਨਿਊਯਾਰਕ ਦੇ ਨਿਲਾਮੀ ਘਰ ਨੇ ਕੀਤੀ। ਇਹ ਸਵੈਟਰ ਕਰੀਬ 1.1 ਮਿਲੀਅਨ ਡਾਲਰ ਯਾਨੀ 9 ਕਰੋੜ ਰੁਪਏ ਵਿੱਚ ਵਿਕਿਆ ਹੈ।

ਰਾਜਕੁਮਾਰੀ ਡਾਇਨਾ ਨੇ 1981 ਵਿੱਚ ਪ੍ਰਿੰਸ ਚਾਰਲਸ ਦੇ ਪੋਲੋ ਮੈਚ ਵਿੱਚ ਇਹ ਸਵੈਟਰ ਪਹਿਨਿਆ ਸੀ। ਇਸ ਦੀ ਨਿਲਾਮੀ 31 ਅਗਸਤ ਤੋਂ ਸ਼ੁਰੂ ਹੋਈ ਸੀ। ਨਿਲਾਮੀ ਦੇ ਆਖ਼ਰੀ ਸਮੇਂ ਤੱਕ ਇਸ ਦੀ ਸਭ ਤੋਂ ਵੱਧ ਬੋਲੀ 2 ਲੱਖ ਡਾਲਰ ਤੋਂ ਵੀ ਘੱਟ ਸੀ। ਬਾਅਦ ਵਿੱਚ ਇਹ ਸਵੈਟਰ 1.1 ਮਿਲੀਅਨ ਡਾਲਰ ਵਿੱਚ ਵਿਕਿਆ। ਸਵੈਟਰ ਖਰੀਦਣ ਵਾਲੇ ਦੇ ਨਾਂ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ। ਲੇਡੀ ਡਾਇਨਾ ਦੀਆਂ ਹੋਰ ਚੀਜ਼ਾਂ ਵੀ ਨਿਲਾਮੀ ਲਈ ਰੱਖੀਆਂ ਗਈਆਂ ਸਨ, ਪਰ ਸਭ ਤੋਂ ਵੱਧ ਬੋਲੀ ਸਵੈਟਰ ਦੀ ਸੀ। ਇਹ ਵੀ ਕਿਹਾ ਜਾਂਦਾ ਹੈ ਕਿ ਸਵੈਟਰ ਦਾ ਡਿਜ਼ਾਈਨ ਬ੍ਰਿਟੇਨ ਦੇ ਸ਼ਾਹੀ ਪਰਿਵਾਰ ਵਿੱਚ ਲੇਡੀ ਡਾਇਨਾ ਦੇ ਸਥਾਨ ਦੀ ਕਹਾਣੀ ਦੱਸਦਾ ਹੈ।

ਡਾਇਨਾ ਹੁਣ ਤੱਕ ਸ਼ਾਹੀ ਪਰਿਵਾਰ ਦੀ ਸਭ ਤੋਂ ਮਸ਼ਹੂਰ ਸ਼ਖ਼ਸੀਅਤ ਰਹੀ ਹੈ। ਉਸਨੇ 1981 ਵਿੱਚ ਪ੍ਰਿੰਸ ਚਾਰਲਸ ਨਾਲ ਵਿਆਹ ਕਰਾਇਆ ਸੀ। ਡਾਇਨਾ ਦਾ ਸ਼ਾਹੀ ਪਰਿਵਾਰ ਪਰੰਪਰਾਵਾਂ ਵਿਚਕਾਰ ਦਮ ਘੁੱਟ ਰਿਹਾ ਸੀ। ਇੱਥੋਂ ਤੱਕ ਕਿ ਪ੍ਰਿੰਸ ਚਾਰਲਸ ਦੀਆਂ ਵਿਆਹ ਤੋਂ ਬਾਅਦ ਦੀਆਂ ਹਰਕਤਾਂ ਨੇ ਉਸ ਦੀਆਂ ਮੁਸ਼ਕਲਾਂ ਨੂੰ ਵਧਾ ਦਿੱਤਾ, ਜਿਸ ਕਾਰਨ ਦੋਵਾਂ ਦਾ ਤਲਾਕ ਹੋ ਗਿਆ ਸੀ ਅਤੇ ਸੰਨ 1997 ਵਿੱਚ ਡਾਇਨਾ ਦੀ ਪੈਰਿਸ ਵਿੱਚ ਇੱਕ ਕਾਰ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ।

Add a Comment

Your email address will not be published. Required fields are marked *