ਅਸ਼ੋਕ ਲੇਲੈਂਡ ਉੱਤਰ ਪ੍ਰਦੇਸ਼ ‘ਚ ਸਥਾਪਿਤ ਕਰੇਗੀ ਬੱਸ ਬਣਾਉਣ ਦੀ ਫੈਕਟਰੀ

ਨਵੀਂ ਦਿੱਲੀ— ਹਿੰਦੂਜਾ ਗਰੁੱਪ ਦੀ ਪ੍ਰਮੁੱਖ ਕੰਪਨੀ ਅਸ਼ੋਕ ਲੇਲੈਂਡ ਉੱਤਰ ਪ੍ਰਦੇਸ਼ ‘ਚ 1,000 ਕਰੋੜ ਰੁਪਏ ਦੇ ਨਿਵੇਸ਼ ਨਾਲ ਬੱਸ ਬਣਾਉਣ ਦੀ ਫੈਕਟਰੀ ਦੀ ਸਥਾਪਨਾ ਕਰਨ ਜਾ ਰਹੀ ਹੈ। ਇਸ ਫੈਕਟਰੀ ਵਿੱਚ ਵਾਤਾਵਰਣ ਅਨੁਕੂਲ ਆਵਾਜਾਈ ਪ੍ਰਣਾਲੀ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਜਾਵੇਗਾ। ਵਪਾਰਕ ਵਾਹਨ ਨਿਰਮਾਤਾ ਕੰਪਨੀ ਨੇ ਸ਼ੁੱਕਰਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਕੰਪਨੀ ਨੇ ਉੱਤਰ ਪ੍ਰਦੇਸ਼ ਵਿੱਚ ਆਪਣੇ ਪਹਿਲੇ ਨਿਰਮਾਣ ਪਲਾਂਟ ਲਈ ਰਾਜ ਸਰਕਾਰ ਦੇ ਨਾਲ ਇੱਕ ਸਮਝੌਤਾ ਪੱਤਰ (ਐੱਮਓਯੂ) ‘ਤੇ ਹਸਤਾਖ਼ਰ ਕੀਤੇ ਹਨ।

ਬਿਆਨ ਦੇ ਮੁਤਾਬਕ ਕੰਪਨੀ ਲਖਨਊ ਨੇੜੇ ਬੱਸ ਨਿਰਮਾਣ ਲਈ ਇਕ ਏਕੀਕ੍ਰਿਤ ਪਲਾਂਟ ਸਥਾਪਿਤ ਕਰੇਗੀ। ਇਸ ਵਿੱਚ ਵਾਤਾਵਰਣ ਅਨੁਕੂਲ ਟਰਾਂਸਪੋਰਟ ਪ੍ਰਣਾਲੀ ‘ਤੇ ਜ਼ੋਰ ਦਿੱਤਾ ਜਾਵੇਗਾ। ਅਸ਼ੋਕ ਲੇਲੈਂਡ ਦੇ ਮੈਨੇਜਿੰਗ ਡਾਇਰੈਕਟਰ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਸ਼ੇਨੂੰ ਅਗਰਵਾਲ ਨੇ ਕਿਹਾ, “ਰਾਜ ਵਿੱਚ ਵਿਕਲਪਕ ਈਂਧਨ ਵਾਹਨਾਂ ਦੀ ਮਾਰਕੀਟ ਸਵੀਕ੍ਰਿਤੀ ਅਤੇ ਮੰਗ ਦੇ ਆਧਾਰ ‘ਤੇ ਅਸ਼ੋਕ ਲੇਲੈਂਡ ਅਗਲੇ ਕੁਝ ਸਾਲ ਵਿੱਚ ਇਸ ਨਵੇਂ ਯੂਨਿਟ ਵਿੱਚ 1,000 ਕਰੋੜ ਰੁਪਏ ਤੱਕ ਦਾ ਨਿਵੇਸ਼ ਕਰਨ ਦੀ ਯੋਜਨਾ ਬਣਾ ਰਹੀ ਹੈ।  

ਉਹਨਾਂ ਨੇ ਕਿਹਾ ਕਿ 2048 ਤੱਕ ਕਾਰਬਨ ਨਿਕਾਸ ਨੂੰ ਸ਼ੁੱਧ ਰੂਪ ਤੋਂ ਜ਼ੀਰੋ ਪੱਧਰ ਤੱਕ ਲੈ ਕੇ ਆਉਣ ਦਾ ਟੀਚਾ ਵੀ ਉੱਤਰ ਪ੍ਰਦੇਸ਼ ਵਿੱਚ ਪਲਾਂਟ ਸਥਾਪਤ ਕਰਨ ਦਾ ਇਸ ਵੱਡਾ ਕਾਰਨ ਹੈ। ਕੰਪਨੀ ਨੇ ਕਿਹਾ ਕਿ ਸੰਚਾਲਨ ਸ਼ੁਰੂ ਹੋਣ ਤੋਂ ਬਾਅਦ ਨਿਰਮਾਣ ਯੂਨਿਟ ਸ਼ੁਰੂ ਵਿੱਚ ਸਾਲਾਨਾ 2,500 ਬੱਸਾਂ ਦਾ ਉਤਪਾਦਨ ਕਰੇਗੀ। ਹੌਲੀ-ਹੌਲੀ ਸਮਰੱਥਾ ਵਧਾਉਂਦੇ ਹੋਏ ਇਕ ਦਹਾਕੇ ਵਿੱਚ ਇਸ ਨੂੰ ਸਾਲਾਨਾ 5,000 ਬੱਸਾਂ ਤੱਕ ਲੈ ਕੇ ਜਾਣ ਦੀ ਯੋਜਨਾ ਹੈ। ਦੱਸ ਦੇਈਏ ਕਿ ਅਸ਼ੋਕ ਲੇਲੈਂਡ ਦਾ ਇਹ ਭਾਰਤ ਵਿੱਚ ਸੱਤਵਾਂ ਆਟੋਮੋਬਾਈਲ ਪਲਾਂਟ ਹੋਵੇਗਾ। ਅਸ਼ੋਕ ਲੇਲੈਂਡ ਦੇਸ਼ ਵਿੱਚ ਵਪਾਰਕ ਵਾਹਨ ਨਿਰਮਾਣ ਵਿੱਚ ਟਾਟਾ ਮੋਟਰਜ਼ ਤੋਂ ਬਾਅਦ ਦੂਜੇ ਨੰਬਰ ‘ਤੇ ਹੈ।

Add a Comment

Your email address will not be published. Required fields are marked *