ਥੋਕ ਮਹਿੰਗਾਈ ’ਚ ਲਗਾਤਾਰ 5ਵੇਂ ਮਹੀਨੇ ਗਿਰਾਵਟ

ਨਵੀਂ ਦਿੱਲੀ  – ਥੋਕ ਮਹਿੰਗਾਈ ’ਚ ਲਗਾਤਾਰ 5ਵੇਂ ਮਹੀਨੇ ਅਗਸਤ ’ਚ ਗਿਰਾਵਟ ਆਈ ਅਤੇ ਇਹ ਜ਼ੀਰੋ ਤੋਂ 0.52 ਫੀਸਦੀ ਹੇਠਾਂ ਰਹੀ। ਥੋਕ ਮੁੱਲ ਸੂਚਕ ਅੰਕ (ਡਬਲਯੂ. ਪੀ. ਆਈ.) ਆਧਾਰਿਤ ਮਹਿੰਗਾਈ ਅਪ੍ਰੈਲ ਤੋਂ ਜ਼ੀਰੋ ਤੋਂ ਹੇਠਾਂ ਬਣੀ ਹੈ। ਜੁਲਾਈ ’ਚ ਇਹ ਜ਼ੀਰੋ ਤੋਂ ਹੇਠਾਂ 1.36 ਫੀਸਦੀ ਸੀ ਜਦ ਕਿ ਅਗਸਤ 2022 ਵਿਚ ਇਹ 12.48 ਫੀਸਦੀ ਰਹੀ ਸੀ।

ਸਰਕਾਰੀ ਅੰਕੜਿਆਂ ਮੁਤਾਬਕ ਅਗਸਤ ’ਚ ਖਾਣ ਵਾਲੀਆਂ ਵਸਤਾਂ ਦੀ ਮਹਿੰਗਾਈ 10.60 ਫੀਸਦੀ ਰਹੀ ਜੋ ਜੁਲਾਈ ਵਿਚ 14.25 ਫੀਸਦੀ ਸੀ। ਵਪਾਰ ਅਤੇ ਉਦਯੋਗ ਮੰਤਰਾਲਾ ਨੇ ਕਿਹਾ ਕਿ ਅਗਸਤ 2023 ਵਿਚ ਮੁੱਖ ਤੌਰ ’ਤੇ ਪਿਛਲੇ ਸਾਲ ਦੇ ਇਸੇ ਮਹੀਨੇ ਦੀ ਤੁਲਨਾ ਵਿਚ ਖਣਿਜ ਤੇਲ, ਬੁਨਿਆਦੀ ਧਾਤਾਂ, ਰਸਾਇਣ ਅਤੇ ਰਸਾਇਣ ਉਤਪਾਦਾਂ, ਕੱਪੜਾ ਅਤੇ ਖਾਣ ਵਾਲੇ ਉਤਪਾਦਾਂ ਦੀਆਂ ਕੀਮਤਾਂ ਵਿਚ ਗਿਰਾਵਟ ਕਾਰਨ ਮਹਿੰਗਾਈ ਜ਼ੀਰੋ ਤੋਂ ਹੇਠਾਂ ਰਹੀ। ਈਂਧਨ ਅਤੇ ਬਿਜਲੀ ਸੈਗਮੈਂਟ ਦੀ ਮਹਿੰਗਾਈ ਅਗਸਤ ਵਿਚ ਜ਼ੀਰੋ ਤੋਂ 6.03 ਫੀਸਦੀ ਹੇਠਾਂ ਰਹੀ ਜੋ ਜੁਲਾਈ ਵਿਚ ਜ਼ੀਰੋ ਤੋਂ 12.79 ਫੀਸਦੀ ਹੇਠਾਂ ਸੀ। ਤਿਆਰ ਉਤਪਾਦਾਂ ਦੀ ਮਹਿੰਗਾਈ ਅਗਸਤ ’ਚ ਜ਼ੀਰੋ ਤੋਂ ਹੇਠਾਂ 2.37 ਫੀਸਦੀ ਰਹੀ। ਜੁਲਾਈ ਵਿਚ ਇਹ ਜ਼ੀਰੋ ਤੋਂ ਹੇਠਾਂ 2.51 ਫੀਸਦੀ ਸੀ।

ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਵਧਦੀ ਪ੍ਰਚੂਨ ਮਹਿੰਗਾਈ ਨੂੰ ਕਾਬੂ ’ਚ ਰੱਖਣ ਦੇ ਨਾਲ ਅਰਥਵਿਵਸਥਾ ਨੂੰ ਰਫਤਾਰ ਦੇਣ ਦੇ ਮਕਸਦ ਨਾਲ ਪਿਛਲੇ ਮਹੀਨੇ ਤੀਜੀ ਵਾਰ ਨੀਤੀਗਤ ਦਰ ਰੇਪੋ ਨੂੰ 6.5 ਫੀਸਦੀ ’ਤੇ ਬਰਕਰਾਰ ਰੱਖਿਆ ਸੀ। ਕੇਂਦਰੀ ਬੈਂਕ ਮੁਦਰਾ ਨੀਤੀ ਤਿਆਰ ਕਰਨ ਲਈ ਪ੍ਰਚੂਨ ਜਾਂ ਖਪਤਕਾਰ ਮੁੱਲ ਸੂਚਕ ਅੰਕ ਆਧਾਰਿਤ ਮਹਿੰਗਾਈ ਨੂੰ ਧਿਆਨ ਵਿਚ ਰੱਖਦਾ ਹੈ। ਅਗਸਤ ਵਿਚ ਪ੍ਰਚੂਨ ਮਹਿੰਗਾਈ 6.83 ਫੀਸਦੀ ਰਹੀ ਜੋ ਜੁਲਾਈ ਦੇ 7.44 ਫੀਸਦੀ ਤੋਂ ਘੱਟ ਹੈ।

Add a Comment

Your email address will not be published. Required fields are marked *