ਪੰਜਾਬ, ਚੰਡੀਗੜ੍ਹ ’ਚੋਂ ਹਰ ਮਹੀਨੇ ਚੋਰੀ ਹੋ ਜਾਂਦੇ ਹਨ ਡੇਢ ਕਰੋੜ ਦੇ ਮੋਬਾਇਲ

ਜਲੰਧਰ: ਪੰਜਾਬ ਅਤੇ ਚੰਡੀਗੜ੍ਹ ‘ਚ ਹਰ ਮਹੀਨੇ ਕਰੀਬ ਡੇਢ ਕਰੋੜ ਰੁਪਏ ਦੇ ਮੋਬਾਇਲ ਚੋਰੀ ਹੋ ਜਾਂਦੇ ਹਨ, ਜਦ ਕਿ ਦੇਸ਼ ਵਿੱਚ ਮੋਬਾਇਲ ਚੋਰੀ ਅਤੇ ਗਾਇਬ ਹੋਣ ਦਾ ਅੰਕੜਾ ਹਰ ਮਹੀਨੇ 50 ਕਰੋੜ ਰੁਪਏ ਦੇ ਕਰੀਬ ਹੈ ਪਰ ਦੂਰਸੰਚਾਰ ਵਿਭਾਗ ਦੇ ‘ਸੰਚਾਰ ਸਾਥੀ ਪੋਰਟਲ’ ਦੀ ਮਦਦ ਨਾਲ ਹੁਣ ਚੋਰੀ ਜਾਂ ਗੁੰਮ ਹੋਏ ਮੋਬਾਇਲਾਂ ਦਾ ਪਤਾ ਲਗਾਇਆ ਜਾ ਸਕਦਾ ਹੈ। ਵਿਭਾਗ ਨੂੰ ਇਸ ਮਾਮਲੇ ’ਚ ਕਾਫੀ ਹੱਦ ਤੱਕ ਸਫਲਤਾ ਮਿਲੀ ਹੈ।

ਜ਼ਿਕਰਯੋਗ ਹੈ ਕਿ ਸਾਥੀ ਪੋਰਟਲ 16 ਮਈ ਨੂੰ ਲਾਂਚ ਕੀਤਾ ਗਿਆ ਸੀ। ਇਹ ਚੋਰੀ ਜਾਂ ਗੁੰਮ ਹੋਏ ਸਮਾਰਟ ਫੋਨ ਨੂੰ ਟ੍ਰੈਕ ਅਤੇ ਬਲਾਕ ਕਰਨ ਲਈ ਪੇਸ਼ ਕੀਤਾ ਗਿਆ ਸੀ। ਇਹ ਕੇਂਦਰੀ ਉਪਕਰਨ ਪਛਾਣ ਰਜਿਸਟਰ (ਸੀ. ਈ. ਆਈ. ਆਰ.) ਦਾ ਹਿੱਸਾ ਹੈ। ਇਸ ਦੀ ਸ਼ੁਰੂਆਤ ਹੋਣ ਤੋਂ ਬਾਅਦ ਲੋਕਾਂ ਨੇ ਪੋਰਟਲ ’ਤੇ ਗੁੰਮ ਜਾਂ ਚੋਰੀ ਹੋਏ ਫੋਨਾਂ ਬਾਰੇ ਕਾਫੀ ਸ਼ਿਕਾਇਤਾਂ ਦਰਜ ਕਰਵਾਈਆਂ ਹਨ। ਦੇਸ਼ ਦੀ ਗੱਲ ਕਰੀਏ ਤਾਂ ਇਸ ਪੋਰਟਲ ਦੀ ਮਦਦ ਨਾਲ ਹੁਣ ਤੱਕ 2.85 ਲੱਖ ਗੁੰਮ ਜਾਂ ਚੋਰੀ ਹੋਏ ਮੋਬਾਇਲਾਂ ਦਾ ਪਤਾ ਲਗਾਇਆ ਜਾ ਚੁੱਕਾ ਹੈ। ਇਨ੍ਹਾਂ ‘ਚੋਂ 21,001 ਮੋਬਾਇਲ ਫੋਨ ਵੀ ਬਰਾਮਦ ਕੀਤੇ ਜਾ ਚੁੱਕੇ ਹਨ। ਇਸ ਦੇ ਨਾਲ ਹੀ 6.8 ਲੱਖ ਫੋਨ ਬਲਾਕ ਕੀਤੇ ਗਏ ਹਨ। ਸਰਕਾਰੀ ਅੰਦਾਜ਼ੇ ਮੁਤਾਬਕ ਦੇਸ਼ ਵਿੱਚ ਹਰ ਮਹੀਨੇ 50,000 ਮੋਬਾਇਲ ਫੋਨ ਚੋਰੀ ਹੋ ਜਾਂਦੇ ਹਨ।

ਡਾਇਰੈਕਟਰ ਸਕਿਓਰਿਟੀ ਐਂਡ ਡੀਆਈ ਸੀਬੀ ਸਿੰਘ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਸਰਕਾਰ ਦੀ ਇਸ ਪਹਿਲਕਦਮੀ ਦਾ ਉਦੇਸ਼ ਖਪਤਕਾਰਾਂ ਨੂੰ ਉਨ੍ਹਾਂ ਦੇ ਮੋਬਾਇਲ ਉਪਕਰਣਾਂ ਪ੍ਰਤੀ ਸ਼ਕਤੀ ਪ੍ਰਦਾਨ ਕਰਨਾ ਹੈ ਤਾਂ ਜੋ ਉਹ ਕਿਸੇ ਵੀ ਸਮੇਂ ਠੱਗੀ ਮਹਿਸੂਸ ਨਾ ਕਰਨ। ਉਨ੍ਹਾਂ ਕਿਹਾ ਕਿ ਪੋਰਟਲ ਦੇ ਤਹਿਤ 3 ਤਰ੍ਹਾਂ ਦੀਆਂ ਸੇਵਾਵਾਂ- CEIR, Tefcop ਅਤੇ KYM ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਸੀ.ਈ.ਆਈ.ਆਰ. ਰਾਹੀਂ ਗੁੰਮ ਹੋਏ ਮੋਬਾਇਲ ਨੂੰ ਟ੍ਰੇਸ ਕੀਤਾ ਜਾ ਸਕਦਾ ਹੈ ਅਤੇ ਖਪਤਕਾਰ ਵੀ ਦੁਰਵਰਤੋਂ ਤੋਂ ਬਚਣ ਲਈ ਆਪਣੇ ਮੋਬਾਇਲ ਨੂੰ ਘਰ ਵਿੱਚ ਹੀ ਬਲਾਕ ਕਰ ਸਕਦਾ ਹੈ, ਜਦੋਂ ਕਿ ਟੇਫਕੋਪ ਰਾਹੀਂ ਖਪਤਕਾਰ ਦੇ ਨਾਂ ‘ਤੇ ਕਿੰਨੇ ਮੋਬਾਇਲ ਕੁਨੈਕਸ਼ਨ ਹਨ, ਇਸ ਬਾਰੇ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ ਤਾਂ ਜੋ ਕਿਸੇ ਵੀ ਵੱਡੇ ਸੰਭਾਵੀ ਅਪਰਾਧ ਤੋਂ ਬਚਿਆ ਜਾ ਸਕਦਾ ਹੈ। ਤੀਸਰੀ ਸੇਵਾ KYM ਯਾਨੀ Know Your Mobile ਦੇ ਜ਼ਰੀਏ ਮੋਬਾਇਲ ਡਿਵਾਈਸ ਖਰੀਦਣ ਤੋਂ ਪਹਿਲਾਂ ਇਹ ਪਤਾ ਲਗਾਇਆ ਜਾ ਸਕਦਾ ਹੈ ਕਿ ਕੀ ਮੋਬਾਇਲ ਬਲੈਕਲਿਸਟ, ਡੁਪਲੀਕੇਟ ਜਾਂ ਪਹਿਲਾਂ ਤੋਂ ਵਰਤੋਂ ਵਿੱਚ ਹੈ। ਪੋਰਟਲ ਅਜਿਹੇ ਯੰਤਰਾਂ ਨੂੰ ਕਦੇ ਨਾ ਖਰੀਦਣ ਦੀ ਸਲਾਹ ਦਿੰਦਾ ਹੈ।

ਉਨ੍ਹਾਂ ਦੱਸਿਆ ਕਿ ਪੰਜਾਬ ਅਤੇ ਚੰਡੀਗੜ੍ਹ ਵਿੱਚ ਕਰੀਬ 4.5 ਕਰੋੜ ਮੋਬਾਇਲ ਗਾਹਕ ਹਨ। ਜਦੋਂ ਤੋਂ ਸਾਥੀ ਪੋਰਟਲ ਸ਼ੁਰੂ ਹੋਇਆ ਹੈ, ਪੰਜਾਬ ਦੇ 5341 ਲੋਕਾਂ ਨੇ ਇਸ ਪੋਰਟਲ ਰਾਹੀਂ ਆਪਣੇ ਮੋਬਾਇਲ ਚੋਰੀ ਜਾਂ ਗੁੰਮ ਹੋਣ ਦੀ ਸਥਿਤੀ ਵਿੱਚ ਆਪਣੇ ਸਿਮ ਬਲਾਕ ਕਰਵਾਏ ਹਨ ਅਤੇ ਚੰਡੀਗੜ੍ਹ ਵਿੱਚ ਅਜਿਹੇ ਲੋਕਾਂ ਦੀ ਗਿਣਤੀ 339 ਹੈ। ਇਸ ਪੋਰਟਲ ਰਾਹੀਂ ਪੰਜਾਬ ‘ਚੋਂ 1572 ਚੋਰੀ ਜਾਂ ਗੁੰਮ ਹੋਏ ਮੋਬਾਇਲਾਂ ਨੂੰ ਟ੍ਰੇਸ ਕਰਕੇ 258 ਬਰਾਮਦ ਕੀਤੇ ਗਏ ਹਨ, ਜਦਕਿ ਬਾਕੀਆਂ ਖ਼ਿਲਾਫ਼ ਕਾਰਵਾਈ ਜਾਰੀ ਹੈ। ਇਸੇ ਤਰ੍ਹਾਂ ਚੰਡੀਗੜ੍ਹ ਵਿੱਚ 92 ਚੋਰੀ ਜਾਂ ਗੁੰਮ ਹੋਏ ਮੋਬਾਇਲ ਫੋਨ ਟ੍ਰੇਸ ਕੀਤੇ ਗਏ ਹਨ ਅਤੇ 13 ਬਰਾਮਦ ਕੀਤੇ ਗਏ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਸਾਥੀ ਪੋਰਟਲ ਸਬੰਧੀ ਪੰਜਾਬ ਅਤੇ ਚੰਡੀਗੜ੍ਹ ਵਿੱਚ ਵੱਖ-ਵੱਖ ਥਾਵਾਂ ‘ਤੇ ਕੈਂਪ ਲਗਾਏ ਜਾ ਰਹੇ ਹਨ ਤਾਂ ਜੋ ਲੋਕਾਂ ਵਿੱਚ ਜਾਗਰੂਕਤਾ ਪੈਦਾ ਕੀਤੀ ਜਾ ਸਕੇ ਕਿਉਂਕਿ ਅੱਜ ਦੇ ਯੁੱਗ ਵਿੱਚ ਮੋਬਾਇਲ ਬੈਂਕਿੰਗ, ਮਨੋਰੰਜਨ, ਸਿੱਖਿਆ, ਖਰੀਦਦਾਰੀ ਸਮੇਤ ਸਾਰੇ ਕੰਮ ਕਰਦਾ ਹੈ, ਇਸ ਲਈ ਇਸ ਦੀ ਸੁਰੱਖਿਆ ਜ਼ਰੂਰੀ ਹੈ।

Add a Comment

Your email address will not be published. Required fields are marked *