SHO ਨਵਦੀਪ ਨੂੰ ਤੁਰੰਤ ਕੀਤਾ ਜਾਵੇ ਗ੍ਰਿਫ਼ਤਾਰ ਤੇ 2 ਹੋਰ ਪੁਲਸ ਮੁਲਾਜ਼ਮਾਂ ਨੂੰ ਬਰਖ਼ਾਸਤ ਕੀਤਾ ਜਾਵੇ: ਮਜੀਠੀਆ

ਜਲੰਧਰ – ਸ਼੍ਰੋਮਣੀ ਅਕਾਲੀ ਦਲ ਨੇ 2 ਭਰਾਵਾਂ ਵੱਲੋਂ ਖ਼ੁਦਕੁਸ਼ੀ ਕਰਨ ਦੇ ਮਾਮਲੇ ’ਚ ਬਰਖ਼ਾਸਤ ਇੰਸ. ਨਵਦੀਪ ਸਿੰਘ ਨੂੰ ਜ਼ਮਾਨਤ ਹਾਸਲ ਕਰਨ ਅਤੇ ਸਬੂਤ ਮਿਟਾਉਣ ਦਾ ਸਮਾਂ ਦੇਣ ਦੀ ਜ਼ੋਰਦਾਰ ਨਿਖੇਧੀ ਕੀਤੀ ਹੈ ਅਤੇ ਮੰਗ ਕੀਤੀ ਹੈ ਕਿ ਨਵਦੀਪ ਸਿੰਘ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਕੇਸ ’ਚ ਸ਼ਾਮਲ ਦੋ ਹੋਰ ਪੁਲਸ ਮੁਲਾਜ਼ਮਾਂ ਨੂੰ ਬਰਖ਼ਾਸਤ ਕੀਤਾ ਜਾਵੇ।

ਦੋਵੇਂ ਭਰਾਵਾਂ ਮਾਨਵਜੀਤ ਸਿੰਘ ਢਿੱਲੋਂ ਅਤੇ ਜਸ਼ਨਬੀਰ ਸਿੰਘ ਢਿੱਲੋਂ ਦੇ ਪਿਤਾ ਨਾਲ ਮਿਲ ਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਦੋਵੇਂ ਭਰਾਵਾਂ ਵੱਲੋਂ ਖ਼ੁਦਕੁਸ਼ੀ ਕਰਨ ਦੇ 24 ਦਿਨ ਬੀਤ ਗਏ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਪੁਲਸ ਦੋਵੇਂ ਭਰਾਵਾਂ ਦੀਆਂ ਲਾਸ਼ਾਂ ਲੱਭਣ ਵਾਸਤੇ ਕੋਈ ਮਦਦ ਦੇਣ ’ਚ ਨਾਕਾਮ ਰਹੀ, ਜਿਸ ਦਾ ਮਕਸਦ ਇਹ ਸੀ ਕਿ ਲਾਸ਼ਾਂ ਨਾ ਲੱਭਣ, ਕਿਉਂਕਿ ਲਾਸ਼ਾਂ ਨਾ ਮਿਲਣ ਦੀ ਸੂਰਤ ’ਚ ਕਿਸੇ ਦੇ ਵੀ ਖ਼ਿਲਾਫ਼ ਕੋਈ ਕਾਰਵਾਈ ਹੋ ਹੀ ਨਹੀਂ ਸਕਦੀ ਸੀ ਅਤੇ ਜਦੋਂ ਜਸ਼ਨਬੀਰ ਸਿੰਘ ਢਿੱਲੋਂ ਦੀ ਲਾਸ਼ ਲੱਭ ਗਈ ਤਾਂ ਇੰਸ. ਨਵਦੀਪ ਸਿੰਘ ਅਤੇ 2 ਪੁਲਸ ਮੁਲਾਜ਼ਮਾਂ ਖ਼ਿਲਾਫ਼ ਕੇਸ ਤਾਂ ਦਰਜ ਕਰ ਦਿੱਤਾ ਗਿਆ ਪਰ ਇਨ੍ਹਾਂ ਖ਼ਿਲਾਫ਼ ਕਾਰਵਾਈ ਕੋਈ ਨਹੀਂ ਕੀਤੀ ਗਈ।

ਉਨ੍ਹਾਂ ਕਿਹਾ ਕਿ ਇੰਸ. ਨਵਦੀਪ ਸਿੰਘ ਨੂੰ ਬਰਖ਼ਾਸਤ ਕਰਨ ਦੇ ਹੁਕਮ ਜਾਰੀ ਤਾਂ ਕਰ ਦਿੱਤੇ ਗਏ ਪਰ ਨਾ ਤਾਂ ਉਸ ਨੂੰ ਅਤੇ ਨਾ ਹੀ ਕੇਸ ’ਚ ਸ਼ਾਮਲ ਦੋ ਹੋਰ ਪੁਲਸ ਮੁਲਾਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਮਜੀਠੀਆ ਨੇ ਸਰਕਾਰ ਨੂੰ ਆਖਿਆ ਕਿ ਉਹ ਨਵਦੀਪ ਸਿੰਘ ਗ੍ਰਿਫ਼ਤਾਰ ਨਾ ਕਰਕੇ ਸਮਾਂ ਖ਼ਰਾਬ ਨਾ ਕਰੇ ਅਤੇ ਉਸ ਨੂੰ ਤੁਰੰਤ ਗ੍ਰਿਫ਼ਤਾਰ ਕਰੇ ਅਤੇ 2 ਹੋਰ ਦੋਸ਼ੀਆਂ ਨੂੰ ਤੁਰੰਤ ਨੌਕਰੀ ਤੋਂ ਬਰਖ਼ਾਸਤ ਕੀਤਾ ਜਾਵੇ। ਉਨ੍ਹਾਂ ਮੰਗ ਕੀਤੀ ਜਿਨ੍ਹਾਂ ਨੇ ਇੰਸ. ਨਵਦੀਪ ਸਿੰਘ ਦੀ ਪੁਸ਼ਤਪਨਾਹੀ ਕੀਤੀ ਉਨ੍ਹਾਂ ਖ਼ਿਲਾਫ਼ ਕੇਸ ’ਚ ਧਾਰਾ 120- ਬੀ ਤਹਿਤ ਕਾਰਵਾਈ ਕੀਤੀ ਜਾਵੇ।
ਉਨ੍ਹਾਂ ਕਿਹਾ ਕਿ ਉਹ ਛੇਤੀ ਹੀ ਪੂਰੇ ਸਬੂਤਾਂ ਨਾਲ ਨਵਦੀਪ ਸਿੰਘ ਦੇ ਕੰਮਕਾਜ ਕਰਨ ਦੇ ਤਰੀਕੇ ਨੂੰ ਮੀਡੀਆ ਸਾਹਮਣੇ ਬੇਨਕਾਬ ਕਰਨਗੇ ਤੇ ਇਹ ਵੀ ਦੱਸਣਗੇ ਕਿ ਕਿਵੇਂ ਉਹ ਸੂਬੇ ਦੇ ਲੋਕਾਂ ਤੇ ਪੁਲਸ ਫੋਰਸ ਲਈ ਵੀ ਨੁਕਸਾਨਦੇਹ ਸਾਬਤ ਹੋਇਆ ਹੈ।

ਨਵਦੀਪ ਸਿੰਘ ਦੀ ਪਤਨੀ ਦੇ ਬਿਆਨ ਬਾਰੇ ਸਵਾਲ ਦੇ ਜਵਾਬ ’ਚ ਮਜੀਠੀਆ ਨੇ ਉਨ੍ਹਾਂ ਦੇ ਬਿਆਨ ’ਤੇ ਕੋਈ ਵੀ ਟਿੱਪਣੀ ਕਰਨ ਤੋਂ ਨਾਂਹ ਕਰ ਦਿੱਤੀ ਤੇ ਕਿਹਾ ਕਿ ਹਰ ਕੋਈ ਸਨਮਾਨਯੋਗ ਹੈ। ਉਹਨਾਂ ਕਿਹਾ ਕਿ ਉਹ ਇਹ ਕੇਸ ਕਿਸੇ ਖ਼ਿਲਾਫ਼ ਨਿੱਜੀ ਤੌਰ ’ਤੇ ਨਹੀਂ ਲੜ ਰਹੇ ਸਗੋਂ ਦੋਵੇਂ ਭਰਾਵਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਵਾਸਤੇ ਨਿਆਂ ਲੈਣ ਲਈ ਲੜ ਰਹੇ ਹਨ। ਅਕਾਲੀ ਆਗੂ ਨੇ ਮੁੜ ਦੁਹਰਾਇਆ ਕਿ ਭਾਵੇਂ ਜੋ ਮਰਜ਼ੀ ਹੋ ਜਾਵੇ ਉਹ ਦੋਵਾਂ ਭਰਾਵਾਂ ਦੇ ਪਰਿਵਾਰ ਵਾਸਤੇ ਨਿਆਂ ਮਿਲਣਾ ਯਕੀਨੀ ਬਣਾਉਣਗੇ।

Add a Comment

Your email address will not be published. Required fields are marked *