ਸ਼ਾਨਦਾਰ ਆਯੋਜਨ ਦੇਖ ਕੇ ਭੜਕੇ ਪਾਕਿਸਤਾਨੀ

ਨਵੀਂ ਦਿੱਲੀ  – ਭਾਰਤ ਵਿਚ ਜੀ-20 ਸੰਮੇਲਨ ਦੇ ਸ਼ਾਨਦਾਰ ਆਯੋਜਨ ਨੂੰ ਦੇਖ ਕੇ ਗੁਆਂਢੀ ਦੇਸ਼ ਪਾਕਿਸਤਾਨ ਦੇ ਕਈ ਲੋਕ ਭੜਕੇ ਹੋਏ ਹਨ। ਦੱਸ ਦੇੇਈਏ ਕਿ ਪਾਕਿਸਤਾਨ ਦੇ ਇਕ ਯੂ-ਟਿਊਬ ਚੈਨਲ ‘ਰੀਅਲ ਐਂਟਰਟੇਨਮੈਂਟ’ ’ਤੇ ਇਕ ਵੀਡੀਓ ਪੋਸਟ ਕੀਤਾ ਗਿਆ ਹੈ, ਜਿਸ ’ਚ ਐਂਕਰ ਪਾਕਿਸਤਾਨੀ ਲੋਕਾਂ ’ਚ ਜਾ ਕੇ ਉਨ੍ਹਾਂ ਨਾਲ ਭਾਰਤ ’ਚ ਹੋ ਰਹੇ ਜੀ-20 ਸੰਮੇਲਨ ਬਾਰੇ ਗੱਲ ਕਰ ਰਿਹਾ ਹੈ ਅਤੇ ਉਸ ਨੇ ਪੁੱਛਿਆ ਕਿ ਭਾਰਤ ਇੰਨਾ ਅੱਗੇ ਨਿਕਲ ਗਿਆ ਹੈ, ਕਿ ਜੀ-20 ਵਰਗੇ ਸੰਮੇਲਨ ਉੱਥੇ ਹੋ ਰਹੇ ਹਨ ਅਤੇ ਵਿਸ਼ਵ ਦੇ ਚੋਟੀ ਦੇ ਨੇਤਾ ਭਾਰਤ ਵਿਚ ਹਨ, ਫਿਰ ਪਾਕਿਸਤਾਨ ਕਿਉਂ ਪਿੱਛੇ ਰਹਿ ਗਿਆ?

ਇਸ ਦੇ ਜਵਾਬ ਵਿੱਚ ਲੋਕਾਂ ਨੇ ਬਹੁਤ ਦਿਲਚਸਪ ਜਵਾਬ ਦਿੱਤੇ। ਇਕ ਪਾਕਿਸਤਾਨੀ ਨੇ ਕਿਹਾ ਕਿ ਅਸੀਂ ਬਹੁਤ ਸ਼ਰਮ ਮਹਿਸੂਸ ਕਰ ਰਹੇ ਹਾਂ ਕਿ ਭਾਰਤ ਨੇ ਸਾਨੂੰ ਪ੍ਰਮਾਣੂ ਹਥਿਆਰ ਸਪੰਨ ਦੇਸ਼ ਹੋਣ ਦੇ ਬਾਵਜੂਦ ਜੀ-20 ਸੰਮੇਲਨ ਵਿੱਚ ਸੱਦਾ ਨਹੀਂ ਦਿੱਤਾ। ਉੱਥੇ ਹੀ ਬੰਗਲਾਦੇਸ਼ ਨੂੰ ਸੱਦਾ ਦਿੱਤਾ ਗਿਆ ਹੈ!

ਇਕ ਹੋਰ ਵਿਅਕਤੀ ਨੇ ਕਿਹਾ ਕਿ ਪਾਕਿਸਤਾਨ ਗਲਤੀ ਨਾਲ ਆਜ਼ਾਦ ਹੋਇਆ ਹੈ, ਜੋ ਲੋਕ ਉਸ ਸਮੇਂ ਵੰਡ ਦਾ ਵਿਰੋਧ ਕਰ ਰਹੇ ਸਨ, ਉਹ ਸਹੀ ਸਨ। ਭਾਰਤ ਦੀ ਤਾਰੀਫ਼ ਕਰਦੇ ਹੋਏ ਇਕ ਹੋਰ ਪਾਕਿਸਤਾਨੀ ਨੇ ਕਿਹਾ ਕਿ ਭਾਰਤ ਸਾਡੇ ਤੋਂ ਬਹੁਤ ਅੱਗੇ ਹੈ, ਭਾਰਤੀ ਕਸ਼ਮੀਰ ਵਿੱਚ ਲੋਕਾਂ ਨੂੰ ਸਾਡੇ ਨਾਲੋਂ ਜ਼ਿਆਦਾ ਸਹੂਲਤਾਂ ਮਿਲ ਰਹੀਆਂ ਹਨ, ਸਾਡਾ ਉਨ੍ਹਾਂ ਨਾਲ ਕੋਈ ਮੁਕਾਬਲਾ ਨਹੀਂ ਹੈ।

ਆਪਣੇ ਦੇਸ਼ ਦੇ ਹੁਕਮਰਾਨਾਂ ਦੀ ਅਲੋਚਨਾ ਕਰਦੇ ਹੋਏ ਇਕ ਵਿਅਕਤੀ ਨੇ ਕਿਹਾ ਕਿ ਪਾਕਿਸਤਾਨ ਇਕ ਭੁੱਖਾ-ਨੰਗਾ ਦੇਸ਼ ਹੈ ਅਤੇ ਕੋਈ ਵੀ ਅਜਿਹੇ ਦੇਸ਼ ਨਾਲ ਸਬੰਧ ਨਹੀਂ ਬਣਾਉਂਦਾ। ਹਰ ਦੇਸ਼ ਸੋਚਦਾ ਹੈ ਕਿ ਪਾਕਿਸਤਾਨ ਪੈਸੇ ਮੰਗਣ ਆਇਆ ਹੈ। ਪਾਕਿਸਤਾਨ ਦਾ ਭਾਰਤ ਨਾਲ ਕੋਈ ਮੁਕਾਬਲਾ ਨਹੀਂ ਹੈ, ਉਹ ਚੰਦ ’ਤੇ ਚਲੇ ਗਏ ਹਨ ਅਤੇ ਸਾਡੇ ਝਗੜੇ ਹੀ ਖਤਮ ਨਹੀਂ ਹੋ ਰਹੇ।

ਗੱਲਬਾਤ ਦੌਰਾਨ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਇਕ ਸਮਰਥਕ ਨੇ ਕਿਹਾ ਕਿ ਜੇਕਰ ਇਮਰਾਨ ਖਾਨ ਦੇਸ਼ ਦੇ ਪੀ. ਐੱਮ. ਹੁੰਦੇ ਤਾਂ ਇਹ ਜੀ-20 ਸੰਮੇਲਨ ਪਾਕਿਸਤਾਨ ਵਿੱਚ ਹੋਣਾ ਸੀ! ਹਾਲਾਂਕਿ, ਯੂ-ਟਿਊਬਰ ਨੇ ਸਵਾਲ ਕਰਨ ਵਾਲੇ ਵਿਅਕਤੀ ਨੂੰ ਟੋਕਿਆ ਕਿ ਪਾਕਿਸਤਾਨ ਜੀ-20 ਦਾ ਮੈਂਬਰ ਨਹੀਂ ਹੈ, ਫਿਰ ਪਾਕਿਸਤਾਨ ਵਿੱਚ ਜੀ-20 ਸੰਮੇਲਨ ਕਿਵੇਂ ਹੋ ਸਕਦਾ ਹੈ?

ਤੁਹਾਨੂੰ ਦੱਸ ਦੇਈਏ ਕਿ ਪਾਕਿਸਤਾਨ ਜੀ-20 ਦਾ ਮੈਂਬਰ ਨਹੀਂ ਹੈ। ਮੈਂਬਰ ਦੇਸ਼ਾਂ ਤੋਂ ਇਲਾਵਾ ਭਾਰਤ ਨੇ 9 ਹੋਰ ਦੇਸ਼ਾਂ ਨੂੰ ਵੀ ਵਿਸ਼ੇਸ਼ ਸੱਦਾ ਦੇ ਕੇ ਬੁਲਾਇਆ ਹੈ। ਇਨ੍ਹਾਂ ਵਿੱਚ ਬੰਗਲਾਦੇਸ਼, ਮਿਸਰ, ਮਾਰੀਸ਼ਸ, ਨੀਦਰਲੈਂਡ, ਨਾਈਜੀਰੀਆ, ਓਮਾਨ, ਸਿੰਗਾਪੁਰ, ਸਪੇਨ ਅਤੇ ਸੰਯੁਕਤ ਅਰਬ ਅਮੀਰਾਤ ਸ਼ਾਮਲ ਹਨ। ਭਾਰਤ ਦੇ ਪਾਕਿਸਤਾਨ ਨਾਲ ਸਬੰਧ ਚੰਗੇ ਨਹੀਂ ਹਨ, ਇਸ ਲਈ ਸੰਭਵ ਹੈ ਕਿ ਇਸੇ ਕਰਕੇ ਸਰਕਾਰ ਨੇ ਪਾਕਿਸਤਾਨ ਨੂੰ ਸੱਦਾ ਨਹੀਂ ਦਿੱਤਾ।

Add a Comment

Your email address will not be published. Required fields are marked *