ਜੀ-20 ਸੰਮੇਲਨ: ਰਾਜਧਾਨੀ ਨੂੰ ਸਜਾਉਣ ਲਈ ਸਰਕਾਰ ਨੇ ਖ਼ਰਚੇ ਕਰੋੜਾਂ ਰੁਪਏ

 G20 ਸੰਮੇਲਨ ਇਸ ਵਾਰ ਨਵੀਂ ਦਿੱਲੀ ਵਿਖੇ ਹੋ ਰਿਹਾ ਹੈ। ਇਸ ਮੌਕੇ ਦਿੱਲੀ ਨੂੰ ਦੁਲਹਨ ਦੀ ਤਰ੍ਹਾਂ ਸਜਾਇਆ ਗਿਆ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਭਾਰਤ ਨੇ G20 ਸੰਮੇਲਨ ਲਈ ਦਿੱਲੀ ‘ਚ 4,100 ਕਰੋੜ ਰੁਪਏ ਤੋਂ ਜ਼ਿਆਦਾ ਦਾ ਖ਼ਰਚ ਕੀਤਾ ਹੈ। ਸ਼ਨੀਵਾਰ ਤੋਂ ਸ਼ੁਰੂ ਹੋਣ ਵਾਲੇ ਦੋ ਦਿਨਾਂ ਸਮਾਗਮ ਨਾਲ ਸਬੰਧਤ ਖ਼ਰਚਿਆਂ ਦੇ ਸਰਕਾਰੀ ਰਿਕਾਰਡ ਅਨੁਸਾਰ ਜੀ-20 ਸੰਮੇਲਨ ਲਈ ਰਾਜਧਾਨੀ ਨੂੰ ਸਜਾਉਣ ‘ਤੇ 4,100 ਕਰੋੜ ਰੁਪਏ ਤੋਂ ਵੱਧ ਪੈਸੇ ਖ਼ਰਚ ਕੀਤੇ ਗਏ ਹਨ। ਰਿਕਾਰਡਾਂ ਦੇ ਅਨੁਸਾਰ, ਖ਼ਰਚਿਆਂ ਨੂੰ ਲਗਭਗ 12 ਸ਼੍ਰੇਣੀਆਂ ਵਿੱਚ ਵੰਡਿਆ ਗਿਆ ਸੀ।

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜੀ-20 ਦੀਆਂ ਤਿਆਰੀਆਂ ਦੇ ਸਭ ਤੋਂ ਮਹੱਤਵਪੂਰਨ ਹਿੱਸਿਆਂ ਵਿੱਚੋਂ ਸੁਰੱਖਿਆ, ਸੜਕਾਂ, ਫੁੱਟਪਾਥਾਂ, ਸੜਕਾਂ ਦੇ ਸੰਕੇਤਾਂ ਅਤੇ ਰੋਸ਼ਨੀ ਦੇ ਰੱਖ-ਰਖਾਅ ਆਦਿ ਖ਼ਰਚਿਆਂ ਦੀ ਸੂਚੀ ਵਿੱਚ ਸਭ ਤੋਂ ਪ੍ਰਮੁੱਖ ਚੀਜ਼ਾਂ ਸਨ। ਨੌਂ ਸਰਕਾਰੀ ਏਜੰਸੀਆਂ – NDMC ਅਤੇ MCD ਵਰਗੀਆਂ ਨਾਗਰਿਕ ਸੰਸਥਾਵਾਂ ਤੋਂ ਲੈ ਕੇ ਰੱਖਿਆ ਮੰਤਰਾਲੇ ਦੇ ਅਧੀਨ ਵਿਭਾਗਾਂ ਨੇ ਬਾਗਬਾਨੀ ਸੁਧਾਰਾਂ ਤੋਂ ਲੈ ਕੇ G20 ਬ੍ਰਾਂਡਿੰਗ ਤੱਕ ਦੇ ਕੰਮ ‘ਤੇ ਲਗਭਗ 75 ਲੱਖ ਰੁਪਏ ਤੋਂ 3,500 ਕਰੋੜ ਰੁਪਏ ਖ਼ਰਚ ਕੀਤੇ ਹਨ।

ਕੇਂਦਰ ਅਤੇ ਸੂਬਾ ਸਰਕਾਰਾਂ ਦੇ ਰਿਕਾਰਡ ਮੁਤਾਬਕ ਜੀ-20 ਸੰਮੇਲਨ ਦਾ ਖ਼ਰਚ 4,000 ਕਰੋੜ ਰੁਪਏ ਤੋਂ ਵੱਧ ਹੈ। ਆਈਟੀਪੀਓ, ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਅਤੇ ਮਿਲਟਰੀ ਇੰਜੀਨੀਅਰ ਸੇਵਾਵਾਂ ਵਰਗੀਆਂ ਕੇਂਦਰੀ ਏਜੰਸੀਆਂ ਤੋਂ ਇਲਾਵਾ, ਕੇਂਦਰ ਸਰਕਾਰ ਦੇ ਅਧੀਨ ਰਾਜਧਾਨੀ ਵਿੱਚ ਕੰਮ ਕਰਨ ਵਾਲੀ ਦਿੱਲੀ ਪੁਲਸ, ਐੱਨਡੀਐੱਮਸੀ ਅਤੇ ਡੀਡੀਏ ਵਰਗੀਆਂ ਏਜੰਸੀਆਂ ਨੇ 98 ਫ਼ੀਸਦੀ ਖ਼ਰਚ ਕੀਤਾ।

ਸੂਤਰਾਂ ਦੀ ਮੰਨੀਏ ਤਾਂ ਜ਼ਿਆਦਾਤਰ ਖ਼ਰਚ ਪ੍ਰਾਪਰਟੀ ਦੇ ਨਿਰਮਾਣ ਅਤੇ ਰੱਖ-ਰਖਾਅ ‘ਤੇ ਕੀਤਾ ਗਿਆ ਹੈ। ਇਹ ਐੱਨਡੀਐੱਮਸੀ ਅਤੇ ਲੁਟੀਅਨ ਜ਼ੋਨ ਖੇਤਰਾਂ ਵਿੱਚ ਕੀਤਾ ਗਿਆ ਸੀ। ਇਹੀ ਕਾਰਨ ਹੈ ਕਿ ਕੇਂਦਰ ਸਰਕਾਰ ਦੇ ਵਿਭਾਗਾਂ ਨੇ ਜ਼ਿਆਦਾਤਰ ਖ਼ਰਚੇ ਝੱਲੇ ਹਨ। ਬਾਗਬਾਨੀ ਸੁਧਾਰਾਂ ਤੋਂ ਲੈ ਕੇ ਜੀ-20 ਬ੍ਰਾਂਡਿੰਗ ਤੱਕ 9 ਸਰਕਾਰੀ ਏਜੰਸੀਆਂ ਨੇ ਕੰਮ ਕੀਤਾ। ਸਮਾਗਤ ‘ਚ ਵੱਡੀ ਗਿਣਤੀ ਵਿੱਚ ਵਿਦੇਸ਼ੀ ਮਹਿਮਾਨਾਂ ਦੇ ਆਉਣ ਦੇ ਮੱਦੇਨਜ਼ਰ ਸੁਰੱਖਿਆ ਪ੍ਰਬੰਧਾਂ ‘ਤੇ ਕਾਫ਼ੀ ਖ਼ਰਚ ਕੀਤਾ ਗਿਆ ਹੈ। ਸਮਾਗਮ ਦੇ ਕੁੱਲ ਅਨੁਮਾਨਿਤ ਖ਼ਰਚੇ ਵਿੱਚੋਂ ITPO ਨੇ ਲਗਭਗ 3,600 ਕਰੋੜ ਰੁਪਏ ਦੇ ਬਿੱਲ ਦਾ 87 ਫ਼ੀਸਦੀ ਤੋਂ ਵੱਧ ਦਾ ਭੁਗਤਾਨ ਕੀਤਾ। ਇਸ ਤੋਂ ਬਾਅਦ ਦਿੱਲੀ ਪੁਲਸ ਨੇ 340 ਕਰੋੜ ਰੁਪਏ ਅਤੇ ਐੱਨਡੀਐੱਮਸੀ ਨੇ 60 ਕਰੋੜ ਰੁਪਏ ਦਿੱਤੇ।

Add a Comment

Your email address will not be published. Required fields are marked *