‘ਜੇਲਰ’ ਅਦਾਕਾਰ ਜੀ. ਮਾਰੀਮੁਥੂ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ

ਮੁੰਬਈ – ਮਸ਼ਹੂਰ ਤਾਮਿਲ ਅਦਾਕਾਰ ਤੇ ਨਿਰਦੇਸ਼ਕ ਜੀ. ਮਾਰੀਮੁਥੂ ਦਾ ਅੱਜ 8 ਸਤੰਬਰ ਨੂੰ 58 ਸਾਲ ਦੀ ਉਮਰ ’ਚ ਦਿਹਾਂਤ ਹੋ ਗਿਆ। ਸਵੇਰੇ 8.30 ਵਜੇ ਦੇ ਕਰੀਬ ਉਹ ਟੈਲੀਵਿਜ਼ਨ ਸ਼ੋਅ ‘ਏਥਿਰ ਨੀਚਲ’ ਲਈ ਡਬਿੰਗ ਕਰਦੇ ਸਮੇਂ ਸਟੂਡੀਓ ’ਚ ਡਿੱਗ ਗਏ। ਉਨ੍ਹਾਂ ਨੂੰ ਨੇੜੇ ਦੇ ਹਸਪਤਾਲ ਲਿਜਾਇਆ ਗਿਆ, ਜਿਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਮਾਰੀਮੁਥੂ ਯੂਟਿਊਬ ਸਨਸਨੀ ਸਨ ਤੇ ਆਖਰੀ ਵਾਰ ਰਜਨੀਕਾਂਤ ਦੀ ਫ਼ਿਲਮ ‘ਜੇਲਰ’ ਤੇ ‘ਰੈੱਡ ਸੈਂਡਲ ਵੁੱਡ’ ’ਚ ਵੱਡੇ ਪਰਦੇ ’ਤੇ ਨਜ਼ਰ ਆਏ ਸਨ। ਉਨ੍ਹਾਂ ਦੀ ਅਚਾਨਕ ਹੋਈ ਮੌਤ ਨਾਲ ਹਰ ਕੋਈ ਸਦਮੇ ’ਚ ਹੈ। ਉਹ ਆਪਣੇ ਪਿੱਛੇ ਪਤਨੀ ਬੈਕਿਆਲਕਸ਼ਮੀ ਤੇ ਦੋ ਬੱਚਿਆਂ ਅਕਿਲਨ ਤੇ ਈਸ਼ਵਰਿਆ ਨੂੰ ਛੱਡ ਗਏ ਹਨ।

ਜੀ. ਮਾਰੀਮੁਥੂ ਆਪਣੇ ਸਪੱਸ਼ਟ ਵਿਚਾਰਾਂ ਲਈ ਜਾਣੇ ਜਾਂਦੇ ਸਨ, ਜੋ ਅਕਸਰ ਸੋਸ਼ਲ ਮੀਡੀਆ ’ਤੇ ਬਹਿਸ ਦਾ ਵਿਸ਼ਾ ਬਣਦੇ ਸਨ। ਹਾਲ ਹੀ ’ਚ ‘ਜੇਲਰ’ ’ਚ ਉਨ੍ਹਾਂ ਨੇ ਖਲਨਾਇਕ ਦੇ ਸਾਈਡਕਿੱਕ ਦੀ ਭੂਮਿਕਾ ਨਿਭਾਈ ਹੈ।

ਮੀਡੀਆ ਰਿਪੋਰਟਾਂ ਮੁਤਾਬਕ 8 ਸਤੰਬਰ ਨੂੰ ਜੀ. ਮਾਰੀਮੁਥੂ ਆਪਣੇ ਸਾਥੀ ਕਮਲੇਸ਼ ਨਾਲ ਟੀ. ਵੀ. ਸ਼ੋਅ ‘ਏਥਿਰ ਨੀਚਲ’ ਲਈ ਡਬਿੰਗ ਕਰ ਰਹੇ ਸਨ। ਡਬਿੰਗ ਦੌਰਾਨ ਉਹ ਚੇਨਈ ਦੇ ਸਟੂਡੀਓ ’ਚ ਡਿੱਗ ਗਏ। ਜਦੋਂ ਉਨ੍ਹਾਂ ਨੂੰ ਵਡਾਪਲਨੀ ਦੇ ਇਕ ਨਿੱਜੀ ਹਸਪਤਾਲ ’ਚ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।

ਜੀ. ਮਾਰੀਮੁਥੂ ਦੀ ਲਾਸ਼ ਨੂੰ ਹਸਪਤਾਲ ’ਚ ਰੱਖਿਆ ਗਿਆ ਹੈ। ਮ੍ਰਿਤਕ ਦੇਹ ਨੂੰ ਜਨਤਕ ਸ਼ਰਧਾਂਜਲੀ ਲਈ ਉਨ੍ਹਾਂ ਦੇ ਚੇਨਈ ਸਥਿਤ ਘਰ (ਵਿਰਗਮਬੱਕਮ) ਲਿਜਾਇਆ ਜਾਵੇਗਾ, ਜਿਥੇ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ‘ਏਥਿਰ ਨੀਚਲ’ ’ਚ ਉਨ੍ਹਾਂ ਨਾਲ ਕੰਮ ਕਰਨ ਵਾਲੇ ਕਲਾਕਾਰ ਹਸਪਤਾਲ ਪਹੁੰਚ ਗਏ ਹਨ। ਜੀ. ਮਾਰੀਮੁਥੂ ਦੀ ਮੌਤ ’ਤੇ ਇੰਡਸਟਰੀ ਸੋਗ ’ਚ ਹੈ।

Add a Comment

Your email address will not be published. Required fields are marked *