ਕੀ ਵਿਸ਼ਵ ਕੱਪ ਤੋਂ ਬਾਅਦ ਵੀ ਭਾਰਤੀ ਟੀਮ ਦਾ ਕੋਚ ਬਣਿਆ ਰਹੇਗਾ ਰਾਹੁਲ ਦ੍ਰਾਵਿੜ?

ਨਵੀਂ ਦਿੱਲੀ – ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ ਰਾਹੁਲ ਦ੍ਰਾਵਿੜ ਦਾ ਦੋ ਸਾਲ ਦਾ ਕਰਾਰ ਵਨ ਡੇ ਵਿਸ਼ਵ ਕੱਪ ਤੋਂ ਬਾਅਦ ਖਤਮ ਹੋ ਜਾਵੇਗਾ ਤੇ ਜੇਕਰ ਭਾਰਤ ਇਸ ਨੂੰ ਜਿੱਤਣ ’ਚ ਸਫਲ ਰਹਿੰਦਾ ਹੈ ਤਾਂ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਦ੍ਰਾਵਿੜ ਨੂੰ ਅੱਗੇ ਵੀ ਇਸ ਅਹੁਦੇ ’ਤੇ ਬਰਕਰਾਰ ਰੱਖਿਆ ਜਾਵੇਗਾ ਜਾਂ ਨਹੀਂ। ਭਾਰਤ ਜੇਕਰ ਖਿਤਾਬੀ ਮੁਕਾਬਲੇ ’ਚ ਨਹੀਂ ਪਹੁੰਚਦਾ ਤਾਂ ਇਸ ਦੀ ਗਾਜ਼ ਦ੍ਰਾਵਿੜ ’ਤੇ ਡਿੱਗ ਸਕਦੀ ਹੈ ਕਿਉਂਕਿ ਟੀਮ ਦੇ ਸੈਮੀਫਾਈਨਲ ’ਚ ਪਹੁੰਚਣ ਨੂੰ ਵੱਡੀ ਉਪਲਬਧੀ ਨਹੀਂ ਮੰਨਿਆ ਜਾਵੇਗਾ।

ਭਾਰਤੀ ਕ੍ਰਿਕਟ ਬੋਰਡ (ਬੀ. ਸੀ. ਸੀ.ਆਈ.) ਅਜਿਹੇ ਵਿਚ ਨਵੇਂ ਕੋਚ ਦੀ ਭਾਲ ਕਰ ਸਕਦਾ ਹੈ। ਇਹ ਦੇਖਣਾ ਵੀ ਦਿਲਚਸਪ ਹੈ ਕਿ ਜੇਕਰ ਬੀ. ਸੀ. ਸੀ. ਆਈ. ਦ੍ਰਾਵਿੜ ਦੇ ਸਾਹਮਣੇ ਨਵਾਂ ਕਰਾਰ ਪੇਸ਼ ਕਰਦਾ ਹੈ ਤਾਂ ਕੀ ਉਹ ਇਸਦੇ ਇੱਛੁਕ ਹੋਵੇਗਾ ਜਾਂ ਨਹੀਂ। ਕ੍ਰਿਕਟ ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਦ੍ਰਾਵਿੜ ਕੋਚ ਅਹੁਦੇ ’ਤੇ ਬਣੇ ਰਹਿਣ ਦਾ ਇੱਛੁਕ ਹੁੰਦਾ ਹੈ ਤਾਂ ਉਸ ਨੂੰ ਦੱਖਣੀ ਅਫਰੀਕਾ ਤੇ ਇੰਗਲੈਂਡ ਵਿਰੁੱਧ ਟੈਸਟ ਲੜੀਆਂ ਲਈ ਇਸ ਅਹੁਦੇ ’ਤੇ ਬਰਕਰਾਰ ਰੱਖਣਾ ਚਾਹੀਦਾ ਹੈ। ਵਿਸ਼ਵ ਕੱਪ ਦੇ ਅਗਲੇ ਪੜਾਅ ਤੋਂ ਪਹਿਲਾਂ ਟੈਸਟ ਤੇ ਸੀਮਤ ਓਵਰਾਂ ਦੇ ਸਵਰੂਪਾਂ ਲਈ ਵੱਖ-ਵੱਖ ਕੋਚ ਰੱਖਣ ਵਿਚ ਕੋਈ ਬੁਰਾਈ ਨਹੀਂ ਹੈ ਜਿਵੇਂ ਕਿ ਇਸ ਸਮੇਂ ਇੰਗਲੈਂਡ ਕਰ ਰਿਹਾ ਹੈ।

ਦ੍ਰਾਵਿੜ ਦੀ ਜਗ੍ਹਾ ਕੋਚ ਅਹੁਦੇ ਲਈ ਆਸ਼ੀਸ਼ ਨਹਿਰਾ ਚੰਗੀ ਪਸੰਦ ਹੋ ਸਕਦਾ ਹੈ ਕਿਉਂਕਿ ਆਈ. ਪੀ. ਐੱਲ. ਵਿਚ ਉਹ ਕਾਫੀ ਸਫਲ ਰਿਹਾ ਹੈ ਪਰ ਇਸ ਸਾਬਕਾ ਤੇਜ਼ ਗੇਂਦਬਾਜ਼ ਦੇ ਕਰੀਬਿਆਂ ਅਨੁਸਾਰ ਉਸਦੀ ਰਾਸ਼ਟਰੀ ਟੀਮ ਦਾ ਕੋਚ ਬਣਨ ’ਚ ਦਿਲਚਸਪੀ ਨਹੀਂ ਹੈ ਕਿਉਂਕਿ ਗੁਜਰਾਤ ਟਾਈਟਨਸ ਨਾਲ ਉਸਦਾ ਕਰਾਰ 2025 ਦੇ ਸੈਸ਼ਨ ਤਕ ਹੈ।

ਬੀ. ਸੀ. ਸੀ. ਆਈ. ਦੇ ਇਕ ਸਾਬਕਾ ਅਹੁਦੇਦਾਰ ਨੇ ਨਾਂ ਗੁਪਤ ਰੱਖਣ ਦੀ ਸ਼ਰਤ ’ਤੇ ਕਿਹਾ, ‘‘ਜੇਕਰ ਭਾਰਤ ਵਿਸ਼ਵ ਕੱਪ ਜਿੱਤ ਜਾਂਦਾ ਹੈ ਤਾਂ ਦ੍ਰਾਵਿੜ ਹੋ ਸਕਦਾ ਹੈ ਕਿ ਇਕ ਵੱਡੇ ਖਿਤਾਬ ਨਾਲ ਆਪਣੇ ਕਾਰਜਕਾਲ ਦਾ ਅੰਤ ਕਰਨਾ ਪਸੰਦ ਕਰੇ ਪਰ ਜੇਕਰ ਤੁਸੀਂ ਮੇਰੇ ਤੋਂ ਪੁੱਛ ਰਹੇ ਹੋ ਤਾਂ ਮੇਰਾ ਮੰਨਣਾ ਹੈ ਕਿ ਵਿਸ਼ਵ ਕੱਪ ਤੋਂ ਬਾਅਦ ਬੀ. ਸੀ. ਸੀ. ਆਈ. ਨੂੰ ਸਾਰੇ ਸਵਰੂਪਾਂ ਲਈ ਵੱਖਰਾ-ਵੱਖਰਾ ਕੋਚ ਰੱਖਣਾ ਚਾਹੀਦਾ ਹੈ। ਉਸ ਨੂੰ ਦ੍ਰਾਵਿੜ ਨੂੰ ਟੈਸਟ ਟੀਮ ਦਾ ਕੋਚ ਬਣੇ ਰਹਿਣ ਲਈ ਕਹਿਣਾ ਚਾਹੀਦਾ।’’

ਦ੍ਰਾਵਿੜ ਨੂੰ ਰਵੀ ਸ਼ਾਸਤਰੀ ਦੀ ਜਗ੍ਹਾ ਮੁੱਖ ਕੋਚ ਨਿਯੁਕਤ ਕੀਤਾ ਗਿਆ ਸੀ ਪਰ ਉਹ ਸੀਮਤ ਓਵਰਾਂ ਦੀ ਕ੍ਰਿਕਟ ਵਿਚ ਅਜਿਹੀ ਕੋਈ ਖਾਸ ਛਾਪ ਨਹੀਂ ਛੱਡ ਸਕਿਆ, ਜਿਸ ਨਾਲ ਕਿ ਇਹ ਕਿਹਾ ਜਾ ਸਕੇ ਕਿ ਉਹ ਚਲਾਕ ਰਣਨੀਤੀਕਾਰ ਹੈ। ਅਜਿਹੀ ਸਥਿਤੀ ’ਚ ਬੀ. ਸੀ. ਸੀ. ਆਈ. ਵੱਖ ਸਵਰੂਪਾਂ ਲਈ ਵੱਖ-ਵੱਖ ਕੋਚ ਰੱਖਣ ਦੇ ਬਦਲ ’ਤੇ ਵਿਚਾਰ ਕਰ ਸਕਦਾ ਹੈ।

Add a Comment

Your email address will not be published. Required fields are marked *