ਵਿਸ਼ਵ ਕੱਪ ਲਈ ਨੀਦਰਲੈਂਡ ਨੇ ਕੀਤਾ ਟੀਮ ਦਾ ਐਲਾਨ

ਐਮਸਟਰਡਮ– ਆਈ. ਸੀ. ਸੀ. ਪੁਰਸ਼ ਕ੍ਰਿਕਟ ਵਿਸ਼ਵ ਕੱਪ ਲਈ ਨੀਦਰਲੈਂਡ ਨੇ ਤਜਰਬੇਕਾਰ ਜੋੜੀ ਰੂਲੋਫ ਵਾਨ ਡੇਰ ਮੇਰਵੇ ਤੇ ਕੌਲਿਨ ਐਕਰਮੈਨ ਨੂੰ 15 ਮੈਂਬਰੀ ਟੀਮ ’ਚ ਸ਼ਾਮਲ ਕੀਤਾ ਹੈ। ਭਾਰਤ ’ਚ ਅਕਤੂਬਰ-ਨਵੰਬਰ ਦੌਰਾਨ ਖੇਡੇ ਜਾਣ ਵਾਲੇ ਵਿਸ਼ਵ ਕੱਪ ਲਈ 15 ਖਿਡਾਰੀਆਂ ਦੀ ਸੂਚੀ ’ਚ ਇਨ੍ਹਾਂ ਨੂੰ ਸ਼ਾਮਲ ਕੀਤਾ ਗਿਆ ਹੈ। 

ਵੀਰਵਾਰ ਨੂੰ ਆਈ. ਸੀ. ਸੀ. ਦੀ ਇਕ ਰਿਪੋਰਟ ’ਚ ਕਿਹਾ ਗਿਆ ਹੈ ਕਿ ਵਾਨ ਡੇਰ ਮੇਰਵੇ ਤੇ ਐਕਰਮੈਨ ਦੋਵੇਂ ਨੀਦਰਲੈਂਡ ਦੀ ਟੀਮ ਲਈ ਭਰਪੂਰ ਤਜਰਬਾ ਲੈ ਕੇ ਆਏ ਹਨ, ਜਿਨ੍ਹਾਂ ਦੀ ਕਪਤਾਨੀ ਇਕ ਵਾਰ ਫਿਰ ਸਕਾਟ ਐਡਵਰਡਸ ਕਰੇਗਾ, ਜਿਸ ਨੇ ਪਿਛਲੇ ਸਾਲ ਆਸਟਰੇਲੀਆ ’ਚ ਆਈ. ਸੀ. ਸੀ. ਪੁਰਸ਼ ਟੀ-20 ਵਿਸ਼ਵ ਕੱਪ ਦੌਰਾਨ ਅਹਿਮ ਭੂਮਿਕਾ ਨਿਭਾਈ ਸੀ। ਐਕਰਮੈਨ ਨੀਦਰਲੈਂਡ ਲਈ ਟੂਰਨਾਮੈਂਟ ਵਿਚ ਦੂਜਾ ਪ੍ਰਮੁੱਖ ਟਾਪ ਸਕੋਰਰ ਸੀ ਜਦਕਿ ਵਾਨ ਡੇਰ ਮੇਰਵੇ ਨੇ ਬੱਲੇ ਤੇ ਗੇਂਦ ਨਾਲ ਆਪਣੀ ਛਾਪ ਛੱਡੀ ਸੀ। ਦੋਵੇਂ ਖਿਡਾਰੀਆਂ ਕੋਲ ਦੁਨੀਆ ਭਰ ਦੀਆਂ ਘਰੇਲੂ ਪ੍ਰਤੀਯੋਗਿਤਾਵਾਂ ਵਿਚ ਖੇਡਣ ਦਾ ਕਾਫੀ ਤਜਰਬਾ ਹੈ।

ਨੀਦਰਲੈਂਡ ਨੂੰ ਉਮੀਦ ਹੈ ਕਿ ਸਲਾਮੀ ਬੱਲੇਬਾਜ਼ ਮੈਕਸ ਓ’ਡੋਡ ਪੂਰੇ ਟੂਰਨਾਮੈਂਟ ‘ਚ ਖੂਬ ਦੌੜਾਂ ਬਣਾ ਸਕਦੇ ਹਨ, ਜਦਕਿ ਸਟਾਰ ਆਲਰਾਊਂਡਰ ਬਾਸ ਲੀਡੇ ਸੇ ਬੱਲੇ ਤੇ ਗੇਂਦ ਦੋਵਾਂ ਨਾਲ ਪ੍ਰਮੁੱਖ ਭੂਮਿਕਾ ਨਿਭਾਉਣ ਦੀ ਉਮੀਦ ਹੈ। ਨੀਦਰਲੈਂਡ ਵਿਸ਼ਵ ਕੱਪ ਤੋਂ ਪਹਿਲਾਂ 30 ਸਤੰਬਰ ਨੂੰ ਆਸਟਰੇਲੀਆ ਤੇ 3 ਅਕਤੂਬਰ ਨੂੰ ਮੇਜ਼ਬਾਨ ਭਾਰਤ ਵਿਰੁੱਧ ਦੋ ਅਭਿਆਸ ਮੈਚ ਖੇਡੇਗਾ। ਵਿਸ਼ਵ ਕੱਪ ’ਚ ਉਸਦਾ ਪਹਿਲਾ ਮੁਕਾਬਲਾ 6 ਅਕਤੂਬਰ ਨੂੰ ਹੈਦਰਾਬਾਦ ਵਿਚ ਪਾਕਿਸਤਾਨ ਵਿਰੁੱਧ ਹੋਵੇਗਾ।

Add a Comment

Your email address will not be published. Required fields are marked *