ਬਰਾਮਦਕਾਰਾਂ ਨੂੰ ਚੌਲਾਂ ਦੀ ਬਰਾਮਦ ’ਚ 40-50 ਲੱਖ ਟਨ ਦੀ ਗਿਰਾਵਟ ਦਾ ਖਦਸ਼ਾ

ਨਵੀਂ ਦਿੱਲੀ– ਬਰਾਮਦਕਾਰਾਂ ਨੇ ਟੋਟਾ ਚੌਲਾਂ ਦੀ ਬਰਾਮਦ ’ਤੇ ਪਾਬੰਦੀ ਅਤੇ ਗੈਰ-ਬਾਸਮਤੀ ਚੌਲਾਂ ਦੀ ਬਰਾਮਦ ’ਤੇ ਡਿਊਟੀ ਲਗਾਉਣ ਕਾਰਨ ਮੌਜੂਦਾ ਵਿੱਤੀ ਸਾਲ ’ਚ ਭਾਰਤੀ ਚੌਲਾਂ ਦੀ ਬਰਾਮਦ ’ਚ ਕਰੀਬ 40-50 ਲੱਖ ਟਨ ਦੀ ਕਮੀ ਆਉਣ ਦੀ ਸੰਭਾਵਨਾ ਪ੍ਰਗਟਾਈ ਹੈ। ਚੌਲਾਂ ਦੇ ਗਲੋਬਲ ਵਪਾਰ ’ਚ 40 ਫੀਸਦੀ ਹਿੱਸਾ ਭਾਰਤ ਦਾ ਹੈ। ਵਿੱਤੀ ਸਾਲ 2021-22 ’ਚ ਭਾਰਤ ਨੇ 2.123 ਕਰੋੜ ਟਨ ਚੌਲਾਂ ਦੀ ਬਰਾਮਦ ਕੀਤੀ ਸੀ, ਜੋ ਇਸ ਤੋਂ ਪਹਿਲਾਂ 1.778 ਕਰੋੜ ਟਨ ਸੀ। ਕੋਵਿਡ ਤੋਂ ਪਹਿਲਾਂ ਤਕ 2019-20 ’ਚ ਬਰਾਮਦ 95.1 ਲੱਖ ਟਨ ਸੀ।
ਸਰਕਾਰੀ ਅੰਕੜਿਆਂ ਅਨੁਸਾਰ ਚਾਲੂ ਵਿੱਤੀ ਸਾਲ ਦੇ ਅਪ੍ਰੈਲ-ਅਗਸਤ ਦੀ ਮਿਆਦ ਦੌਰਾਨ ਦੇਸ਼ ਨੇ 93.5 ਲੱਖ ਟਨ ਦੀ ਬਰਾਮਦ ਕੀਤੀ ਹੈ ਜਦੋਂ ਕਿ ਪਿਛਲੇ ਸਾਲ ਦੀ ਇਸੇ ਮਿਆਦ ’ਚ ਇਹ 83.6 ਲੱਖ ਟਨ ਸੀ। ਆਲ ਇੰਡੀਆ ਰਾਈਸ ਐਕਸਪੋਰਟਰਜ਼ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਵਿਜੇ ਸੇਤੀਆ ਨੇ ਕਿਹਾ, “ਮੌਜੂਦਾ ਵਿੱਤੀ ਸਾਲ ’ਚ ਬਰਾਮਦ ਸਿਰਫ 1.6-1.7 ਕਰੋੜ ਟਨ ਰਹਿ ਸਕਦੀ ਹੈ। ਟੋਟਾ ਚੌਲਾਂ ਦੀ ਬਰਾਮਦ ’ਤੇ ਪਾਬੰਦੀ ਲਾਉਣਾ ਅਤੇ ਗੈਰ-ਬਾਸਮਤੀ ਚੌਲਾਂ ਦੀ ਬਰਾਮਦ ’ਤੇ 20 ਫੀਸਦੀ ਐਕਸਪੋਰਟ ਡਿਊਟੀ ਲਾਉਣਾ ਇਸ ਦੀ ਵਜ੍ਹਾ ਹੈ।’’ ਉਨ੍ਹਾਂ ਕਿਹਾ ਕਿ ਦੇਸ਼ ਤੋਂ ਗੈਰ-ਬਾਸਮਤੀ ਚੌਲਾਂ ਦੀ ਬਰਾਮਦ 38-40 ਕਰੋੜ ਡਾਲਰ ਪ੍ਰਤੀ ਟਨ ਦੀ ਦਰ ਨਾਲ ਕੀਤੀ ਜਾ ਰਹੀ ਹੈ, ਜੋ ਹੋਰ ਦੇਸ਼ਾਂ ਤੋਂ ਹੋਣ ਵਾਲੀ ਬਰਾਮਦ ਦੀ ਦਰ ਨਾਲੋਂ ਘੱਟ ਹੈ।

Add a Comment

Your email address will not be published. Required fields are marked *