ਕਾਲ ਮਨੀ ਮਾਰਕੀਟ ’ਚ ਡਿਜੀਟਲ ਕਰੰਸੀ ਦੀ ਹੋਵੇਗੀ ਥੋਕ ਵਰਤੋਂ

ਨਵੀਂ ਦਿੱਲੀ – ਡਿਜੀਟਲ ਕਰੰਸੀ ਨੂੰ ਲੈ ਕੇ ਆਰ. ਬੀ. ਆਈ. ਖ਼ਾਸ ਪਲਾਨਿੰਗ ਕਰ ਰਿਹਾ ਹੈ। ਖ਼ਬਰ ਹੈ ਕਿ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਐਕਸਪੈਰੀਮੈਂਟ ਦੇ ਤੌਰ ’ਤੇ ਸੰਚਾਲਿਤ ਕੇਂਦਰੀ ਬੈਂਕ ਡਿਜੀਟਲ ਕਰੰਸੀ (ਸੀ. ਬੀ. ਡੀ. ਸੀ.) ਦੀ ਥੋਕ ਵਰਤੋਂ ਦਾ ਇੰਟਰਬੈਂਕ ਉਧਾਰ ਜਾਂ ਕਾਲ ਮਨੀ ਮਾਰਕੀਟ ’ਚ ਟੋਕਨ ਦੇ ਤੌਰ ’ਤੇ ਵਿਸਥਾਰ ਦੇਣ ਦੀ ਯੋਜਨਾ ਬਣਾ ਰਿਹਾ ਹੈ। ਆਰ. ਬੀ. ਆਈ. ਨੇ 1 ਨਵੰਬਰ 2022 ਨੂੰ ਸੀ. ਬੀ. ਡੀ. ਸੀ.ਦੀ ਥੋਕ ਵਰਤੋਂ ਦਾ ਐਕਸਪੈਰੀਮੈਂਟਲ ਟ੍ਰਾਇਲ ਸ਼ੁਰੂ ਕੀਤਾ ਸੀ।

ਖਬਰ ਮੁਤਾਬਕ ਉਂਝ ਇਸ ਡਿਜੀਟਲ ਕਰੰਸੀ ਦੀ ਵਰਤੋਂ ਸਿਰਫ਼ ਸਰਕਾਰੀ ਸਕਿਓਰਿਟੀਜ਼ ਵਿੱਚ ਸ਼ੇਅਰ ਲੈਣ-ਦੇਣ ਦੇ ਨਿਪਟਾਰੇ ਤੱਕ ਹੀ ਸੀਮਤ ਸੀ। ਕੇਂਦਰੀ ਬੈਂਕ ਹੁਣ ਇੰਟਰ ਬੈਂਕ ਲੋਨ ਬਾਜ਼ਾਰ ਵਿੱਚ ਕਦਮ ਰੱਖਣ ਦੀ ਯੋਜਨਾ ਬਣਾ ਰਿਹਾ ਹੈ। ਥੋਕ ਸੀ. ਬੀ. ਡੀ. ਸੀ. ਦਾ ਮਕਸਦ ਵੱਖ-ਵੱਖ ਤਕਨਾਲੋਜੀ ਨੂੰ ਅਜਮਾਉਣ ਦਾ ਰਿਹਾ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਆਮ ਬਜਟ 2022-23 ’ਚ ਸੀ. ਬੀ. ਡੀ. ਸੀ. ਨੂੰ ਲਿਆਉਣ ਦਾ ਐਲਾਨ ਕੀਤਾ ਸੀ। ਇਸ ਲਈ ਵਿੱਤੀ ਬਿੱਲ 2022 ਪਾਸ ਹੋਣ ਦੇ ਨਾਲ ਆਰ. ਬੀ. ਆਈ. ਐਕਟ, 1934 ਦੀ ਸਬੰਧਤ ਧਾਰਾ ’ਚ ਲੋੜੀਂਦੀਆਂ ਸੋਧਾਂ ਕੀਤੀਆਂ ਗਈਆਂ ਸਨ।

ਆਰ. ਬੀ. ਆਈ. ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਕੇਂਦਰੀ ਬੈਂਕ ਮਹਿੰਗਾਈ ਨੂੰ 4 ਫ਼ੀਸਦੀ ’ਤੇ ਲਿਆਉਣ ਲਈ ਵਚਨਬੱਧ ਹੈ। ਉਨ੍ਹਾਂ ਨੇ ਕਿਹਾ ਕਿ ਆਰ. ਬੀ. ਆਈ. ਜੋਖਮਾਂ ’ਤੇ ਨਜ਼ਰ ਰੱਖੇਗਾ, ਕਿਉਂਕਿ ਕੀਮਤਾਂ ਦੇ ਪ੍ਰਬੰਧਨ ’ਤੇ ਕਈ ਵਾਰ ਗਲੋਬਲ ਸਪਲਾਈ ਨਾਲ ਸਬੰਧਤ ਝਟਕੇ ਲੱਗ ਸਕਦੇ ਹਨ। ਦਾਸ ਨੇ ਦਿੱਲੀ ਸਕੂਲ ਆਫ ਇਕਨਾਮਿਕਸ ਵਿਚ ਇਕ ਬਿਆਨ ’ਚ ਕਿਹਾ ਕਿ ਕੇਂਦਰੀ ਬੈਂਕ ਇਹ ਯਕੀਨੀ ਬਣਾਉਣ ਲਈ ਚੌਕਸ ਹੈ ਕਿ ਮਹਿੰਗਾਈ ਦੇ ਸਬੰਧ ਵਿੱਚ ਇਕ ਘਟਨਾ ਦਾ ਦੂਜੀ ਘਟਨਾ ’ਤੇ ਅਤੇ ਅਜਿਹੇ ਹੀ ਹੌਲੀ-ਹੌਲੀ ਪ੍ਰਭਾਵ (ਸੈਕੇਂਡ ਆਰਡਰ ਇਫੈਕਟ) ਨਾ ਪੈ ਸਕਣ। ਸਰਕਾਰ ਨੇ ਕੇਂਦਰੀ ਬੈਂਕ ਨੂੰ ਮਹਿੰਗਾਈ ਨੂੰ 4 ਫ਼ੀਸਦੀ ’ਤੇ ਰੱਖਣ ਦੀ ਜ਼ਿੰਮੇਵਾਰੀ ਸੌਂਪੀ ਹੈ, ਜਿਸ ’ਚ ਉੱਪਰ-ਹੇਠਾਂ ਵੱਲ 2 ਫ਼ੀਸਦੀ ਤੱਕ ਘੱਟ-ਵੱਧ ਹੋ ਸਕਦੀ ਹੈ।

ਗਵਰਨਰ ਨੇ ਕਿਹਾ ਕਿ ਵਾਰ-ਵਾਰ ਖਾਣ ਵਾਲੇ ਪਦਾਰਥਾਂ ਦੀਆਂ ਕੀਮਤਾਂ ਦਾ ਝਟਕਾ ਲੱਗਣ ਦੀਆਂ ਘਟਨਾਵਾਂ ਮਹਿੰਗਾਈ ਦੇ ਸਥਿਰ ਹੋਣ ’ਚ ਜੋਖਮ ਪੈਦਾ ਕਰਦੀਆਂ ਹਨ। ਅਜਿਹਾ ਫਰਵਰੀ 2022 ਤੋਂ ਚੱਲ ਰਿਹਾ ਹੈ। ਅਸੀਂ ਇਸ ਪਹਿਲੂ ’ਤੇ ਵੀ ਨਜ਼ਰ ਰੱਖਾਂਗੇ। ਉਨ੍ਹਾਂ ਨੇ ਕਿਹਾ ਕਿ ਖਾਣ ਵਾਲੀਆਂ ਵਸਤਾਂ ਦੀ ਮਹਿੰਗਾਈ ਦੀ ਗੰਭੀਰਤਾ ਅਤੇ ਮਿਆਦ ਨੂੰ ਸੀਮਤ ਕਰਨ ’ਚ ਸਰਕਾਰ ਵਲੋਂ ਲਗਾਤਾਰ ਅਤੇ ਸਮੇਂ ਸਿਰ ਕੀਤੇ ਗਏ ਸਪਲਾਈ ਪੱਖ ਦੇ ਦਖਲ ਅਹਿਮ ਹੈ। ਦਾਸ ਨੇ ਕਈ ਸਮਾਂ ਹੱਦ ਦੱਸੇ ਬਿਨਾਂ ਕਿਹਾ ਕਿ ਅਸੀਂ ਮਹਿੰਗਾਈ ਨੂੰ 4 ਫ਼ੀਸਦੀ ਦੇ ਟੀਚੇ ’ਤੇ ਲਿਆਉਣ ਲਈ ਮਜ਼ਬੂਤੀ ਨਾਲ ਧਿਆਨ ਕੇਂਦਰਿਤ ਕਰ ਰਹੇ ਹਾਂ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸਬਜ਼ੀਆਂ ਦੀਆਂ ਕੀਮਤਾਂ ਕਾਰਨ ਜੁਲਾਈ ’ਚ ਮਹਿੰਗਾਈ 7.4 ਫ਼ੀਸਦੀ ’ਤੇ ਪੁੱਜ ਗਈ ਸੀ ਪਰ ਹੁਣ ਇਹ ਘਟਣ ਲੱਗੀ ਹੈ।

Add a Comment

Your email address will not be published. Required fields are marked *