ਗੁਰੂ ਘਰ ‘ਚ ਹੋਏ ਘਪਲੇ ‘ਤੇ ਸਖ਼ਤ ਹੋਈ SGPC, 3 ਅਧਿਕਾਰੀ ਸਸਪੈਂਡ

ਅੰਮ੍ਰਿਤਸਰ : ਸ੍ਰੀ ਗੁਰੂ ਰਾਮਦਾਸ ਲੰਗਰ ਹਾਲ ਵਿਖੇ ਸੁੱਕੀਆਂ ਰੋਟੀਆਂ ਤੇ ਜੂਠ ਦੇ ਮਾਮਲੇ ਵਿਚ ਹੋਏ ਘਪਲੇ ਨੇ ਨਵਾਂ ਮੋੜ ਲੈ ਲਿਆ ਹੈ ਜਿਸ ਵਿਚ ਕਈ ਉੱਚ ਅਹੁਦਿਆਂ ‘ਤੇ ਬੈਠੇ ਅਧਿਕਾਰੀ ਵੀ ਸ਼ਾਮਲ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਪੰਜ ਮੈਂਬਰੀ ਕਮੇਟੀ ਬਣਾਈ ਗਈ ਸੀ ਜਿਸ ਦੇ ਅਨੁਸਾਰ ਪਿਛਲੀ ਸਾਰੀ ਕਾਰਵਾਈ ਕੀਤੀ ਗਈ ਸੀ, ਪਰ ਇਸ ਕਮੇਟੀ ਵਿਚ ਸ਼ਾਮਲ ਕੀਤੇ ਗਏ ਛੇਵੇਂ ਮੈਂਬਰ ਜੋਧ ਸਿੰਘ ਸਮਰਾ ਜੋ ਕੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਵੀ ਹਨ, ਵੱਲੋਂ ਇਸ ਮਸਲੇ ਦੀ ਜਾਂਚ ਕਰਦਿਆਂ ਬਹੁਤ ਵੱਡੇ ਖੁਲਾਸੇ ਕਿਤੇ ਗਏ ਹਨ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਗਜ਼ੈਕਿਟਵ ਕਮੇਟੀ ਦੀ ਹੋਈ ਮੀਟਿੰਗ ਵਿਚ 12 ਦੇ ਕਰੀਬ ਹੋਰ ਅਧਿਕਾਰੀ ਬਹਾਲ ਕੀਤੇ ਗਏ ਹਨ ਜਿਨ੍ਹਾਂ ਵਿਚ ਸਰਾਵਾਂ ਦੇ ਮੈਨੇਜਰ ਗੁਰਪ੍ਰੀਤ ਸਿੰਘ, ਗੁਰਦੁਆਰਾ ਸ਼ਹੀਦਾਂ ਦੇ ਮੇਨੈਜਰ ਹਰਪ੍ਰੀਤ ਸਿੰਘ ਤੋਂ ਇਲਾਵਾ ਇੰਸਪੈਕਟਰ ਤੇ ਸਟੋਰ ਕੀਪਰ ਵੀ ਸ਼ਾਮਲ ਹਨ। ਇਸ ਤੋਂ ਇਲਾਵਾ 3 ਅਧਿਕਾਰੀਆਂ ਨੂੰ ਸਸਪੈਂਡ ਕੀਤਾ ਗਿਆ ਹੈ। ਸਸਪੈਂਡ ਕੀਤੇ ਗਏ ਤਿੰਨ ਅਧਿਕਾਰੀਆਂ ਵਿਚ ਰਜਵੰਤ ਸਿੰਘ, ਤਰਸੇਮ ਸਿੰਘ ਅਤੇ ਗੁਰਵਿੰਦਰ ਸਿੰਘ ਤਲਵੰਡੀ ਦੇ ਨਾਲ-ਨਾਲ 4 ਅਧਿਕਾਰੀਆਂ ਨੂੰ ਚਾਰਜ ਸ਼ੀਟ ਵੀ ਕੀਤਾ ਗਿਆ ਹੈ।

ਜਾਣਕਾਰੀ ਮੁਤਾਬਕ ਇਸ ਕਮੇਟੀ ਦੇ ਮੁੱਖ ਮੈਂਬਰ ਜੋਧ ਸਿੰਘ ਸਮਰਾ ਦੀ ਨਿਗਰਾਨੀ ਹੇਠ ਪਿਛਲੇ ਦਿਨੀਂ ਸਬ ਕਮੇਟੀ ਦੀ ਹੋਈ ਮੀਟਿੰਗ ਵਿਚ ਪੇਸ਼ ਹੋਏ ਸਟੋਰਕੀਪਰ ਭੁਪਿੰਦਰ ਸਿੰਘ ਜਿਸ ਨੂੰ ਇਸ ਮਾਮਲੇ ਵਿਚ ਮੁੱਖ ਦੋਸ਼ੀ ਕਿਹਾ ਜਾਂਦਾ ਸੀ, ਨੇ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ਇਸ ਮਾਮਲੇ ਵਿਚ ਕਿਹੜਾ-ਕਿਹੜਾ ਹਿੱਸੇਦਾਰ ਬਣਿਆ ਹੋਇਆ ਸੀ। ਉਸ ਤੋਂ ਇਹ ਵੀ ਪਤਾ ਲੱਗਾ ਹੈ ਕਿ ਇਸ ਸਬੰਧੀ ਆਪਣਾ ਮੂੰਹ ਨਾ ਖੋਲ੍ਹਣ ‘ਤੇ ਉਸ ਨੂੰ ਬਦਲੀ ਕਰਨ ਦੀਆਂ ਧਮਕੀਆਂ ਲਗਾਈਆਂ ਜਾਂਦੀਆਂ ਸਨ। ਉਸ ਤੋਂ ਇਹ ਵੀ ਪਤਾ ਲੱਗਾ ਹੈ ਕਿ ਕਿਸ ਕਿਸ ਅਧਿਕਾਰੀ ਦੇ ਹਿੱਸੇ ਕਿੰਨੇ ਪੈਸੇ ਆਏ ਤੇ ਕਿਸ ਕਿਸ ਨੂੰ ਗੂਗਲ ਪੇ ਰਾਹੀਂ ਪੈਸੇ ਜਾਂਦੇ ਸਨ। ਇਸ ਦੀ ਪੂਰੀ ਜਾਂਚ ਕਰਦਿਆ ਅੱਜ ਅਗਜ਼ੈਕਟਿਵ ਕਮੇਟੀ ਦੀ ਹੋਈ ਮੀਟਿੰਗ ਵਿਚ ਇਸ ‘ਤੇ ਮੋਹਰ ਲਗਾਈ ਗਈ ਹੈ। 

ਇਹ ਵੀ ਪਤਾ ਲੱਗਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਇਸ ਮਾਮਲੇ ਵਿਚ ਸਕੱਤਰ ਅਤੇ ਮੈਨੇਜਰਾਂ ਦੇ ਨਾਂ ਵੀ ਸਾਹਮਣੇ ਆ ਸਕਦੇ ਹਨ। ਇਸ ਮਾਮਲੇ ਵਿਚ ਸ਼ਾਮਲ ਕਸੂਰਵਾਰਾਂ ਤੋਂ ਇਕ ਲੱਖ ਜੁਰਮਾਨਾ ਤੇ 6-6 ਲੱਖ ਰੁਪਏ ਦੀ ਰਕਮ ਵਸੂਲੀ ਜਾਵੇਗੀ। ਜਿਸ ਨਾਲ ਇਸ ਘਪਲੇ ਦਾ ਹਰਜਾਨਾ ਪੂਰਾ ਕਰਦੇ ਹੋਏ ਗੁਰੂ ਘਰ ਦਾ ਪੈਸਾ ਮੁੜ ਵਾਪਸ ਜਮਾ ਹੋਵੇਗਾ।

 

Add a Comment

Your email address will not be published. Required fields are marked *