ਦਸੂਹਾ ’ਚ ਰੇਡ ਕਰਨ ਗਈ ਪੰਜਾਬ ਪੁਲਸ ਦੀ ਟੀਮ ’ਤੇ ਹਮਲਾ

ਦਸੂਹਾ : ਅੱਜ ਤੜਕਸਾਰ ਪਿੰਡ ਮੇਵਾ ਮਿਆਣੀ ਮਨਿਆਦੀਆਂ ਵਿਖੇ ਡੀ. ਐੱਸ. ਪੀ ਦਸੂਹਾ ਜਗਦੀਸ਼ ਰਾਜ ਅੱਤਰੀ ਅਤੇ ਐੱਸ. ਐੱਚ. ਓ. ਹਰਪ੍ਰੇਮ ਸਿੰਘ ਵੱਲੋਂ ਸੂਚਨਾ ਦੇ ਆਧਾਰ ’ਤੇ ਸਮੱਗਲਰ ਸੁੱਚਾ ਸਿੰਘ ਪੁੱਤਰ ਅਵਤਾਰ ਸਿੰਘ ਦੇ ਘਰ ਰੇਡ ਕੀਤੀ ਗਈ। ਪਤਾ ਲੱਗਾ ਹੈ ਕਿ ਸਮੱਗਲਰ ਸੁੱਚਾ ਸਿੰਘ ਨੇ ਪੁਲਸ ਪਾਰਟੀ ’ਤੇ ਹਮਲਾ ਕਰ ਦਿੱਤਾ ਸਿੱਟੇ ਵਜੋਂ ਦਰਵਾਜ਼ੇ ਨਜ਼ਦੀਕ ਪਹੁੰਚੇ ਏ.ਐੱਸ.ਆਈ ਸਤਨਾਮ ਸਿੰਘ ਦੇ ਸਿਰ ’ਤੇ ਕਹੀ ਮਾਰੀ ਅਤੇ ਉਸਨੂੰ ਗੰਭੀਰ ਜ਼ਖਮੀ ਕਰ ਦਿੱਤਾ। ਇਸ ਦੌਰਾਨ ਸਿਪਾਹੀ ਗੁਰਿੰਦਰ ਸਿੰਘ ਵੀ ਜ਼ਖਮੀ ਹੋ ਗਿਆ। ਇਸ ਮੌਕੇ ਪੁਲਸ ਵੱਲੋਂ ਆਪਣੇ ਬਚਾਅ ਲਈ ਫਾਇਰਿੰਗ ਵੀ ਕੀਤੀ ਗਈ। ਸਮੱਗਲਰ ਵੱਲੋਂ ਕੀਤੇ ਗਏ ਇਸ ਹਮਲੇ ਦੌਰਾਨ ਤੇ ਹੋਈ ਫਾਇਰਿੰਗ ਦੌਰਾਨ ਸੁੱਚਾ ਸਿੰਘ ਸਮੱਗਲਰ ਦੀ ਗੋਲ਼ੀ ਲੱਗਣ ਨਾਲ ਮੌਤ ਹੋ ਗਈ। 

ਪੁਲਸ ਵੱਲੋਂ ਗੰਭੀਰ ਜ਼ਖਮੀ ਹੋਏ ਏ.ਐੱਸ.ਆਈ. ਸਤਨਾਮ ਸਿੰਘ ਅਤੇ ਕਾਂਸਟੇਬਲ ਗੁਰਵਿੰਦਰ ਸਿੰਘ ਨੂੰ ਸਿਵਲ ਹਸਪਤਾਲ ਦਸੂਹਾ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਮ੍ਰਿਤਕ ਸਮੱਗਲਰ ਸੁੱਚਾ ਸਿੰਘ ਦੀ ਲਾਸ਼ ਨੂੰ ਸਿਵਲ ਹਸਪਤਾਲ ਦਸੂਹਾ ਵਿਖੇ ਮੁਰਦਾ ਘਰ ਵਿਚ ਰੱਖ ਦਿੱਤਾ ਗਿਆ ਹੈ। ਇਸ ਮੌਕੇ ਐੱਸ.ਐੱਮ.ਓ ਡਾਕਟਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਦੋਵੇਂ ਪੁਲਸ ਮੁਲਾਜ਼ਮਾਂ ਦਾ ਇਲਾਜ ਚੱਲ ਰਿਹਾ ਹੈ ਜਦਕਿ ਮ੍ਰਿਤਕ ਸੁੱਚਾ ਸਿੰਘ ਦੀ ਲਾਸ਼ ਸਿਵਲ ਹਸਪਤਾਲ ਦਸੂਹਾ ਵਿਖੇ ਮੋਰਚਰੀ ਵਿਚ ਪਈ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਸ ਦੇ ਉੱਚ ਅਧਿਕਾਰੀ ਵੀ ਪਹੁੰਚ ਗਏ ਅਤੇ ਉਨ੍ਹਾਂ ਨੇ ਇਸ ਘਟਨਾ ਸਬੰਧੀ ਸਥਿਤੀ ਦਾ ਜਾਇਜ਼ਾ ਲਿਆ। ਇਸ ਘਟਨਾ ਸਬੰਧੀ ਪੁਲਸ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।

Add a Comment

Your email address will not be published. Required fields are marked *