ਭਾਰਤੀ ਫੁੱਟਬਾਲ ਟੀਮ ਦੇ ਕਪਤਾਨ ਸੁਨੀਲ ਛੇਤਰੀ ਬਣੇ ਪਿਤਾ

 ਰੱਖੜੀ ਦਾ ਤਿਉਹਾਰ ਭਾਰਤੀ ਰਾਸ਼ਟਰੀ ਫੁੱਟਬਾਲ ਟੀਮ ਦੇ ਕਪਤਾਨ ਸੁਨੀਲ ਛੇਤਰੀ ਦੇ ਘਰ ਖੁਸ਼ੀਆਂ ਦਾ ਸੌਗਾਤ ਲੈ ਕੇ ਆਇਆ ਹੈ। ਭਾਰਤੀ ਕਪਤਾਨ ਦੇ ਘਰ ਬੇਟੇ ਨੇ ਜਨਮ ਲਿਆ ਹੈ। ਉਨ੍ਹਾਂ ਦੀ ਪਤਨੀ ਸੋਨਮ ਭੱਟਾਚਾਰੀਆ ਨੇ ਬੇਟੇ ਨੂੰ ਜਨਮ ਦਿੱਤਾ ਹੈ। ਸੁਨੀਲ ਤੇ ਉਨ੍ਹਾਂ ਦੀ ਪਤਨੀ ਤੋਂ ਇਲਾਵਾ ਪ੍ਰਸ਼ੰਸਕਾਂ ਲਈ ਵੀ ਇਹ ਖੁਸ਼ੀ ਦੀ ਗੱਲ ਹੈ। ਪਰਿਵਾਰਕ ਸੂਤਰਾਂ ਅਤੇ ਮੀਡੀਆ ਰਿਪੋਰਟਾਂ ਦੇ ਅਨੁਸਾਰ ਸੋਨਮ ਇਸ ਸਮੇਂ ਬੈਂਗਲੁਰੂ ਦੇ ਇਕ ਨਰਸਿੰਗ ਹੋਮ ਵਿੱਚ ਹੈ।

ਦੱਸਿਆ ਜਾ ਰਿਹਾ ਹੈ ਕਿ ਮਾਂ ਅਤੇ ਬੱਚਾ ਦੋਵੇਂ ਤੰਦਰੁਸਤ ਹਨ। ਸੋਨਮ ਨੇ ਬੁੱਧਵਾਰ ਸਵੇਰੇ 11:11 ਵਜੇ ਬੇਟੇ ਨੂੰ ਜਨਮ ਦਿੱਤਾ। ਦਿਲਚਸਪ ਗੱਲ ਇਹ ਹੈ ਕਿ ਸੁਨੀਲ ਨੇ ਸੋਸ਼ਲ ਮੀਡੀਆ ‘ਤੇ ਕੋਈ ਵੀ ਅਪਡੇਟ ਸ਼ੇਅਰ ਨਹੀਂ ਕੀਤੀ ਹੈ। ਇਸ ਖੁਸ਼ੀ ਦੇ ਮੌਕੇ ‘ਤੇ ‘ਕੈਪਟਨ-ਫੈਂਟਾਸਟਿਕ’ ਅਤੇ ਉਨ੍ਹਾਂ ਦੀ ਪਤਨੀ ਨੂੰ ਵਧਾਈਆਂ ਅਤੇ ਸ਼ੁੱਭਕਾਮਨਾਵਾਂ ਮਿਲ ਰਹੀਆਂ ਹਨ। ਇਸ ਤੋਂ ਪਹਿਲਾਂ ਇਹ ਗੱਲ ਸਾਹਮਣੇ ਆਈ ਸੀ ਕਿ ਸੋਨਮ ਸਤੰਬਰ ਦੇ ਅੱਧ ‘ਚ ਬੱਚੇ ਨੂੰ ਜਨਮ ਦੇ ਸਕਦੀ ਹੈ। ਅਜਿਹੇ ‘ਚ ਸੁਨੀਲ ਛੇਤਰੀ ਨੇ ਥਾਈਲੈਂਡ ‘ਚ ਹੋਣ ਵਾਲੇ ਕਿੰਗਜ਼ ਕੱਪ ਲਈ ਭਾਰਤੀ ਟੀਮ ਤੋਂ ਆਪਣਾ ਨਾਂ ਵਾਪਸ ਲੈ ਲਿਆ ਸੀ।

ਪਿਛਲਾ ਕੁਝ ਸਮਾਂ ਛੇਤਰੀ ਲਈ ਕਾਫੀ ਚੰਗਾ ਰਿਹਾ ਹੈ। ਉਨ੍ਹਾਂ ਭਾਰਤ ਲਈ ਸੈਫ ਚੈਂਪੀਅਨਸ਼ਿਪ ‘ਚ ਜਿੱਤ ਦਰਜ ਕੀਤੀ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਗੋਲਡਨ ਬੂਟ ਅਤੇ ਗੋਲਡਨ ਬਾਲ ਵੀ ਜਿੱਤੀ ਸੀ। ਇਸ ਤੋਂ ਬਾਅਦ ਉਹ ਆਪਣੇ ਪਰਿਵਾਰ ਦੇ ਨਾਲ ਰਹਿ ਸਨ। ਛੇਤਰੀ ਨੇ ਡੁਰੰਡ ਕੱਪ ‘ਚ ਵੀ ਹਿੱਸਾ ਨਹੀਂ ਲਿਆ ਸੀ। ਸਤੰਬਰ ‘ਚ ਥਾਈਲੈਂਡ ਵਿੱਚ ਹੋਣ ਵਾਲੇ ਕਿੰਗਜ਼ ਕੱਪ ਤੋਂ ਵੀ ਛੇਤਰੀ ਨੂੰ ਆਰਾਮ ਦਿੱਤਾ ਗਿਆ ਹੈ। ਮੁੱਖ ਕੋਚ ਇਗੋਰ ਸਟੀਮੈਕ ਨੇ ਉਨ੍ਹਾਂ ਨੂੰ ਆਪਣੇ ਪਰਿਵਾਰ ਨਾਲ ਸਮਾਂ ਬਿਤਾਉਣ ਦੀ ਇਜਾਜ਼ਤ ਦਿੱਤੀ ਹੈ। ਛੇਤਰੀ ਏਸ਼ਿਆਈ ਖੇਡਾਂ ਤੋਂ ਟੀਮ ਇੰਡੀਆ ਲਈ ਵਾਪਸੀ ਕਰ ਸਕਦੇ ਹਨ। ਉਹ 9 ਸਾਲ ਬਾਅਦ ਇਨ੍ਹਾਂ ਖੇਡਾਂ ਵਿੱਚ ਟੀਮ ਦੀ ਅਗਵਾਈ ਕਰਨ ਜਾ ਰਹੇ ਹਨ।

Add a Comment

Your email address will not be published. Required fields are marked *